ਨਹੀਂ ਨਿਕਲਿਆ ਮੁੜ ਕੋਈ ਹਲ, ਚੌਥੇ ਦੌਰ ਦੀ ਮੀਟਿੰਗ ਵੀ ਬੇਸਿੱਟਾ, 9 ਦਸੰਬਰ ਨੂੰ ਮੁੜ ਹੋਏਗੀ ਮੀਟਿੰਗ

0
37

ਆਖਰੀ ਦੇ 20 ਮਿੰਟ ਕਿਸਾਨਾਂ ਨੇ ਕੁਝ ਵੀ ਬੋਲੇ , ਸਿਰਫ਼ ਦਿਖਾਏ ਪੋਸਟਰ, ‘ਹਾਂ ਜਾ ਫਿਰ ਨਾਂ’

ਦਿੱਲੀ/ਚੰਡੀਗੜ, (ਅਸ਼ਵਨੀ ਚਾਵਲਾ)। ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਪੰਜਵੇ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ। ਸ਼ਨੀਚਰਵਾਰ ਦੀ ਮੀਟਿੰਗ ਦੌਰਾਨ ਕੁਝ ਹਲ ਨਿਕਲਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ 4 ਘੰਟੇ 35 ਮਿੰਟ ਦੀ ਬੈਠਕ ਦੌਰਾਨ ਵੀ ਕੋਈ ਹੱਲ ਨਹੀਂ ਨਿਕਲਿਆ ਹੈ। ਮੀਟਿੰਗ ਖ਼ਤਮ ਕਰਨ ਤੋਂ ਪਹਿਲਾਂ ਕੇਂਦਰੀ ਮੰਤਰੀ ਨਰੇਂਦਰ ਤੋਮਰ ਨੇ ਗੱਲਬਾਤ ਦਾ ਦੌਰ ਖ਼ਤਮ ਨਾ ਕਰਨ ਦੀ ਅਪੀਲ ਕਰਦੇ ਹੋਏ ਇੱਕ ਹੋਰ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੈ ਤਾਂ ਕਿ ਇਸ ਸਾਰੇ ਮਾਮਲੇ ਨੂੰ ਖ਼ਤਮ ਕੀਤਾ ਜਾ ਸਕੇ। ਹੁਣ ਅਗਲੀ ਮੀਟਿੰਗ 9 ਦਸੰਬਰ ਨੂੰ ਹੋਏਗੀ।

ਜਿਸ ਕਾਰਨ ਦਿੱਲੀ ਵਿਖੇ ਇਹ ਅੰਦੋਲਨ ਹੁਣ 4 ਹੋਰ ਦਿਨ ਤੱਕ ਚੱਲੇਗਾ।  ਸਨਿੱਚਰਵਾਰ ਨੂੰ ਹੋਈ ਮੀਟਿੰਗ ਦੌਰਾਨ ਕਾਫ਼ੀ ਜਿਆਦਾ ਹੰਗਾਮਾ ਵੀ ਚਲਦਾ ਰਿਹਾ। ਕਿਸਾਨਾਂ ਨੂੰ ਸਮਝਾਉਣ ਲਈ ਕੇਂਦਰ ਸਰਕਾਰ ਦੇ ਅਧਿਕਾਰੀ ਅਤੇ ਮੰਤਰੀ ਪੂਰਾ ਜੋਰ ਲਾ ਰਹੇ ਸਨ ਤਾਂ ਕਿਸਾਨਾਂ ਵੱਲੋਂ ਇਸ ਮੁੱਦੇ ‘ਤੇ ਦੋ ਟੁੱਕ ਗੱਲਬਾਤ ਕਰਨ ਲਈ ਕਿਹਾ ਜਾ ਰਿਹਾ ਸੀ, ਜਿਸ ਵਿੱਚ ਤਿੰਨੇ ਖੇਤੀਬਾੜੀ ਕਾਨੂੰਨ ਵਾਪਸ ਲੈਣ ਜਾਂ ਫਿਰ ਨਹੀਂ ਲੈਣ ਬਾਰੇ ਹੀ ਪੁੱਛਿਆ ਜਾ ਰਿਹਾ ਸੀ।

