ਵਾਰਤਾਲਾਪ ਦੀ ਕਲਾ ਰਾਹੀਂ ਵਿਅਕਤੀ ਸਫਲਤਾ ਪ੍ਰਾਪਤ ਕਰਦੈ

0
1

ਵਾਰਤਾਲਾਪ ਦੀ ਕਲਾ ਰਾਹੀਂ ਵਿਅਕਤੀ ਸਫਲਤਾ ਪ੍ਰਾਪਤ ਕਰਦੈ

ਸਾਡੀ ਸਮਾਜਿਕ ਹੈਸੀਅਤ ਬਣਾਉਣ ਵਿਚ ਸਾਡੀ ਜ਼ੁਬਾਨ, ਸਾਡੀ ਬੋਲੀ, ਸਾਡਾ ਗੱਲਬਾਤ ਕਰਨ ਦਾ ਢੰਗ, ਸਾਡੇ ਮੁਸਕਰਾਉਣ ਦਾ ਤਰੀਕਾ, ਸਾਡੀ ਜ਼ੁਬਾਨ ਦੇ ਉਤਰਾਅ-ਚੜ੍ਹਾਅ, ਸਾਡੀ ਸ਼ਬਦ ਚੋਣ ਅਤੇ ਸ਼ਬਦਾਂ ਦੇ ਉਚਾਰਣ ਦੇ ਢੰਗ ਦਾ ਅਹਿਮ ਰੋਲ ਹੁੰਦਾ ਹੈ। ਪ੍ਰਸੰਨਤਾ ਕਿਤੋਂ ਮੰਗਿਆਂ ਨਹੀਂ ਮਿਲਦੀ। ਇਹ ਤਾਂ ਕਮਾਉਣੀ ਪੈਂਦੀ ਹੈ। ਇਸ ਨੂੰ ਕਮਾਉਣ ਲਈ ਸਾਨੂੰ ਲੋਕ ਵਿਹਾਰ ਵਿਚ ਨਿਪੁੰਨ ਹੋਣਾ ਜ਼ਰੂਰੀ ਹੁੰਦਾ ਹੈ। ਸਮਾਜ ਵਿਚ ਪ੍ਰਸੰਸਾ ਅਤੇ ਪਿਆਰ ਪ੍ਰਾਪਤ ਕਰਨ ਦਾ ਵੱਡਾ ਹੁਨਰ ਗੱਲਬਾਤ ਕਰਨ ਦੀ ਕਲਾ ਵਿਚ ਸਮਾਇਆ ਹੁੰਦਾ ਹੈ। ਵਾਰਤਾਲਾਪ ਦੀ ਕਲਾ ਵਿਚ ਨਿਪੁੰਨ ਵਿਅਕਤੀ ਵੇਖਦੇ ਵੇਖਦੇ ਸਫਲਤਾ ਦੀਆਂ ਪੌੜੀਆਂ ਚੜ੍ਹ ਸਫਲਤਾ ਦੇ ਸਿਖਰ ਤੇ ਖੜ੍ਹੇ ਨਜ਼ਰ ਆਉਂਦੇ ਹਨ। ਇਹ ਅਜਿਹਾ ਹੁਨਰ ਹੈ ਜੋ ਹਰ ਪਲ ਅਤੇ ਹਰ ਖੇਤਰ ਵਿਚ ਲੋੜੀਂਦਾ ਹੈ।

