ਅੰਦਰਲੀ ਸੁੰਦਰਤਾ ਦੇ ਬੂਹੇ ਖੋਲ੍ਹੋ

0
24

ਅੰਦਰਲੀ ਸੁੰਦਰਤਾ ਦੇ ਬੂਹੇ ਖੋਲ੍ਹੋ

ਅਸੀਂ ਆਪਣੇ ਭਵਿੱਖ ਨੂੰ ਸੋਚ-ਸੋਚ ਕੇ ਐਨੇ ਚਿੰਤਤ ਰਹਿੰਦੇ ਹਾਂ ਕਿ ਆਪਣੇ ਵਰਤਮਾਨ ਨੂੰ ਵੀ ਚੰਗੀ ਤਰ੍ਹਾਂ ਨਹੀਂ ਜੀ ਸਕਦੇ। ਅਸੀਂ ਉਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਹੀ ਪਰੇਸ਼ਾਨ ਹੋਏ ਰਹਿੰਦੇ ਹਾਂ ਜੋ ਭਵਿੱਖ ‘ਚ ਕੀਤੇ ਜਾਣੇ ਹਨ। ਸਾਰੇ ਦਾਰਸ਼ਨਿਕ ਅਤੇ ਅਧਿਆਤਮਕ ਗੁਰੂ ਅੱਜ ਤੱਕ ਇਹੀ ਸਲਾਹਾਂ ਦਿੰਦੇ ਆਏ ਹਨ ਕਿ ਭਵਿੱਖ ਦੀ ਚਿੰਤਾ ਨਾ ਕਰੋ ਅਤੇ ਆਪਣੇ ਵਰਤਮਾਨ ਦਾ ਅਨੰਦ ਮਾਨਣ ਦਾ ਯਤਨ ਕਰੋ। ਜੇਕਰ ਅਸੀਂ ਖੁਸ਼ਹਾਲ ਜੀਵਨ ਜਿਉਣਾ ਚਾਹੁੰਦੇ ਹਾਂ ਤਾਂ ਦਿਨ ਦੇ ਹਰੇਕ ਪਲ ਦਾ ਅਨੰਦ ਲੈਣਾ ਚਾਹੀਦਾ ਹੈ ਅਤੇ ਇਸਨੂੰ ਉਸ ਅਣਦੇਖੇ ਭਵਿੱਖ ਦੀ ਚਿੰਤਾ ‘ਚ ਵਿਅਰਥ ਨਹੀਂ ਗੁਆਉਣਾ ਚਾਹੀਦਾ, ਜਿਸ ਦੀ ਹੋਂਦ ਕੇਵਲ ਸਾਡੀ ਕਲਪਨਾ ਹੈ।

ਸੱਚਾਈ ਤਾਂ ਇਹ ਹੈ ਕਿ ਅਸੀਂ ਵਰਤਮਾਨ ਨੂੰ ਐਨੇ ਹਲਕੇ ਢੰਗ ਨਾਲ ਲੈਂਦੇ ਹਾਂ ਕਿ ਇਸ ਬਾਰੇ ਸੋਚਦੇ ਹੀ ਨਹੀਂ। ਸਾਡਾ ਪੂਰਾ ਧਿਆਨ ਅਣਦੇਖੇ ਭਵਿੱਖ ਵੱਲ ਲੱਗਾ ਰਹਿੰਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਭਵਿੱਖ ਦੀ ਅੰਨ੍ਹੀ ਦੌੜ ‘ਚ ਝੋਕ ਦਿੰਦੇ ਹਾਂ ਅਤੇ ਉਨ੍ਹਾਂ ਦੇ ਬਚਪਨ ਦੀਆਂ ਕਲੀਆਂ ਨੂੰ ਮਹਿਕਣ ਤੋਂ ਪਹਿਲਾਂ ਹੀ ਫੁੱਲ ਬਣਾ ਦੇਣ ਦੀ ਕੋਸ਼ਿਸ਼ ‘ਚ ਰਹਿੰਦੇ ਹਾਂ। ਅਸੀਂ ਇਸ ਬਾਰੇ ਸਦਾ ਚਿੰਤਤ ਰਹਿੰਦੇ ਹਾਂ ਕਿ ਕੱਲ੍ਹ ਨੂੰ ਕੋਈ ਅਜਿਹਾ ਨਾ ਵਾਪਰ ਜਾਵੇ ਕਿ ਸਾਡਾ ਭਵਿੱਖ ਧੁੰਦਲਾ ਹੋ ਜਾਵੇ। ਏਸੇ ਚਿੰਤਾ ‘ਚ ਵਰਤਮਾਨ ਦੇ ਬਹੁਮੁੱਲੇ ਤੇ ਕੀਮਤੀ ਪਲ ਸਾਡੀ ਮੁੱਠੀ ‘ਚੋਂ ਰੇਤ ਵਾਂਗ ਕਿਰਦੇ ਜਾਂਦੇ ਹਨ।

