ਦਿਖਾਉਣ ਨੂੰ ਲਾਗੂ ਹੋਈ ਆਨ ਲਾਈਨ ਤਬਾਦਲਾ ਨੀਤੀ, ਚੁੱਪ-ਚੁਪੀਤੇ ਹੋ ਰਹੇ ਹਨ ਅਧਿਆਪਕਾਂ ਦੇ ਤਬਾਦਲੇ

0
434
Online Transfer Policy, Implemented, Teachers

25 ਨੂੰ ਲਾਗੂ ਹੋਈ ਸੀ ਤਬਾਦਲਾ ਨੀਤੀ, ਅਗਲੇ ਦਿਨ 26 ਨੂੰ ਕਰ ਦਿੱਤਾ ਇੱਕ ਤਬਾਦਲਾ

ਲੱਗੀ ਹੋਈ ਐ ਮਾਨਸਾ ‘ਚ ਪਾਬੰਦੀ, ਕਿਵੇਂ ਹੋ ਗਿਆ ਤਬਾਦਲਾ

ਤਬਾਦਲਾ ਨੀਤੀ ਤੋਂ ਬਾਹਰ ਜਾ ਕੇ ਤਬਾਦਲਾ ਕਰਨ ਦੀ ਕੁਤਾਹੀ ਕਰਨ ਦੇ ਨਾਲ ਹੀ ਅਧਿਕਾਰੀਆਂ ਨੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਤਬਾਦਲਾ ਕੀਤਾ ਹੈ, ਜਿੱਥੇ ਕਿਸੇ ਵੀ ਅਧਿਆਪਕ ਨੂੰ ਜੁਆਇਨ ਕਰਨ ਦੇ ਮਾਮਲੇ ਵਿੱਚ ਹੀ ਪਾਬੰਦੀ ਲੱਗੀ ਹੋਈ ਹੈ। ਕੁਝ ਮਹੀਨੇ ਪਹਿਲਾਂ ਮਾਨਸਾ ਦੇ ਡੀ.ਈ.ਓ. ਨੇ ਅਧਿਆਪਕਾਂ ਦੀ ਇਸ ਜ਼ਿਲ੍ਹੇ ਵਿੱਚ ਭਰਮਾਰ ਹੋਣ ਕਰਕੇ ਨਵੇਂ ਅਧਿਆਪਕ ਭੇਜਣ ਲਈ ਪਾਬੰਦੀ ਲਗਾਉਂਦੇ ਹੋਏ ਡੀ.ਪੀ.ਆਈ. ਨੂੰ ਵੀ ਇਤਲਾਹ ਦਿੱਤੀ ਸੀ ਇਸ ਦੇ ਬਾਵਜ਼ੂਦ ਇਸੇ ਮਾਨਸਾ ਜ਼ਿਲ੍ਹੇ ਵਿੱਚ ਅਧਿਆਪਕ ਤਬਾਦਲਾ ਕਰਕੇ ਭੇਜ ਦਿੱਤਾ