ਕੀ ਤੁਸੀਂ ਦੂਜਿਆਂ ਦੀ ਪ੍ਰਸੰਸਾ ਕਰਨ ਵਿਚ ਕੰਜੂਸੀ ਤਾਂ ਨਹੀਂ ਵਰਤ ਰਹੇ। ਇਹ ਖਿਆਲ ਰੱਖਣਾ ਵੀ ਜ਼ਰੂਰੀ ਹੈ ਕਿ ਚਾਪਲੂਸੀ ਅਤੇ ਪ੍ਰਸੰਸਾ ਵਿਚ ਅੰਤਰ ਹੈ। ਚਾਪਲੂਸੀ ਕਿਸੇ ਮਕਸਦ ਨੂੰ ਲੈ ਕੇ ਅਤੇ ਵਧਾ-ਚੜ੍ਹਾ ਕੇ ਕੀਤੀ ਤਾਰੀਫ ਹੁੰਦੀ ਹੈ। ਇਸ ਤੋਂ ਬਚਣਾ ਚਾਹੀਦਾ ਹੈ। ਹਰ ਵਿਅਕਤੀ ਵਿਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ। ਉਸਨੂੰ ਪਛਾਣ ਕੇ ਖੁੱਲ੍ਹ ਦਿਲੀ ਨਾਲ ਉਸਦੀ ਪ੍ਰਸੰਸਾ ਕਰੋ। ਕਿਸੇ ਅਜਨਬੀ ਨਾਲ ਵੀ ਵਾਰਤਾਲਾਪ ਸ਼ੁਰੂ ਕਰਨ ਸਮੇਂ ਉਸਦੀ ਦਿੱਖ, ਕੱਪੜੇ, ਰੰਗ ਰੂਪ ਅਤੇ ਵਾਲਾਂ ਆਦਿ ਨੂੰ ਚੰਗੀ ਤਰ੍ਹਾਂ ਪਰਖੋ ਤੇ ਪ੍ਰਸੰਸਾਯੋਗ ਚੀਜ਼ ਦੀ ਪ੍ਰਸੰਸਾ ਕਰਨਾ ਨਾ ਭੁੱਲੋ।

ਬਹਿਸ ਵਿਚ ਜਿੱਤਣ ਦਾ ਇੱਕੋ-ਇੱਕ ਢੰਗ ਹੈ ਕਿ ਬਹਿਸ ਕੀਤੀ ਹੀ ਨਾ ਜਾਵੇ। ਸੰਵਾਦ ਰਚਾਓ ਵਿਵਾਦ ਨਹੀਂ। ਬਹਿਸ ਕਰਨ ਵਾਲੇ ਅਤੇ ਬਹਿਸ ਵਿਚ ਜਿੱਤ ਕੇ ਹਉਮੈ ਨੂੰ ਸੰਤੁਸ਼ਟ ਕਰਨ ਵਾਲੇ ਵਿਅਕਤੀ ਕਦੇ ਵੀ ਦੂਜਿਆਂ ਦੀ ਪ੍ਰਸੰਸਾ ਦੇ ਪਾਤਰ ਨਹੀਂ ਬਣ ਸਕਦੇ।
ਚੰਗਾ ਵਾਰਤਾਲਾਪਕਾਰ ਬਣਨ ਲਈ ਤੁਹਾਨੂੰ ਦੂਜਿਆਂ ਵਿਚ ਦਿਲਚਸਪੀ ਲੈਣੀ ਜ਼ਰੂਰੀ ਹੈ। ਜੋ ਵੀ ਵਿਅਕਤੀ ਤੁਹਾਨੂੰ ਗੱਲ ਸੁਣਾ ਰਿਹਾ ਹੈ, ਉਸਦੀ ਇੱਛਾ ਹੋਵੇਗੀ, ਤੁਸੀਂ ਉਸਦੀਆਂ ਗੱਲਾਂ ਧਿਆਨ ਅਤੇ ਦਿਲਚਸਪੀ ਨਾਲ ਸੁਣੋ। ਉਸਨੂੰ ਹੋਰ ਉਤਸ਼ਾਹਿਤ ਕਰਨ ਲਈ ਤੁਹਾਨੂੰ ਹੁੰਗਾਰਾ ਦੇਣਾ ਚਾਹੀਦਾ ਹੈ। ਚੰਗੀ ਗੱਲਬਾਤ ਦਾ ਹੁਨਰ ਜਾਨਣ ਵਾਲੇ ਲੋਕ ਨਾ ਸਿਰਫ ਬੋਲਣ ਵਾਲੇ ਦਾ ਹੁੰਗਾਰਾ ਭਰਦੇ ਹਨ, ਬਲਕਿ ਅੱਖਾਂ ਵਿਚ ਅੱਖਾਂ ਪਾ ਕੇ ਬੋਲਣ ਵਾਲੇ ਨੂੰ ਇਹ ਦਰਸਾਉਂਦੇ ਹਨ ਕਿ ਉਸਦੀਆਂ ਗੱਲਾਂ ਵਿਚ ਰੁਚੀ ਲਈ ਜਾ ਰਹੀ ਹੈ।