ਇਸ ਗੱਲਬਾਤ ਦੌਰਾਨ ਕੇਂਦਰੀ ਮੰਤਰੀਆਂ ਨੂੰ ਜਦੋਂ ਕੁਝ ਸਮਝ ਨਹੀਂ ਆ ਰਿਹਾ ਸੀ ਤਾਂ ਉਹ ਵਾਰ ਵਾਰ ਮੀਟਿੰਗ ਤੋਂ ਉੱਠ ਕੇ ਬਾਹਰ ਜਾ ਰਹੇ ਸਨ ਤਾਂ ਕਿ ਖ਼ੁਦ ਤਿੰਨੇ ਮੰਤਰੀ ਆਪਸ ਵਿੱਚ ਮੀਟਿੰਗ ਕਰਨ ਦੇ ਨਾਲ ਹੀ ਬਾਕੀ ਦੇ ਸਹਿਯੋਗੀ ਕੇਂਦਰੀ ਮੰਤਰੀਆਂ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ ਜਾ ਸਕੇ। ਇਸ ਦੌਰਾਨ ਕੇਂਦਰੀ ਅਧਿਕਾਰੀਆਂ ਵੱਲੋਂ ਵੀ ਕਿਸਾਨਾਂ ਨੂੰ ਸਮਝਾਉਣ ਲਈ ਕਾਫ਼ੀ ਜਿਆਦਾ ਜੋਰ ਲਾਇਆ ਗਿਆ ਪਰ ਕਿਸਾਨਾਂ ਨੇ ਸਾਫ਼ ਕਹਿ ਦਿੱਤਾ ਕਿ ਉਹ ਵਾਰ ਵਾਰ ਜੋਰ ਨਾ ਪਾਉਣ ਕਿਉਂਕਿ ਇਸ ਮਸਲੇ ਦਾ ਇੱਕੋ ਇੱਕ ਹੱਲ ਹੈ ਕਿ ਸਰਕਾਰ ਖੇਤੀਬਾੜੀ ਵਾਲੇ ਤਿੰਨੇ ਕਾਨੂੰਨਾਂ ਨੂੰ ਵਾਪਸ ਲੈ ਲਵੇ ਪਰ ਮੰਤਰੀਆਂ ਵੱਲੋਂ ਇਨਾਂ ਕਾਨੂੰਨਾਂ ਵਿੱਚ ਹਰ ਤਰਾਂ ਦੀ ਸੋਧ ਕਰਨ ਦੀ ਗੱਲ ਆਖੀ ਜਾ ਰਹੀ ਸੀ।

ਮੀਟਿੰਗ ਦੌਰਾਨ ਕਾਫ਼ੀ ਲੰਮੀ ਗੱਲਬਾਤ ਹੋਣ ਤੋਂ ਕਿਸਾਨਾਂ ਨੇ ਬੋਲਣਾ ਹੀ ਬੰਦ ਕਰ ਦਿੱਤਾ ਅਤੇ ਮੌਨ ਧਾਰਨ ਕਰਦੇ ਹੋਏ ਆਪਣੇ ਕੋਲ ਪਏ ਕਾਗਜ਼ ‘ਤੇ ਲਿਖ ਕੇ ਸਾਹਮਣੇ ਪੋਸਟਰ ਲਾ ਦਿੱਤਾ ਕਿ ‘ਹਾਂ ਜਾ ਫਿਰ ਨਾਂ’। ਹਰ ਕਿਸਾਨ ਆਗੂ ਵਲੋਂ ਆਪਣੇ ਅੱਗੇ ਇਹ ਪੋਸਟਰ ਲਾਉਣ ਤੋਂ ਬਾਅਦ ਕੁਝ ਵੀ ਬੋਲਿਆ ਨਹੀਂ ਗਿਆ ਅਤੇ ਕੇਂਦਰੀ ਅਧਿਕਾਰੀਆਂ ਤੇ ਮੰਤਰੀ ਵਾਰ ਵਾਰ ਫਿਰ ਤੋਂ ਸਮਝਾਉਂਦੇ ਰਹੇ ਪਰ ਕਿਸਾਨਾਂ ਨੇ ਕੁਝ ਵੀ ਬੋਲਣ ਦੀ ਥਾਂ ‘ਤੇ ਪੋਸਟਰ ਹੀ ਦਿਖਾਏ। ਜਿਸ ਤੋਂ ਬਾਅਦ ਇਹ ਕਹਿ ਕੇ ਮੀਟਿੰਗ ਨੂੰ ਖ਼ਤਮ ਕਰ ਦਿੱਤਾ ਗਿਆ ਕਿ ਸਰਕਾਰ ਨੂੰ ਦੋ-ਤਿੰਨ ਦਿਨ ਦਾ ਸਮਾਂ ਹੋਰ ਚਾਹੀਦਾ ਹੈ, ਇਸ ਲਈ 9 ਦਸੰਬਰ ਨੂੰ ਮੁੜ ਤੋਂ ਮੀਟਿੰਗ ਕੀਤੀ ਜਾਏਗੀ, ਜਿਸ ਵਿੱਚ ਇਸ ਸਾਰੇ ਮਾਮਲੇ ਦਾ ਹਲ ਕੱਢਣ ਦੀ ਕੋਸ਼ਸ਼ ਕੀਤੀ ਜਾਏਗੀ।