ਅਸ਼ਵਨੀ ਚਾਵਲਾ
ਚੰਡੀਗੜ੍ਹ, 28 ਜੂਨ।

ਸਿੱਖਿਆ ਵਿਭਾਗ ਵਲੋਂ ਦਿਖਾਉਣ ਲਈ ਤਾਂ ਆਨਲਾਈਨ ਤਬਾਦਲਾ ਨੀਤੀ ਨੂੰ ਜਾਰੀ ਕਰਦੇ ਹੋਏ ਨੋਟੀਫਿਕੇਸ਼ਨ ਤੱਕ ਕਰ ਦਿੱਤਾ ਗਿਆ ਹੈ ਅਤੇ ਜੁਲਾਈ ਦੇ ਦੂਜੇ ਹਫ਼ਤੇ ਤੋਂ ਹੀ ਤਬਾਦਲੇ ਹੋਣੇ ਸ਼ੁਰੂ ਹੋਣਗੇ ਪਰ ਅੰਦਰ ਖਾਤੇ ਕਹਾਣੀ ਹੀ ਕੁਝ ਹੋਰ ਚੱਲ ਰਹੀ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੀ ਆਪਣੀ ਤਬਾਦਲਾ ਨੀਤੀ ਖ਼ਿਲਾਫ਼ ਜਾ ਕੇ ਨਾ ਸਿਰਫ਼ ਤਬਾਦਲੇ ਕੀਤੇ ਜਾ ਰਹੇ ਹਨ ਸਗੋਂ ਹੇਠਲੇ ਪੱਧਰ ‘ਤੇ ਅਧਿਕਾਰੀਆਂ ਨੂੰ ਫੋਨ ਕਰਦੇ ਹੋਏ ਉਨ੍ਹਾਂ ਤਬਾਦਲਿਆਂ ਨੂੰ ਲਾਗੂ ਕਰਨ ਲਈ ਵੀ ਕਿਹਾ ਜਾ ਰਿਹਾ ਹੈ।  ਪਿਛਲੇ 4 ਦਿਨਾਂ ਵਿੱਚ ਕਈ ਤਬਾਦਲੇ ਇਸ ਤਰ੍ਹਾਂ ਹੋਣ ਦੀ ਗੱਲ ਬਾਹਰ ਆਈ ਹੈ ਪਰ ਅੰਦਰ ਖਾਤੇ ਕੀਤੇ ਜਾ ਰਹੇ ਇਨ੍ਹਾਂ ਤਬਾਦਲਿਆਂ ਵਿੱਚੋਂ ਇੱਕ ਆਦੇਸ਼ ਹੀ ਮੀਡੀਆ ਸਾਹਮਣੇ ਆ ਸਕਿਆ ਹੈ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਪਿਛਲੇ 2 ਸਾਲਾਂ ਤੋਂ ਲਟਕਦੀ ਆ ਰਹੀਂ ਆਨਲਾਈਨ ਤਬਾਦਲਾ ਨੀਤੀ ਨੂੰ ਪਿਛਲੀ 25 ਜੂਨ ਨੂੰ ਲਾਗੂ ਕਰਦੇ ਹੋਏ ਬਕਾਇਦਾ ਨੋਟੀਫਿਕੇਸ਼ਨ ਤੱਕ ਦਿਖਾਉਣ ਨੂੰ ਲਾਗੂ ਹੋਈ ਜਾਰੀ ਕਰ ਦਿੱਤਾ ਗਿਆ।

ਇਸ ਤਬਾਦਲਾ ਨੀਤੀ ਨੂੰ ਕਿਸੇ ਹੋਰ ਨਹੀਂ ਸਗੋਂ ਸਿੱਖਿਆ ਵਿਭਾਗ ਦੇ ਮੰਤਰੀ ਵਿਜੇਇੰਦਰ ਸਿੰਗਲਾ ਨੇ ਖ਼ੁਦ ਜਾਰੀ ਕੀਤਾ ਸੀ ਅਤੇ ਮੌਕੇ ‘ਤੇ ਹੀ ਐਲਾਨ ਕੀਤਾ ਸੀ ਕਿ ਭਾਵੇਂ ਜਿੰਨਾ ਵੀ ਸਿਆਸੀ ਦਬਾਅ ਹੋਵੇ, ਹੁਣ ਇੱਕ ਵੀ ਤਬਾਦਲਾ ਕੋਈ ਅਧਿਕਾਰੀ ਤਾਂ ਦੂਰ ਸਿੱਖਿਆ ਮੰਤਰੀ ਤੱਕ ਨਿਯਮਾਂ ਤੋਂ ਬਾਹਰ ਜਾ ਕੇ ਨਹੀਂ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਸਾਰੇ ਤਬਾਦਲੇ ਜੁਲਾਈ ਮਹੀਨੇ ਦੇ ਦੂਜੇ ਹਫ਼ਤੇ ਤੋਂ ਹੀ ਸ਼ੁਰੂ ਹੋਣਗੇ, ਜਿਥੇ ਕਿ ਕੋਈ ਵਿਧਾਇਕ ਜਾਂ ਫਿਰ ਮੰਤਰੀ ਅਤੇ ਅਧਿਕਾਰੀ ਦੀ ਥਾਂ ‘ਤੇ ਕੰਪਿਊਟਰ ਹੀ ਫੈਸਲਾ ਕਰੇਗਾ ਕਿ ਕਿਹੜੇ ਅਧਿਆਪਕ ਦਾ ਤਬਾਦਲਾ ਕਰਨਾ ਹੈ ਅਤੇ ਕਿਹੜੇ ਅਧਿਆਪਕ ਦਾ ਤਬਾਦਲਾ ਨਹੀਂ ਕਰਨਾ ਹੈ।

