ਸਾਡਾ ਪਿਛੋਕੜ ਤੇ ਅਜੋਕੀ ਜੀਵਨ-ਜਾਂਚ

0
7

ਸਾਡਾ ਪਿਛੋਕੜ ਤੇ ਅਜੋਕੀ ਜੀਵਨ-ਜਾਂਚ

ਆਪਾਂ ਬਹੁਤ ਬਦਲ ਚੁੱਕੇ ਹਾਂ ਤੇ ਦਿਨੋ-ਦਿਨ ਇਹ ਵਤੀਰਾ ਜਾਰੀ ਹੈ ਅਤੇ ਤੇਜੀ ਨਾਲ ਜਾਰੀ ਹੈ। ਬਦਲਾਅ ਸਮੇਂ ਦੀ ਸੱਚਾਈ ਹੈ ਤੇ ਇਹ ਸੱਚਾਈ ਜਿਉਂ ਦੀ ਤਿਉਂ ਹੁੰਦੀ ਹੀ ਜਾ ਰਹੀ ਹੈ ਇਸ ਵਿੱਚ ਰੁਕਾਵਟ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਪਿਛਲੇ ਸਮਿਆਂ ’ਤੇ ਝਾਤ ਪਾਉਣੀ ਵੀ ਜ਼ਰੂਰੀ ਹੋ ਜਾਂਦੀ ਹੈ ਕਿ ਸਾਡੇ ਪੁਰਖਿਆਂ ਦੀ ਜਿੰਦਗੀ, ਰਹਿਣ-ਸਹਿਣ, ਜੀਵਨ-ਜਾਚ ਕਿਹੋ-ਜਿਹੀ ਰਹੀ ਹੈ ਕੀ ਉਹ ਸਮੇਂ ਚੰਗੇ ਸੀ ਜਾਂ ਨਹੀਂ ਇਸ ਦਾ ਸਾਨੂੰ ਅੰਦਾਜਾ ਲਾਉਣਾ ਕੋਈ ਜ਼ਿਆਦਾ ਔਖਾ ਨਹੀਂ ਹੈ। ਤੇ ਨਾ ਹੀ ਅਸੰਭਵ ਹਾਂ ਸਾਡੀ ਸੋਚਣੀ ਕਿਹੋ-ਜਿਹੀ ਹੈ ਉਹ ਸਾਡੀ ਆਪੋ-ਆਪਣੀ ਸੋਝੀ ਮੁਤਾਬਕ ਹੀ ਹੁੰਦੀ ਹੈ।

ਕੋਈ ਸਮਾਂ ਸੀ ਜੋ ਸਾਡੇ ਪਿਓ-ਦਾਦੇ ਜਾਂ ਕਹਿ ਲਈਏ ਸਾਡੇ ਪੁਰਖੇ ਹੁੰਦੇ ਸਨ ਉਹ ਜੋ ਕੰਮ ਬਾਹਰ ਖੇਤਾਂ ’ਚ ਦੂਰ-ਦੂਰ ਜਾ ਕੇ ਕਰਦੇ ਸਨ ਹੱਥ ਵਿੱਚ ਗੜਵੀ ਜਾਂ ਬੋਲਤਲ ਪਾਣੀ ਦੀ ਭਰ ਕੇ ਲੈ ਕੇ ਜਾਣਾ ਤੇ ਰਫਾ-ਹਾਜਤ ਕਰ ਆਉਣੀ। ਪਰ ਅੱਜ ਅਸੀਂ ਬਿਲਕੁਲ ਇਸਦੇ ਉਲਟ ਉਹੀ ਕਾਰਜ ਆਪੋ-ਆਪਣੇ ਘਰਾਂ ਵਿੱਚ ਕਰਦੇ ਹਾਂ ਹਰ ਘਰ ਵਿੱਚ ਇੱਕ-ਇੱਕ ਨਹੀਂ ਬਲਕਿ ਦੋ-ਦੋ ਜਾਂ ਇਸ ਤੋਂ ਵੀ ਵਧੇਰੇ ਫਲੱਸ਼ ਬਣੇ ਹੋਏ ਹਨ। ਇਸ ਦੇ ਦੂਸਰੇ ਪੱਖ ਨੂੰ ਵੀ ਵਾਚਣਾ ਅਤਿਅੰਤ ਜ਼ਰੂਰੀ ਹੈ ਕਿ ਜੋ ਕੰਮ ਸਾਡੇ ਪੁਰਖੇ ਘਰਾਂ ਵਿੱਚ ਬੈਠ ਕੇ ਕਰਦੇ ਰਹੇ ਹਨ