ਕਿਸਾਨ ਆਗੂਆਂ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਮੰਤਰੀਆਂ ਨੇ ਉਨਾਂ ਵਾਅਦਾ ਕੀਤਾ ਕਿ 9 ਦਸੰਬਰ ਤੱਕ ਇਹ ਮਸਲੇ ਦਾ ਹਲ ਕੱਢ ਦਿੱਤਾ ਜਾਏਗਾ, ਇਸ ਲਈ ਉਨਾਂ ਨੂੰ ਸਮੇਂ ਦੀ ਜਰੂਰਤ ਹੈ। ਇਸ ਲਈ ਸਰਕਾਰ ਨੂੰ 9 ਦਸੰਬਰ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ 9 ਦਸੰਬਰ ਨੂੰ ਮੀਟਿੰਗ ਤੋਂ ਪਹਿਲਾਂ ਕੀਤੇ ਜਾਣ ਵਾਲੇ 8 ਦਸੰਬਰ ਨੂੰ ਭਾਰਤ ਬੰਦ ਦੇ ਐਲਾਨ ਨੂੰ ਵਾਪਸ ਲੈਣ ਲਈ ਮੰਤਰੀਆਂ ਵਲੋਂ ਅਪੀਲ ਕੀਤੀ ਗਈ ਸੀ ਪਰ ਉਹਨਾਂ ਕਿਹਾ ਕਿ ਬੰਦ ਦਾ ਸੱਦਾ ਵਾਪਸ ਨਹੀਂ ਹੋਵੇਗਾ

ਬਜ਼ੁਰਗਾ ਤੇ ਬੱਚਿਆ ਨੂੰ ਭੇਜੋ ਵਾਪਸ, ਕਿਸਾਨਾਂ ਵਲੋਂ ਇਨਕਾਰ

ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਬਜ਼ੁਰਗਾ ਅਤੇ ਬੱਚਿਆ ਨੂੰ ਘਰ ਭੇਜ ਦੇਣ, ਕਿਉਂਕਿ ਇਸ ਸਮੇਂ ਠੰਢ ਦਾ ਮੌਸਮ ਹੋਣ ਦੇ ਨਾਲ ਹੀ ਕੋਰੋਨਾ ਦੀ ਮਹਾਂਮਾਰੀ ਵੀ ਚਲ ਰਹੀ ਹੈ, ਇਸ ਵਿੱਚ ਉਨਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੀ ਇਸ ਅਪੀਲ ਨੂੰ ਕਿਸਾਨ ਆਗੂਆਂ ਨੇ ਰੱਦ ਕਰਦਿਆ ਕਿਹਾ ਕਿ ਉਹ ਇਸ ਤਰਾਂ ਦੀ ਕੋਈ ਵੀ ਅਪੀਲ ਪ੍ਰਵਾਨ ਨਹੀਂ ਕਰਨਗੇ। ਇਥੇ ਹੀ ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਇਥੇ ਠੰਢ ਕਿਥੇ ਹੈ, ਇਥੇ ਤਾਂ ਗਰਮੀ ਹੀ ਬਹੁਤ ਜਿਆਦਾ ਪੈ ਰਹੀ ਹੈ ਤਾਂ ਹੀ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਪਸੀਨੇ ਆ ਰਹੇ ਹਨ। ਜਿਸ ਕਾਰਨ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਣਗੇ।

ਕੇਂਦਰੀ ਮੰਤਰੀਆਂ ਨੇ 4 ਵਾਰ ਕੀਤੀ ਵੱਖਰੀ ਮੀਟਿੰਗ

ਕਿਸਾਨ ਆਗੂਆਂ ਨਾਲ ਵਿਗਿਆਨ ਭਵਨ ਵਿਖੇ ਚੱਲ ਰਹੀ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ, ਪੀਊਸ ਗੋਇਲ ਅਤੇ ਸੋਮ ਪਰਕਾਸ਼ ਵਲੋਂ 4 ਵਾਰ ਮੀਟਿੰਗ ਵਿੱਚੋਂ ਉੱਠ ਕੇ ਵੱਖਰੇ ਤੌਰ ‘ਤੇ ਮੀਟਿੰਗ ਵੀ ਕੀਤੀ ਗਈ। ਮੀਟਿੰਗ ਵਿੱਚੋਂ ਜਾਣਕਾਰੀ ਮਿਲ ਰਹੀ ਸੀ ਕਿਸਾਨਾਂ ਅਤੇ ਮੰਤਰੀਆਂ ਵਿਚਕਾਰ ਚਲ ਰਹੀ ਗੱਲਬਾਤ ਦੌਰਾਨ ਕਈ ਇਹੋ ਜਿਹੇ ਮੁੱਦੇ ਸਨ, ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਬਹਿਸ ਵੀ ਹੋਈ ਤੇ ਉਸ ਸਬੰਧੀ ਵੱਖਰੇ ਤੌਰ ‘ਤੇ ਚਰਚਾ ਕਰਨ ਲਈ ਕੇਂਦਰੀ ਮੰਤਰੀਆਂ ਵਲੋਂ ਮੀਟਿੰਗ ਵਿੱਚ 4 ਵਾਰ ਉੱਠ ਕੇ ਹੋਰ ਕਮਰੇ ਵਿੱਚ ਗਏ ਸਨ ਜਿਥੇ ਉਨਾਂ ਵਲੋਂ 15-15 ਮਿੰਟ ਲੰਬੀ ਵੱਖਰੀ ਮੀਟਿੰਗ ਵੀ ਕੀਤੀ ਗਈ।