ਲੋਕ ਰੋਜ਼ਾਨਾ ਜ਼ਿੰਦਗੀ ਵਿਚ ਬਹੁਤਾ ਸਮਾਂ ਦੂਜਿਆਂ ਦੀ ਨਿੰਦਾ ਚੁਗਲੀ ਵਿਚ ਗੁਜ਼ਾਰ ਦਿੰਦੇ ਹਨ। ਜਦੋਂ ਕੋਈ ਵਾਰਤਾਲਾਪ ਦੌਰਾਨ ਨਿੰਦਾ ਕਰਦਾ ਹੈ ਤਾਂ ਉਹ ਨਿਸਚਿਤ ਤੌਰ ‘ਤੇ ਦੂਜਿਆਂ ਦੀ ਨਜ਼ਰ ਵਿਚ ਨੀਵਾਂ ਹੋ ਜਾਂਦਾ ਹੈ। ਜਦੋਂ ਕੋਈ ਗੈਰ-ਹਾਜ਼ਰ ਦੋਸਤ ਦੀ ਨਿੰਦਾ-ਚੁਗਲੀ ਕਰਦਾ ਹੈ ਤਾਂ ਸੁਣਨ ਵਾਲਾ ਸੋਚਦਾ ਹੈ ਕਿ ਕੱਲ੍ਹ ਇਸ ਤਰ੍ਹਾਂ ਕਿਸੇ ਹੋਰ ਕੋਲ ਇਹ ਮੇਰੀ ਚੁਗਲੀ ਵੀ ਕਰ ਸਕਦਾ ਹੈ।

ਨਿੰਦਾ ਚੁਗਲੀ ਦਾ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ, ਸਮੇਂ ਦਾ, ਦੋਸਤਾਂ ਦਾ ਅਤੇ ਸ਼ਖਸੀਅਤ ਦਾ ਵੀ।  ਤੁਹਾਡੀ ਜ਼ੁਬਾਨ ਵਿਚੋਂ ਬਾਣ ਨਹੀਂ ਬਾਣੀ ਨਿੱਕਲਣੀ ਚਾਹੀਦੀ ਹੈ। ਲੋਕਾਂ ਨਾਲ ਵਾਰਤਾਲਾਪ ਸਮੇਂ, ਭਾਵੇਂ ਤੁਸੀਂ ਉਨ੍ਹਾਂ ਨੂੰ ਪਸੰਦ ਨਾ ਵੀ ਕਰਦੇ ਹੋਵੋ, ਹਮੇਸ਼ਾ ਸ਼ਿਸ਼ਟਾਚਾਰ ਦਾ ਪੱਲਾ ਫੜੀ ਰੱਖਣਾ ਜ਼ਰੂਰੀ ਹੈ। ਵਿਅੰਗਾਤਮਕ ਤੇ ਚੁੱਭਵੇਂ ਸ਼ਬਦ ਨਹੀਂ ਵਰਤਣੇ ਚਾਹੀਦੇ। ਯਾਦ ਰੱਖੋ, ਅਜਿਹੇ ਇੱਕ ਸ਼ਬਦ ਨੇ ਮਹਾਂਭਾਰਤ ਕਰਵਾ ਦਿੱਤੀ ਸੀ। ਹਰ ਮਨੁੱਖ ਨੂੰ ਆਪਣਾ ਨਾਂਅ ਪਿਆਰਾ ਹੁੰਦਾ ਹੈ। ਹਰ ਮਨੁੱਖ ਸਤਿਕਾਰ ਚਾਹੁੰਦਾ ਹੈ। ਹਰ ਮਨੁੱਖ ਪਿਆਰ ਚਾਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਵਿਹਾਰ ਕਰਨ, ਉਸ ਤਰ੍ਹਾਂ ਦਾ ਵਿਹਾਰ ਤੁਸੀਂ ਲੋਕਾਂ ਨਾਲ ਕਰੋ। ਗੱਲਬਾਤ ਦੌਰਾਨ ਸਤਿਕਾਰ ਨਾਲ ਦੂਜੇ ਦਾ ਨਾਂਅ ਲੈਣਾ ਉਸਨੂੰ ਬਹੁਤ ਚੰਗਾ ਲੱਗਦਾ ਹੈ।