ਭਾਵ ਇਕੱਠੇ ਬੈਠ ਕੇ ਕਰਦੇ ਸਨ ਉਹ ਅੱਜ-ਕੱਲ੍ਹ ਕਰਦੇ ਤਾਂ ਬੇਸ਼ੱਕ ਅਸੀਂ ਇਕੱਠੇ ਬੈਠ ਕੇ ਹੀ ਹਾਂ ਪਰ ਕਰਦੇ ਬਾਹਰ ਜਾ ਕੇ ਭਾਵ ਖਾਣਾ ਢਾਬਿਆਂ ’ਤੇ ਜਾ ਕੇ ਖਾਣ ਨੂੰ ਤਰਜੀਹ ਦੇਣ ਲੱਗ ਪਏ ਹਾਂ ਹੈ ਜੋ ਕੰਮ ਘਰਾਂ ’ਚ ਕਰਨਾ ਸੀ ਉਹ ਬਾਹਰ ਤੇ ਜੋ ਬਾਹਰ ਕਰਨਾ ਚਾਹੀਦਾ ਸੀ ਉਹ ਘਰਾਂ ਵਿੱਚ ਕਰਨ ਲੱਗ ਪਏ ਹਾਂ ਇਹੀ ਆਪਣੀ ਚੁਹੱਤਰ ਸਾਲਾਂ ਦੀ ਤਰੱਕੀ ਦਾ ਨਤੀਜਾ ਹੈ?

ਦੋ ਹਜ਼ਾਰ ਦੇ ਜੁੱਤੇ ਪਾਉਣੇ, ਡੇਢ ਹਜ਼ਾਰ ਦੀ ਜੀਨ, ਅੱਠ ਸੌ ਰੁਪਏ ਦੀ ਟੀ ਸ਼ਰਟ, ਸੌ ਰੁਪਏ ਦੀ ਟੋਪੀ ਤੇ ਓਹ ਵੀ ਪੁੱਠੀ ਪਾਉਣ ਨੂੰ ਅਸੀਂ ਆਪਣਾ ਫੈਸ਼ਨ ਤੇ ਆਪਣੀ ਸ਼ਾਨ ਸਮਝਦੇ ਹਾਂ ਵਾਕਿਆ ਹੀ ਅਸੀਂ ਬਹੁਤ ਤਰੱਕੀ ਕਰ ਲਈ ਹੈ! ਇਸ ਕਾਰਜ ਵਿੱਚ ਸਾਡੀਆਂ ਮਾਵਾਂ ਧੀਆਂ ਭੈਣਾਂ ਵੀ ਪਿੱਛੇ ਨਹੀਂ ਹਨ ਦਸ ਰੁਪਏ ਦਾ ਚਮੜੇ ਦਾ ਕਲਿੱਪ ਵਾਲਾਂ ਵਿੱਚ ਲਾਉਂਦੀਆਂ ਹਨ ਸੋਨੇ ਜਾਂ ਮਹਿੰਗੇ ਮੁੱਲ ਦੀ ਚਾਂਦੀ ਦੀਆਂ ਕਲੀਚੜੀਆਂ ਪੈਰਾਂ ਵਿੱਚ ਪਾ ਕੇ ਅਸੀਂ ਉੱਪਰੋਂ ਸਸਤੇ ਤੇ ਨੀਚੇ ਤੋਂ ਮਹਿੰਗੇ ਹੋਣ ਦਾ ਸਬੂਤ ਦੇ ਰਹੇ ਹਾਂ ਇਹ ਵੀ ਸਾਡੀ ਬਹੁਤ ਕੀਤੀ ਤਰੱਕੀ ਦਾ ਹੀ ਨਤੀਜਾ ਹੈ। ਵਾਲ ਕਟਾਉਣ ਤੇ ਨਹੁੰ ਵਧਾਉਣ ਨੂੰ ਤਰਜੀਹ ਦੇਣਾ ਵੀ ਸਾਡੀ ਤਰੱਕੀ ਤੇ ਸਾਡੀ ਅਗਾਂਹਵਧੂ ਸੋਚ ਤੇ ਸਾਡੀ ਮਾਨਸਿਕਤਾ ਦਾ ਹੀ ਪ੍ਰਤੀਕ ਹੈ।