ਕਿਸਾਨਾਂ ਨੇ ਧਾਰਿਆਂ ਮੌਨ ਵਰਤ, ਕੁਰਸੀਆਂ ਖਿੱਚੀਆ ਪਿੱਛੇ

ਕੇਂਦਰੀ ਮੰਤਰੀ ਅਤੇ ਅਧਿਕਾਰੀ ਮੀਟਿੰਗ ਦੌਰਾਨ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੇ ਹੋਏ ਸਨ ਤਾਂ ਕਿਸਾਨ ਆਗੂਆਂ ਨੇ ਨਰਾਜ਼ ਹੋ ਕੇ ਮੌਨ ਧਾਰਦੇ ਹੋਏ ਆਪਣੀਆਂ ਕੁਰਸੀਆਂ ਨੂੰ ਟੇਬਲ ਤੋਂ 4-4 ਫੁੱਟ ਪਿੱਛੇ ਖਿੱਚ ਲਈਆਂ। ਇਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਪਿਛਲੀ ਕਈ ਮੀਟਿੰਗ ਦੌਰਾਨ ਇਹੋ ਹੀ ਕਹਿ ਰਹੇ ਹਨ ਕਿ ਕੇਂਦਰ ਇਨਾਂ ਕਾਨੂੰਨਾਂ ਵਾਪਸ ਲਏਗਾ ਜਾਂ ਨਹੀਂ। ਉਹ ਕੁਝ ਵੀ ਸੁਣਨ ਜਾਂ ਫਿਰ ਸਮਝਣ ਨੂੰ ਤਿਆਰ ਨਹੀਂ ਹਨ, ਇਨਾਂ ਕਾਨੂੰਨਾਂ ਨੂੰ ਵਾਪਸ ਹੀ ਲੈਣਾ ਪਏਗਾ ਪਰ ਕੇਂਦਰੀ ਮੰਤਰੀ ਅਤੇ ਅਧਿਕਾਰੀ ਕਿਸਾਨ ਆਗੂਆਂ ਨੂੰ ਸਮਝਾਉਣ ਵਿੱਚ ਲੱਗੇ ਹੋਏ ਸਨ, ਜਿਸ ਤੋਂ ਬਾਅਦ ਕਿਸਾਨਾਂ ਨੇ ਮੌਨ ਧਾਰਨ ਕਰ ਲਿਆ।

ਕੇਂਦਰੀ ਕੈਬਨਿਟ ‘ਚ ਹੋਏਗੀ ਚਰਚਾ, ਕੱਢਣਗੇ ਕੋਈ ਹੱਲ

ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਮੀਟਿੰਗ ਖ਼ਤਮ ਹੋਣ ਤੋਂ ਪਹਿਲਾਂ ਦੱਸਿਆ ਕਿ ਹੁਣ ਤੱਕ ਦੀਆ ਹੋਈ ਸਾਰੀ ਮੀਟਿੰਗਾਂ ਬਾਰੇ ਚਰਚਾ ਮੰਤਰੀ ਮੰਡਲ ‘ਚ ਕੀਤੀ ਜਾਏਗੀ। ਇਸ ਲਈ ਉਨਾਂ ਨੂੰ ਤਿੰਨ ਦਾ ਸਮਾਂ ਚਾਹੀਦਾ ਹੈ। ਕਿਸਾਨੀ ਤਿੰਨੇ ਖੇਤੀਬਾੜੀ ਐਕਟ ਵਾਪਸ ਕੀਤੇ ਜਾਣ ਫਿਰ ਨਹੀਂ, ਇਸ ਸਬੰਧੀ ਪੂਰੀ ਕੈਬਨਿਟ ਮੀਟਿੰਗ ਵਿੱਚ ਹੀ ਫੈਸਲਾ ਕੀਤਾ ਜਾਏਗਾ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.