ਮੋਗਾ ਪੁਲਿਸ ਵੱਲੋਂ ਸੁੱਖਾ ਲੰਮੇ ਗਰੁੱਪ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਕਾਬੂ

0
4

ਮੋਗਾ ਪੁਲਿਸ ਵੱਲੋਂ ਸੁੱਖਾ ਲੰਮੇ ਗਰੁੱਪ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਕਾਬੂ

ਮੋਗਾ | ਮੋਗਾ ਪੁਲਿਸ ਨੇ ਗੈਂਗਸਟਰ ਸੁੱਖਾ ਲੰਮੇ ਗਰੁੱਪ ਨਾਲ ਜੁੜੇ 2 ਸ਼ਾਰਪ ਸ਼ੂਟਰਾਂ ਰੇਸ਼ਮ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਮੁਹੱਲਾ ਪੰਡੋਰੀ, ਸੁਲਤਾਨਪੁਰ ਲੋਧੀ, ਜਿਲਾ ਕਪੂਰਥਲਾ ਅਤੇ ਸਾਹਿਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਸੂਰਤ ਨਗਰ, ਮਕਸੂਦਾਂ ਰੋਡ, ਜਲੰਧਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ

ਇੰਚਾਰਜ ਸੀ.ਆਈ.ਏ. ਇੰਸਪੈਕਟਰ ਕਿੱਕਰ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਮਹਿਣਾ-ਭਾਗਵਾਨ ਰੋਡ ‘ਤੇ ਪੁੱਲ ਡਰੇਨ ’ਤੇ ਇਕ ਨਾਕੇ ਦੌਰਾਨ ਇਕ ਦੇਸੀ 32 ਬੋਰ ਦੀ ਪਿਸਤੌਲ ਸਮੇਤ 4 ਕਾਰਤੂਸ, ਇਕ 315 ਬੋਰ ਦੇਸੀ ਪਿਸਤੌਲ ਸਮੇਤ 4 ਕਾਰਤੂਸ, ਇਕ ਦੇਸੀ 12 ਬੋਰ ਪਿਸਤੌਲ ਸਮੇਤ 7 ਕਾਰਤੂਸ ਅਤੇ 1100 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਜਿਸ ਸਬੰਧੀ 22-61-85 ਐਨਡੀਪੀਐਸ ਐਕਟ ਅਤੇ 25-54-59 ਆਰਮ ਐਕਟ, ਪੁਲਿਸ ਸਟੇਸ਼ਨ ਮਹਿਣਾ ਵਿਖੇ ਦਰਜ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਦੋਸ਼ੀ ਰੇਸ਼ਮ ਸਿੰਘ ਨੇ ਕਬੂਲ ਕੀਤਾ ਹੈ ਕਿ ਉਹ ਹੈਦਰਾਬਾਦ ਵਿਖੇ ਇੱਕ ਨਾਈ ਦੀ ਨੌਕਰੀ ਕਰਦਾ ਸੀ। ਉਥੇ ਉਹ ਕਨੇਡਾ ਵਾਸੀ ਪ੍ਰਭ ਨਾਲ ਸੰਪਰਕ ਵਿੱਚ ਆਇਆ ਜੋ ਕਿ ਸੁੱਖਾ ਲੰਮੇ ਗਰੁੱਪ ਦੇ ਇੱਕ ਖਾਸ ਪਰਮਿੰਦਰ ਸਿੰਘ ਵਾਸੀ ਸ਼ਮਸ਼ਾਬਾਦ ਤਹਿਸੀਲ ਫਿਲੌਰ, ਜੋ ਹੁਣ ਇਟਲੀ ਵਿੱਚ ਹੈ, ਦੇ ਜ਼ਰੀਏ ਸੰਪਰਕ ਵਿਚ ਆਇਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਉਸਨੂੰ ਨਿਸ਼ਾਨਚੀ ਬਣਾ ਕੇ ਉਨਾਂ ਲਈ ਕੰਮ ਕਰਨ ਦਾ ਲਾਲਚ ਦਿੱਤਾ ਅਤੇ ਕਿਹਾ ਕਿ ਇਸ ਲਈ ਉਸਨੂੰ ਭੁਗਤਾਨ ਕੀਤਾ ਜਾਵੇਗਾ। ਜਦੋਂ ਉਨਾਂ ਦੀ ਪੇਸ਼ਕਸ਼ ਨਾਲ ਸਹਿਮਤ ਹੋ ਗਏ ਤਾਂ ਉਨਾਂ ਨੇ ਵੈਸਟਰਨ ਯੂਨੀਅਨ ਟ੍ਰਾਂਸਫਰ ਦੇ ਜ਼ਰੀਏ ਉਸਨੂੰ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ।