ਕੁੱਤੇ ਨੂੰ ਬਾਹਰ ਘੁਮਾਉਣਾ, ਮਾਤਾ-ਪਿਤਾ ਨੂੰ ਬਿਰਧ ਆਸ਼ਰਮ ਵਿਖੇ ਛੱਡਣਾ, ਗਊ ਦੀ ਰੋਟੀ ਪਕਾਉਣੀ ਭੁੱਲਣਾ, ਭਾਂਤ-ਭਾਂਤ ਦੇ ਕੁੱਤਿਆਂ ਨੂੰ ਘਰਾਂ ਵਿੱਚ ਰੱਖਣਾ ਤੇ ਓਹ ਵੀ ਬਿਸਤਰਿਆਂ ’ਚ। ਇਹ ਸਾਡੀ ਅਨੋਖੀ ਮਾਨਸਿਕਤਾ ਦੀ ਨਿਸ਼ਾਨੀ ਹੈ ਅਸੀਂ ਨਹੀਂ ਬਲਕਿ ਕੁੱਤੇ ਸਾਨੂੰ ਬਾਹਰ ਘੁਮਾ ਕੇ ਲਿਆਉਂਦੇ ਹਨ ਬੇਸ਼ੱਕ ਇਹ ਗੱਲ ਪੜ੍ਹਨ ਲੱਗੇ ਪਾਠਕਾਂ ਨੂੰ ਭੈੜੀ ਲੱਗੇ ਪਰ ਸੌ ਪ੍ਰਤੀਸ਼ਤ ਸੱਚ ਹੈ ਕਿ ਕੁੱਤਾ ਹਮੇਸ਼ ਇਨਸਾਨ ਦੇ ਮੂਹਰੇ ਹੁੰਦਾ ਹੈ ਤੇ ਸੰਗਲੀ ਫੜੀ ਬੰਦਾ ਮਗਰ ਹੁੰਦਾ ਹੈ, ਹੈ ਨਾ ਬਿਲਕੁਲ ਸੱਚ? ਉਹ ਜਿੱਧਰ ਵੀ ਮਰਜੀ ਇਨਸਾਨ ਨੂੰ ਲੈ ਜਾਵੇ ਕੀ ਮਜਾਲ ਹੈ ਕਿ ਬੰਦਾ ਨਾ ਜਾਵੇ ਦੱਸੋ ਗਲਤ ਹੈ? ਇਹ ਵੀ ਸਾਡੀ ਅਨੋਖੀ ਮਾਨਸਿਕਤਾ ਦੀ ਨਿਸ਼ਾਨੀ ਹੀ ਕਹੀ ਜਾ ਸਕਦੀ ਹੈ।

ਇਸ ਵਿੱਚ ਵੀ ਰੱਤੀ ਭਰ ਝੂਠ ਨਹੀਂ ਕਿ ਅੱਜ-ਕੱਲ੍ਹ ਇਨਸਾਨ ਕੁੱਤਿਆਂ ਤੋਂ ਪਛਾਣਿਆ ਜਾਂਦਾ ਹੈ। ਉਦਾਹਰਨ ਦੇ ਤੌਰ ’ਤੇ ਕੋਈ ਆ ਕੇ ਪੁੱਛਦਾ ਹੈ ਕਿ ਗੁਲਾਟੀ ਸਾਹਿਬ ਦੇ ਘਰ ਜਾਣਾ ਹੈ! ਦੱਸਣ ਵਾਲਾ ਸੋਚਦਾ ਹੈ ਪਰ ਇੱਕ ਛੋਟਾ ਬੱਚਾ ਕਹਿੰਦਾ ਹੈ, ਹਾਂ ਹਾਂ ਦਾਦਾ ਜੀ ਓਹੀ ਗੁਲਾਟੀ ਸਾਹਿਬ ਨੇ ਜਿਨ੍ਹਾਂ ਦੇ ਪਿੱਟ ਬੁਲ ਕੁੱਤੇ ਨੇ ਮੇਰੀ ਲੱਤ ਕੱਟੀ ਸੀ! ਹੈ ਨਾ ਹੈਰਾਨੀ ਵਾਲੀ ਗੱਲ ਕਿ ਗੁਲਾਟੀ ਸਾਹਿਬ ਨੂੰ ਤਾਂ ਕੋਈ ਮੁਹੱਲੇ ਵਿਚ ਜਾਣਦਾ ਨਹੀਂ ਪਰ ਉਨ੍ਹਾਂ ਦੀ ਪਛਾਣ ਪਿੱਟ ਬੁਲ ਕੁੱਤੇ ਕਰਕੇ ਜ਼ਰੂਰ ਹੈ। ਇਹ ਵੀ ਸਾਡੀ ਮਾਨਸਿਕਤਾ ਤੇ ਚੁਹੱਤਰ ਸਾਲਾਂ ਦੀ ਆਜ਼ਾਦੀ ਦੀ ਤਰੱਕੀ ਹੀ ਕਹੀ ਜਾ ਸਕਦੀ ਹੈ।