ਜ਼ਿੰਦਗੀ ਕਿਸੇ ਨੂੰ ਦੂਸਰਾ ਮੌਕਾ ਨਹੀਂ ਦਿੰਦੀ। ਬਰਬਾਦ ਹੋਏ ਪਲ ਦਾ ਅਰਥ ਹੈ, ਇੱਕ ਸ਼ਾਨਦਾਰ ਮੌਕਾ ਭਸਮ ਕਰ ਦੇਣਾ। ਆਪਣੇ ਵੱਸੋਂ ਬਾਹਰ ਦੀਆਂ ਗੱਲਾਂ ਬਾਰੇ ਸੋਚ-ਸੋਚ ਕੇ ਚਿੰਤਤ ਰਹਿਣ ਨਾਲ ਕੇਵਲ ਇੱਕ ਚੀਜ਼ ਹੀ ਥੋਕ ‘ਚ ਮਿਲ ਸਕਦੀ ਹੈ। ਉਹ ਹੈ, ਤਣਾਅ।
ਜ਼ਿੰਦਗੀ ‘ਚ ਅਫਸੋਸ ਇਸ ਲਈ ਪੈਦਾ ਹੁੰਦਾ ਹੈ ਕਿ ‘ਹਾਏ ਅਸੀਂ ਇਹ ਨਹੀਂ ਕਰ ਸਕੇ, ਜੇਕਰ ਕਰ ਲੈਂਦੇ ਤਾਂ ਸ਼ਇਦ ਅਜਿਹਾ ਹੋ ਜਾਂਦਾ।’ ਅਜਿਹੀ ਮਾਨਸਿਕਤਾ ਨਾ ਕੇਵਲ ਸਾਨੂੰ ਮੁਸ਼ਕਿਲਾਂ ‘ਚ ਪਾ ਸਕਦੀ ਹੈ ਬਲਕਿ ਇਹ ਇੱਕ ਕਿਸਮ ਦਾ ਅਨਿਆਂ ਹੈ ਜੋ ਅਸੀਂ ਹੋਰ ਕਿਸੇ ਨਾਲ ਨਹੀਂ ਸਗੋਂ ਆਪਣੇ-ਆਪ ਨਾਲ ਕਰਦੇ ਹਾਂ।

ਤੇ ਸਮੇਂ ਬਾਰੇ ਸੋਚਣ ਨਾਲ ਮਨ ‘ਚ ਤਰ੍ਹਾਂ-ਤਰ੍ਹਾਂ ਦੀਆਂ ਭਾਵਨਾਵਾਂ ਉੱਠਦੀਆਂ ਹਨ। ਇਹ ਦੁਖਦ, ਅਫਸੋਸਨਾਕ, ਖੁਸ਼ੀਆਂ ਜਾਂ ਸ਼ਰਮ ਨਾਲ ਭਰੀਆਂ ਵੀ ਹੋ ਸਕਦੀਆਂ ਹਨ। ਇਹ ਤਾਂ ਤੈਅ ਹੈ ਕਿ ਅਸੀਂ ਬੀਤੇ ਕੱਲ੍ਹ ਨੂੰ ਬਦਲ ਨਹੀਂ ਸਕਦੇ। ਇਸ ਲਈ ਇਨ੍ਹਾਂ ਯਾਦਾਂ ਨਾਲ ਨਾ ਹੀ ਉਲਝਿਆ ਜਾਵੇ ਤਾਂ ਠੀਕ ਹੈ। ਭੂਤਕਾਲ ਦੀਆਂ ਗਲਤੀਆਂ ਤੋਂ ਸਬਕ ਲੈ ਲੈਣਾ ਚਾਹੀਦਾ ਹੈ ਅਤੇ ਮਨ ‘ਚ ਇਹ ਪੱਕੀ ਧਾਰਨਾ ਬਣਾ ਲੈਣੀ ਚਾਹੀਦੀ ਹੈ ਕਿ ਅਸੀਂ ਇਨ੍ਹਾਂ ਨੂੰ ਫਿਰ ਨਹੀਂ ਦੁਹਰਾਵਾਂਗੇ।