ਹੁਣ ਤੱਕ ਉਸਨੂੰ ਵਿਦੇਸ਼ਾਂ ਤੋਂ ਕੀਤੇ 90,000 ਰੁਪਏ ਦੇ 3 ਟ੍ਰਾਂਜੈਕਸ਼ਨ ਮਿਲ ਚੁੱਕੇ ਸਨ। ਉਹ ਹੈਦਰਾਬਾਦ ਤੋਂ ਹਵਾਈ ਜਹਾਜ਼ ਰਾਹੀਂ ਪੰਜਾਬ ਆਇਆ ਸੀ (ਹਵਾਈ ਟਿਕਟ ਲਈ ਪੈਸੇ ਵੀ ਪ੍ਰਭ ਨੇ ਭੇਜੇ ਸਨ)। ਸੁਲਤਾਨਪੁਰ ਲੋਧੀ ਆ ਕੇ ਉਸਨੇ ਇੱਕ ਸਾਥੀ ਸਾਹਿਲ ਕੁਮਾਰ ਨੂੰ ਨਾਲ ਰਲਾ ਲਿਆ ਜੋ ਕਿ ਉਸਦਾ ਬਚਪਨ ਦਾ ਮਿੱਤਰ ਸੀ। ਫਿਰ ਉਨਾਂ ਨੂੰ ਪ੍ਰਭ ਅਤੇ ਉਸਦੇ ਗਰੁੱਪ ਦੁਆਰਾ 3 ਹਥਿਆਰ ਮੁਹੱਈਆ ਕੀਤੇ ਗਏ।

ਗਿਰੋਹ ਦਾ ਵਾਰਦਾਤ ਕਰਨ ਦਾ ਤਰੀਕਾ ਇਹ ਸੀ ਕਿ ਪਹਿਲਾਂ ਉਹ ਖਾਸ ਤੌਰ ’ਤੇ ਜਿਲਾ ਫਿਰੋਜ਼ਪੁਰ, ਫਰੀਦਕੋਟ, ਮੋਗਾ ਅਤੇ ਜਗਰਾਉਂ ਦੇ ਅਮੀਰ ਵਿਅਕਤੀਆਂ ਦੀ ਪਛਾਣ ਕਰਦੇ ਹਨ ਅਤੇ ਫਿਰ ਪ੍ਰਭ ਅਤੇ ਉਸਦੇ ਸਮੂਹ ਦੇ ਮੈਂਬਰ ਉਨਾਂ ਵਿਅਕਤੀਆਂ ਨੂੰ ਫ਼ੋਨ ‘ਤੇ ਧਮਕੀ ਦਿੰਦੇ ਸਨ ਅਤੇ ਉਨਾਂ ਨੂੰ ਬਖਸ਼ਣ ਬਦਲੇ ਫਿਰੌਤੀ ਦੀ ਮੰਗ ਕਰਦੇ ਸਨ। ਫਿਰੌਤੀ ਤੋਂ ਇਨਕਾਰ ਕਰਨ ਦੀ ਸੂਰਤ ਵਿਚ, ਇਹ ਸ਼ਾਰਪ ਸ਼ੂਟਰ ਉਨਾਂ ਵਿਅਕਤੀਆਂ ‘ਤੇ ਗੋਲੀਆਂ ਚਲਾਉਂਦੇ ਸਨ। ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਨਾਂ ਨੇ 31 ਦਸੰਬਰ ਨੂੰ ਤਲਵੰਡੀ ਭਾਈ ਵਿਖੇ ਇੱਕ ਮਨੀ ਐਕਸਚੇਂਜਰ ‘ਤੇ ਗੋਲੀਬਾਰੀ ਕੀਤੀ ਸੀ ਅਤੇ ਅੱਜ ਉਹ ਜਗਰਾਉਂ ਵਿਖੇ ਇੱਕ ਜੌਹਰੀ ਦੀ ਦੁਕਾਨ ’ਤੇ ਗੋਲੀਬਾਰੀ ਕਰਨ ਜਾ ਰਹੇ ਸਨ ਅਤੇ ਉਨਾਂ ਤਲਵੰਡੀ ਭਾਈ ਵਿਖੇ 2 ਹੋਰ ਗਹਿਣਿਆਂ ਵਾਲਿਆਂ ਦੀ ਰੇਕੀ ਕੀਤੀ ਹੋਈ ਸੀ। ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਤੱਥ ਸਾਹਮਣੇ ਆਉਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.