ਅਜੋਕੇ ਕੁੱਤਿਆਂ ਦੀ ਪਛਾਣ ਵੀ ਰੋਟੀ ਦੀ ਬੁਰਕੀ ਪਾ ਕੇ ਹੀ ਪਤਾ ਲੱਗਦਾ ਹੈ ਕਿ ਇਨ੍ਹਾਂ ਦਾ ਮੂੰਹ ਕਿੱਧਰ ਤੇ ਪਿੱਠ ਕਿੱਧਰ ਹੈ ਭਾਂਤ-ਭਾਂਤ ਦੀ ਬਰੀਡ ਦੇ ਕੁੱਤੇ ਰੱਖਣ ਦੇ ਸ਼ੌਕੀਨ ਜੋ ਹੋ ਗਏ ਹਾਂ ਅਸੀਂ। ਗਊ ਦੀ ਰੋਟੀ, ਕਿਸੇ ਮੰਗਤੇ ਲਈ ਰੋਟੀ ਪਕਾਉਣ ਦਾ ਸਾਡੇ ਕੋਲ ਸਮਾਂ ਨਹੀਂ ਹੈ ਪਰ ਕੁੱਤਿਆਂ ਨੂੰ ਡਬਲਰੋਟੀ ਤੇ ਮੱਖਣ ਖਵਾਉਣ ਨੂੰ ਅਸੀਂ ਤਰਜੀਹ ਦੇਣ ਲੱਗ ਪਏ ਹਾਂ। ਕੁੱਤਿਆਂ ਨੂੰ ਬੈੱਡ ਤੇ ਰਜਾਈਆਂ ਵਿਚ ਸਵਾਉਣਾ ਤੇ ਮਾਂ-ਬਾਪ ਨੂੰ ਬਿਰਧ ਆਸ਼ਰਮ ਛੱਡਣ ਨੂੰ ਅਸੀਂ ਅਗਾਂਹਵਧੂ ਤੇ ਤਰੱਕੀ ਨਾਲ ਜੋੜ ਕੇ ਵੇਖਣ ਲੱਗ ਪਏ ਹਾਂ ਅਸੀਂ।

ਸਾਨੂੰ ਪਾਰਲਰ ਦਾ ਰਸਤਾ ਯਾਦ ਹੈ, ਪਰ ਲੰਮੀ ਗੁੱਤ ਰੱਖਣੀ ਭੁੱਲ ਗਏ ਹਾਂ। ਫਰਿੱਜ, ਕੂਲਰ ਯਾਦ ਹੈ ਪਰ ਪਾਣੀ ਦਾ ਮਟਕਾ ਭੁੱਲ ਗਏ ਹਾਂ। ਰਿਮੋਟ ਤਾਂ ਸਾਨੂੰ ਯਾਦ ਹੈ ਪਰ ਬਿਜਲੀ ਦਾ ਖਟਕਾ ਭੁੱਲ ਗਏ ਹਾਂ। ਅਸੀਂ ਪਾਣੀ ਮੁੱਲ ਲੈ ਕੇ ਭਾਵ ਬਿਸਲੇਰੀ ਦਾ ਪਾਣੀ ਪੀਣ ਨੂੰ ਤਰਜੀਹ ਦਿੰਨੇ ਆਂ, ਪਰ ਪਿਆਓ ਲਾਉਣੇ ਭੁੱਲ ਗਏ ਹਾਂ। ਟੀ. ਵੀ. ਦੇ ਸਾਰੇ ਸੀਰੀਅਲ ਸਾਨੂੰ ਯਾਦ ਨੇ ਪਰ ਘਰ ਵਿੱਚ ਭਰਾਵੀਂ ਪਿਆਰ ਅਸੀਂ ਭੁੱਲ ਚੁੱਕੇ ਹਾਂ। ਅੱਜ ਸਾਨੂੰ ਹੈਲੋ ਹਾਏ ਜ਼ਰੂਰ ਯਾਦ ਹੈ ਪਰ ਨਮਸਕਾਰ, ਸਤਿ ਸ੍ਰੀ ਆਕਾਲ, ਪ੍ਰਣਾਮ ਭੁੱਲਦੇ ਜਾ ਰਹੇ ਹਾਂ। ਹਿੱਲ ਸਟੇਸ਼ਨ ਸਾਨੂੰ ਸਾਰੇ ਯਾਦ ਹਨ ਪਰ ਚਾਰੋਂ ਧਾਮ ਕਿਸੇ ਨੂੰ ਵੀ ਯਾਦ ਨਹੀਂ ਹੋਣਗੇ। ਅੰਕਲ ਆਂਟੀ ਸੱਭ ਨੂੰ ਯਾਦ ਹੈ ਪਰ ਚਾਚਾ ਤਾਇਆ ਮਾਮਾ ਮਾਮੀ ਮਾਸੀ ਮਾਸੜ ਅਸੀਂ ਪੁਰਾਤਨ ਸਮੇਂ ਦੇ ਰਿਸ਼ਤਿਆਂ ਨੂੰ ਵੀ ਭੁੱਲਦੇ ਜਾ ਰਹੇ ਹਾਂ।