ਸਾਨੂੰ ਆਪਣੇ ਵਰਤਮਾਨ ਪ੍ਰਤੀ ਜਾਗਰੂਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਕਿਸੇ ਵੱਡੀ ਖੁਸ਼ੀ ਦੀ ਉਡੀਕ ਵਿਚ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਅਣਦੇਖਾ ਨਹੀਂ ਕਰ ਦੇਣਾ ਚਾਹੀਦਾ। ਕਈ ਵਾਰ ਕਿਸੇ ਹੋਰ ਦੇ ਮੁਕਾਬਲੇ ਸਾਡੇ ਵਿਚ ਕਿਸੇ ਚੀਜ਼ ਦੀ ਘਾਟ ਹੁੰਦੀ ਹੈ ਤਾਂ ਅਸੀਂ ਇਸ ਪ੍ਰਤੀ ਅੰਦਰੋ-ਅੰਦਰ ਐਨਾ ਜ਼ਿਆਦਾ ਰਿੱਝਦੇ ਰਹਿੰਦੇ ਹਾਂ ਕਿ ਸਾਨੂੰ ਕੋਈ ਖੁਸ਼ੀ ਪ੍ਰਭਾਵਿਤ ਹੀ ਨਹੀਂ ਕਰ ਸਕਦੀ। ਜੇਕਰ ਸਾਡੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਵਿਚ ਚੰਗੀ ਪਛਾਣ ਅਤੇ ਇੱਜਤ ਹੈ, ਪਰਿਵਾਰ ਦਾ ਹਰ ਇੱਕ ਜੀਅ ਸਾਨੂੰ ਪਿਆਰ ਅਤੇ ਸਤਿਕਾਰ ਕਰਦਾ ਹੈ, ਤਾਂ ਇਹ ਸੋਚਕੇ ਉਦਾਸ ਹੋਣ ਦੀ ਕੀ ਜ਼ਰੂਰਤ ਹੈ ਕਿ ਦੁਨੀਆਂ ਸਾਡੇ ਬਾਰੇ ਕੀ ਸੋਚਦੀ ਹੈ?

ਕਿਸੇ ਵੀ ਆਦਮੀ ਦੀਆਂ ਖੁਸ਼ੀਆਂ ਵਿਚਕਾਰ ਖੁਦ ਉਸ ਦਾ ਆਪਣਾ ਭੈਅ ਸਭ ਤੋਂ ਵੱਡੀ ਦੀਵਾਰ ਬਣ ਕੇ ਆਣ ਖੜ੍ਹਾ ਹੁੰਦਾ ਹੈ। ਸਭ ਤੋਂ ਵੱਡਾ ਸੰਕੋਚ ਤਾਂ ਇਹ ਹੈ ਕਿ ਜੇਕਰ ਕੁਝ ਕਰ ਲਿਆ ਤਾਂ ਲੋਕੀ ਕੀ ਕਹਿਣਗੇ? ਸੱਚਾਈ ਤਾਂ ਇਹ ਹੈ ਕਿ ਤੁਸੀਂ ਕੁਝ ਵੀ ਕਰ ਲਓ, ਲੋਕੀ ਕੁਝ ਨਾ ਕੁਝ ਤਾਂ ਕਹਿਣਗੇ ਹੀ। ਜੇਕਰ ਤੁਸੀਂ ਕਹਿਣ ਵਾਲਿਆਂ ਦਾ ਫਿਕਰ ਕਰੋਗੇ ਤਾਂ ਵੀ ਉਨ੍ਹਾਂ ਨੇ ਲੱਤਾਂ ਖਿੱਚਣ ਤੋਂ ਬਾਜ਼ ਨਹੀਂ ਆਉਣਾ। ਇਸ ਲਈ ਆਪਣੇ ਭੈਅ ਤੋਂ ਬਾਹਰ ਨਿੱਕਲ ਕੇ ਖੁਦ ਦੀ ਜ਼ਿੰਦਗੀ ਜਿਉਣਾ ਸਿੱਖੋ।