ਇਸ ਤਬਾਦਲਾ ਨੀਤੀ ਨੂੰ ਲਾਗੂ ਹੋਏ ਅਜੇ 24 ਘੰਟੇ ਹੀ ਨਹੀਂ ਬੀਤੇ ਸਨ ਕਿ ਅਧਿਕਾਰੀਆਂ ਨੇ ਆਪਣੇ ਪੱਧਰ ‘ਤੇ ਤਬਾਦਲਾ ਨੀਤੀ ਨੂੰ ਹੀ ਧੜੱਲੇ ਨਾਲ ਤਾਕ ‘ਤੇ ਰੱਖਦੇ ਹੋਏ ਤਬਾਦਲੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਸਿੱਖਿਆ ਵਿਭਾਗ ਵਿੱਚ ਕਈ ਤਬਾਦਲੇ ਹੋਣ ਦੀ ਚਰਚਾ ਚਲ ਰਹੀਂ ਹੈ, ਜਦੋਂ ਕਿ ਇੱਕ ਤਬਾਦਲੇ ਦਾ ਆਦੇਸ਼ ਬਾਹਰ ਅਜੇ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਅਧਿਆਪਕ ਨੂੰ ਰਾਜਪੂਰਾ ਤੋਂ ਬੁਢਲਾਡਾ ਭੇਜਿਆ ਗਿਆ ਹੈ। ਇਥੇ ਹੀ ਚਰਚਾ ਹੋ ਰਹੀ ਹੈ ਕਿ ਅਧਿਕਾਰੀਆਂ ਨੀਤੀ ਤੋਂ ਬਾਹਰ ਜਾ ਕੇ ਥੋਕ ਵਿੱਚ ਤਬਾਦਲੇ ਕਰਨ ਦੀ ਥਾਂ ਇੱਕ-ਇੱਕ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਕਿ ਕਿਸੇ ਵੀ ਤਰਾਂ ਦਾ ਕੋਈ ਵੀ ਹੰਗਾਮਾ ਨਾ ਹੋਵੇ, ਜਿਸ ਦਾ ਜੁਆਬ ਦੇਣਾ ਔਖਾ ਹੋ ਜਾਵੇ।
ਤਬਾਦਲਾ ਨੀਤੀ ਤੋਂ ਬਾਹਰ ਹੋ ਰਹੇ ਤਬਾਦਲੇ ਦੇ ਕਾਰਨਾਂ ਨੂੰ ਪੁੱਛਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਫੋਨ ਕੀਤੇ ਪਰ ਉਨਾਂ ਨੇ ਫੋਨ ਨਹੀਂ ਚੁੱਕਿਆ, ਜਦੋਂ ਕਿ ਸਿੱਖਿਆ ਵਿਭਾਗ ਦਾ ਬੁਲਾਰਾ ਰਾਜਿੰਦਰ ਸਿੰਘ ਵਲੋਂ ਇਸ ਸਬੰਧੀ ਕੋਈ ਵੀ ਸਪਸ਼ਟ ਜੁਆਬ ਨਹੀਂ ਦਿੱਤਾ ਗਿਆ ਅਤੇ ਇੱਧਰ ਓਧਰ ਦੀਆਂ ਗੱਲਾ ਮਾਰਦੇ ਹੋਏ ਕੋਈ ਵੀ ਜਾਣਕਾਰੀ ਨਹੀਂ ਦਿੱਤੀ।।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।