ਜੀਨਾਂ ਬੈਲਬੌਟਮ ਤਾਂ ਸਾਨੂੰ ਸਭ ਨੂੰ ਯਾਦ ਹੈ ਪਰ ਕੁੜਤਾ ਪਜਾਮਾ ਬਿਲਕੁਲ ਵਿੱਸਰ ਗਏ ਹਾਂ। ਦੋਸਤ ਯਾਰ ਸੱਭ ਨੂੰ ਯਾਦ ਹੈ ਪਰ ਸਕਿਆਂ ਭਾਈਆਂ ਦੇ ਅਸੀਂ ਅੱਜ ਦੁਸ਼ਮਣ ਬਣ ਬੈਠੇ ਹਾਂ। ਇਹ ਸਭ ਕੁਝ ਸਾਡੀ ਤਰੱਕੀ ਅਤੇ ਮਾਨਸਿਕਤਾ ਦਾ ਹੀ ਤਾਂ ਨਤੀਜਾ ਹੈ ਕਿਉਂਕਿ ਅਸੀਂ ਬਹੁਤ ਅਗਾਂਹਵਧੂ ਤੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਜੋ ਰਹੇ ਹਾਂ। ਇਹੀ ਕੁੱਝ ਕੁ ਉਦਾਹਰਨਾਂ ਹਨ ਜੋ ਸਾਡੀ ਤਰੱਕੀ ਖੁਸ਼ਹਾਲੀ ਤੇ ਮਾਨਸਿਕਤਾ ਦਾ ਸਬੂਤ ਹੈ। ਸਮੇਂ-ਸਮੇਂ ਨਾਲ ਤਰੱਕੀ ਜ਼ਰੂਰੀ ਹੈ ਪਰ ਸਾਡੇ ਵੱਡ-ਵਡੇਰਿਆਂ ਦੀ ਜ਼ਿੰਦਗੀ ਉਨ੍ਹਾਂ ਦੇ ਰਹਿਣ-ਸਹਿਣ ਤੇ ਜੀਵਨ-ਜਾਚ ਨੂੰ ਵੀ ਕਦੇ-ਕਦੇ ਯਾਦ ਕਰਦੇ ਰਹਿਣਾ ਚਾਹੀਦਾ ਹੈ। ਮਾਂ- ਬਾਪ ਨੂੰ ਬਿਰਧ ਆਸ਼ਰਮ ਵਿਖੇ ਛੱਡਣਾ ਤੇ ਕੁੱਤਿਆਂ ਨੂੰ ਘਰ ਵਿੱਚ ਪਾਲਣਾ ਕਿੰਨਾ ਕੁ ਜਾਇਜ਼ ਹੈ? ਕੀ ਇਸ ਸੱਚਾਈ ਤੋਂ ਮੁਨਕਰ ਹੋਇਆ ਜਾ ਸਕਦਾ ਹੈ?
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਜਸਵੀਰ ਸ਼ਰਮਾ ਦੱਦਾਹੂਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.