ਇੱਕ ਦਾਤ ਜੋ ਕੁਦਰਤ ਨੇ ਸਭ ਨੂੰ ਮੁਫਤ ਦਿੱਤੀ ਹੈ, ਜਿਸ ਵਿਚ ਜੱਗ ਜਿੱਤਣ ਦੀ ਸਮਰੱਥਾ ਹੈ, ਪਰ ਫਿਰ ਵੀ ਮਨੁੱਖ ਕੁਦਰਤ ਦੀ ਇਸ ਦਾਤ ਦਾ ਸਹੀ ਇਸਤੇਮਾਲ ਨਹੀਂ ਕਰਦਾ ਹੈ। ਸਭ ਨੂੰ ਮੁਸਕਰਾ ਕੇ ਮਿਲੋ। ਜਿੱਥੇ ਹੋ ਸਕੇ, ਮੁਸਕਰਾ ਕੇ ਆਪਣੀ ਗੱਲ ਤੇ ਨੁਕਤਾ ਸਪੱਸ਼ਟ ਕਰੋ। ਦੂਜੇ ਪਾਸੇ ਇਕ ਗੱਲ ਹੋਰ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਕੁਝ ਲੋਕ ਬਿਨਾਂ ਮਤਲਬ ਉੱਚੀ-ਉੱਚੀ ਹੱਸਦੇ ਹਨ ਅਤੇ ਘਸੇ-ਪੁਰਾਣੇ ਚੁਟਕਲੇ ਸੁਣਾ ਕੇ ਹਸਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵਿਅਕਤੀਆਂ ਨੂੰ ਗੰਭੀਰ ਕਿਸਮ ਦੀ ਵਾਰਤਾਲਾਪ ਦੌਰਾਨ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ।  ਗੱਲਬਾਤ ਦੌਰਾਨ ਜਦੋਂ ਕੋਈ ਵਿਅਕਤੀ ਬੋਲ ਰਿਹਾ ਹੋਵੇ,

ਉਨਾ ਚਿਰ ਉਸਨੂੰ ਠਰੰ੍ਹਮੇ ਅਤੇ ਧੀਰਜ ਨਾਲ ਸੁਣਨਾ ਚਾਹੀਦਾ ਹੈ। ਉਦੋਂ ਹੀ ਬੋਲਣਾ ਚਾਹੀਦਾ ਹੈ ਜਦੋਂ ਉਹ ਗੱਲ ਖਤਮ ਕਰ ਲਵੇ ਜਾਂ ਫਿਰ ਤੁਹਾਨੂੰ ਬੋਲਣ ਲਈ ਕਿਹਾ ਜਾਵੇ। ਦੂਜੇ ਦੀ ਗੱਲ ਨੂੰ ਵਿਚੋਂ ਕੱਟਣਾ ਸਮਾਜਿਕ ਵਿਹਾਰ ਤੇ ਵਤੀਰੇ ਦੇ ਖਿਲਾਫ ਮੰਨਿਆ ਜਾਂਦਾ ਹੈ। ਸ਼ਬਦਾਂ ਦੇ ਬਾਣ ਦਾ ਜ਼ਖਮ ਇੰਨਾ ਡੂੰਘਾ ਹੁੰਦਾ ਹੈ ਕਿ ਉਸਦਾ ਅਸਰ ਸਦੀਆਂ ਤੱਕ ਰਹਿੰਦਾ ਹੈ। ਕਦੇ ਵੀ ਕਿਸੇ ਮਨੁੱਖ ਦੀਆਂ ਧਾਰਮਿਕ ਭਾਵਨਾਵਾਂ ਨੂੰ ਜ਼ਖਮੀ ਕਰਨ ਵਾਲੇ ਸ਼ਬਦ ਮੂੰਹੋਂ ਨਹੀਂ ਕੱਢਣੇ ਚਾਹੀਦੇ ਅਤੇ ਨਾ ਹੀ ਕਿਸੇ ਮਨੁੱਖ ਦੇ ਸਰੀਰਕ ਅਪੰਗਤਾ ਉੱਤੇ ਵਿਅੰਗ ਕੱਸਣਾ ਚਾਹੀਦਾ ਹੈ।