ਯਾਦ ਰੱਖੋ ਕਿ ਜੇਕਰ ਲੋਕੀ ਤੁਹਾਡੀ ਜ਼ਿੰਦਗੀ ਉੱਪਰ ਕੋਈ ਟਿੱਪਣੀ ਕਰਕੇ ਹਨ ਤਾਂ ਅਜਿਹਾ ਕਰਕੇ ਉਹ ਕੇਵਲ ਆਪਣੀ ਜ਼ਿੰਦਗੀ ‘ਚ ਅਜਿਹੇ ਮੌਕੇ ਨਾ ਮਿਲ ਸਕਣ ਦਾ ਦੁੱਖ ਪ੍ਰਗਟ ਕਰ ਰਹੇ ਹੁੰਦੇ ਹਨ। ਜ਼ਿੰਦਗੀ ਤੁਹਾਡੀ ਵੀ ਖੂਬਸੂਰਤ ਹੋ ਸਕਦੀ ਹੈ। ਬਸ਼ਰਤੇ ਇਸ ਨੂੰ ਜਿਉਣ ਦਾ ਸਲੀਕਾ ਸਿੱਖ ਲਿਆ ਜਾਵੇ। ਚਿੜੀਆਂ ਦਾ ਚਹਿਕਣਾ, ਸ਼ਾਨਾਂਮੱਤੇ ਵਿਸ਼ਵਾਸ ‘ਚ ਦਗਦੇ ਸੂਰਜ ਦੀਆਂ ਨਿੱਘੀਆਂ ਕੋਮਲ ਕਿਰਨਾਂ ਦਾ ਅੰਨਦ ਮਾਨਣਾ, ਕੱਚੀਆਂ ਗੰਦਲਾਂ ‘ਤੇ ਝੂਮਦੇ ਸਰ੍ਹੋਂ ਦੇ ਮਹਿਕਦੇ ਫੁੱਲਾਂ ਤੋਂ ਅਨੰਦਿਤ ਹੋਣਾ। ਕੁਦਰਤ ਦੇ ਨੇੜੇ ਹੋ ਕੇ ਜੀਵਿਆ ਜਾਵੇ। ਬਗੀਚੇ ‘ਚ ਬੈਠਣ ਨਾਲ ਫੁੱਲਾਂ ਦੀ ਮਹਿਕ ਤੁਹਾਡੇ ਜੀਵਨ ਨੂੰ ਸੁਗੰਧਤ ਬਣਾ ਸਕਦੀ ਹੈ। ਸਤਰੰਗੀ ਪੀਂਘ ਵਾਂਗ ਜ਼ਿੰਦਗੀ ਦੇ ਹਰ ਰੰਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਜਾਵੇ।

ਜ਼ਰਾ ਇੱਕ ਵਾਰ ਆਪਣੀ ਅੰਦਰਲੀ ਸੁੰਦਰਤਾ ਦੇ ਬੂਹੇ ਖੋਲ੍ਹ ਕੇ ਵੇਖੋ ਤਾਂ ਸਹੀ ਕਿ ਕੁਦਰਤ ਨੇ ਸਾਡੇ ਚਾਰ-ਚੁਫੇਰੇ ਸੁੰਦਰਤਾ ਹੀ ਸੁੰਦਰਤਾ ਖਿਲਾਰ ਛੱਡੀ ਹੈ। ਭਵਿੱਖ ਦੀ ਚਿੰਤਾ ‘ਚ ਘੁਲਦੇ ਰਹਿਣ ਦੀ ਜਗ੍ਹਾ ਆਓ! ਵਰਤਮਾਨ ਦੇ ਮੇਲਾ ਲੁੱਟੀਏ…।
ਗੁਰੂ ਅਰਜਨ ਦੇਵ ਨਗਰ, ਫਰੀਦਕੋਟ।
ਮੋ. 98152-96475
ਸੰਤੋਖ ਸਿੰਘ ਭਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.