ਸ਼ਬਦ ਪਿਆਰ, ਸ਼ਬਦ ਹਥਿਆਰ ਹੈ, ਸ਼ਬਦ ਯਾਰ ਹੈ ਪਰ ਜੇਕਰ ਸ਼ਬਦ ਸਹੀ ਨਹੀਂ ਤਾਂ ਇੱਕ ਅਜਿਹਾ ਤੀਰ ਹੈ ਜੋ ਸੀਨੇ ‘ਤੇ ਡੂੰਘੇ ਜ਼ਖਮ ਕਰ ਜਾਂਦਾ ਹੈ। ਉਹ ਜ਼ਖਮ ਜੋ ਦੁਸ਼ਮਣ ਪੈਦਾ ਕਰਦੇ ਹਨ, ਅਜਿਹੇ ਸ਼ਬਦਾਂ ਤੋਂ ਬਚਣਾ ਚਾਹੀਦਾ ਹੈ। ਡੇਲ ਕਾਰਨੇਗੀ ਲਿਖਦਾ ਹੈ ਕਿ ਤੁਹਾਡੀ ਬੋਲੀ ਅਤੇ ਸ਼ਬਦੀ-ਗਿਆਨ ਹੀ ਦੱਸ ਦਿੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਦੀ ਸੰਗਤ ਵਿਚ ਰਹੇ ਹੋ। ਸ਼ਬਦਾਂ ਦੀ ਚੋਣ ਅਤੇ ਸ਼ਬਦਾਂ ਦਾ ਉਚਾਰਨ ਤੁਹਾਡੀ ਸ਼ਖਸੀਅਤ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ

‘ਮੈਂ’ ਦਾ ਇਸਤੇਮਾਲ ਕਰਨ ਵਾਲਾ ਵਿਅਕਤੀ ਹਉਮੇ ਦਾ ਸ਼ਿਕਾਰ ਹੁੰਦਾ ਹੈ। ਲੋਕ ਉਸ ਤੋਂ ਪ੍ਰਭਾਵਿਤ ਹੋਣ ਦੀ ਬਜਾਏ ਉਸਨੂੰ ‘ਬੱਕਰੀ’ ਵਰਗੇ ਲਕਬ ਨਾਲ ਬੁਲਾਉਣਾ ਸ਼ੁਰੂ ਕਰ ਦਿੰਦੇ ਹਨ। ਸਮਾਜ ਵਿਚ ਪ੍ਰਸੰਸਾ ਅਤੇ ਪਿਆਰ ਪ੍ਰਾਪਤ ਕਰਨ ਦਾ ਵੱਡਾ ਹੁਨਰ ਗੱਲਬਾਤ ਕਰਨ ਦੀ ਕਲਾ ਵਿਚ ਸਮਾਇਆ ਹੁੰਦਾ ਹੈ। ਵਾਰਤਾਲਾਪ ਦੀ ਕਲਾ ਵਿਚ ਨਿਪੁੰਨ ਵਿਅਕਤੀ ਵੇਖਦੇ-ਵੇਖਦੇ ਸਫਲਤਾ ਦੀਆਂ ਪੌੜੀਆਂ ਚੜ੍ਹ ਸਫਲਤਾ ਦੇ ਸਿਖਰ ‘ਤੇ ਖੜ੍ਹੇ ਨਜ਼ਰ ਆਉਂਦੇ ਹਨ। ਇਹ ਅਜਿਹਾ ਹੁਨਰ ਹੈ ਜੋ ਹਰ ਪਲ ਅਤੇ ਹਰ ਖੇਤਰ ਵਿਚ ਲੋੜੀਂਦਾ ਹੈ।
ਸਾਬਕਾ ਪੀਈਐਸ-1,
ਮਲੋਟ
ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.