Poems | Coin distribution : ਕਾਣੀ ਵੰਡ

0
605

Poems | Coin distribution : ਕਾਣੀ ਵੰਡ

ਕੋਈ ਹਿੰਦੂ ਕੋਈ ਮੁਸਲਮਾਨ ਹੋਇਆ।
ਏਥੇ ਕੋਈ ਵੀ ਨਾ ਇਨਸਾਨ ਹੋਇਆ।

ਕੁਝ ਏਧਰ ਵੱਢੇ ਕੁਝ ਓਧਰ ਵੀ ਟੁੱਕੇ,
ਇਨਸਾਨ ਸੀ ਕਿੰਨਾ ਹੈਵਾਨ ਹੋਇਆ।

ਕੁਝ ਏਧਰ ਉੱਜੜੇ ਕੁਝ ਓਧਰ ਉੱਜੜੇ,
ਹਰੇਕ ਓਪਰੇ ਘਰ ਮਹਿਮਾਨ ਹੋਇਆ।

ਜੇਕਰ ਬਚਗੇ ਕੋਈ ਕਿਧਰੇ ਅੱਧਮੋਏ,
ਫਿਰ ਹਿੰਦ ਤੇ ਪਾਕਿਸਤਾਨ ਹੋਇਆ।

ਇੱਕ ਲਹਿੰਦੇ ਵੱਲ ਇੱਕ ਚੜ੍ਹਦੇ ਵੱਲ,
ਪੰਜਾਬੀ ਇੱਕ-ਦੂਜੇ ਦੀ ਜਾਨ ਹੋਇਆ।
ਹੀਰਾ ਸਿੰਘ ਤੂਤ, ਫਿਰੋਜ਼ਪੁਰ

ਬੋਲਦੇ ਨੇ ਸ਼ਬਦ

ਬੋਲਦੇ ਨੇ ਸ਼ਬਦ ਵੀ, ਕਦੇ ਸੁਣ ਕੇ ਤਾਂ ਦੇਖੋ,
ਵਾਰ ਕਰਦੀ ਹੈ ਕਲਮ ਵੀ, ਮਹਿਸੂਸ ਕਰ ਕੇ ਦੇਖੋ
ਉੱਡਣ ਲਈ ਖੰਭ ਹੋਣ, ਜ਼ਰੂਰੀ ਤਾਂ ਨਹੀਂ,
ਇੱਛਾਵਾਂ ਦੇ ਅਕਾਸ਼ ‘ਤੇ ਉੱਡ ਕੇ ਤਾਂ ਦੇਖੋ ।
ਜ਼ਰੂਰੀ ਨਹੀਂ ਬੋਲ ਕੇ ਹੀ ਬਿਆਨ ਕਰੇ ਕੋਈ,
ਬੋਲਦੀ ਹੈ ਖਾਮੋਸ਼ੀ ਵੀ, ਸਮਝ ਕੇ ਤਾਂ ਦੇਖੋ।
ਹੱਸਦੇ ਹੋਏ ਬੁੱਲ੍ਹਾਂ ਦੀ ਤਸਵੀਰ ‘ਤੇ ਨਾ ਜਾਓ,
ਅੱਖਾਂ ਦੇ ਸ਼ੀਸ਼ੇ ਵਿੱਚ ਉੱਤਰ ਕੇ ਤਾਂ ਦੇਖੋ
ਆਪਣੇ ਹੀ ਗਰੂਰ ਵਿੱਚ ਕੈਦ ਨਾ ਰਹੋ,
ਦਰਦ ਨੂੰ ਕਿਸੇ ਦੇ ਸਮਝ ਕੇ ਤਾਂ ਦੇਖੋ।
ਐਪਰ ਅਜਿਹਾ ਹਰ ਇੱਕ ਲਈ ਕਰਨਾ ਹੈ ਮੁਸ਼ਕਲ,
ਅਸਲੀਅਤ ਦੀ ਜ਼ਮੀਨ ‘ਤੇ ਉੱਤਰ ਕੇ ਤਾਂ ਦੇਖੋ।
ਵਿਕਾਸ ਰਾਣੀ ਗੁਪਤਾ

ਰਿਸ਼ਤੇਦਾਰ

ਵੱਟੇ-ਵੱਟੇ ਰਹਿੰਦੇ ਸਾਡੇ ਰਿਸ਼ਤੇਦਾਰ,
ਮੂੰਹੋਂ ਕੁਝ ਨਾ ਕਹਿੰਦੇ ਸਾਡੇ ਰਿਸ਼ਤੇਦਾਰ।
ਪੀੜ ਜਿਹੀ ਕੋਈ ਸਾਂਭੀ ਫਿਰਦੇ ਸੀਨੇ ਵਿੱਚ,
ਭਾਰ ਪੀੜ ਦਾ ਸਹਿੰਦੇ ਸਾਡੇ ਰਿਸ਼ਤੇਦਾਰ।
ਘੂੰ-ਘੂੰ ਕਰਕੇ ਰੇਲ ਭਜਾਉਂਦੇ ਨੇ ਮਨ ਦੀ,
ਹਰ ਦਿਨ ਉੱਠਦੇ-ਬਹਿੰਦੇ ਸਾਡੇ ਰਿਸ਼ਤੇਦਾਰ।
ਬੀਤੀ ਕੀ ਹੈ ਗੱਲ ਕਿਸੇ ਨੂੰ ਪਤਾ ਨਹੀਂ,
ਨਾ ਪੁੱਛਦੇ ਨਾ ਕਹਿੰਦੇ ਸਾਡੇ ਰਿਸ਼ਤੇਦਾਰ।
ਪੋਲਾ-ਪੋਲਾ ਹੱਸਣ ਜਦੋਂ ਬੁਲਾ ਲਈਏ,
ਅੰਦਰੋਂ ਰਹਿੰਦੇ ਖਹਿੰਦੇ ਸਾਡੇ ਰਿਸ਼ਤੇਦਾਰ।
ਆਪਸ ਦੇ ਵਿੱਚ ਚੁਗਲੀ-ਸ਼ੁਗਲੀ ਕਰਦੇ ਨੇ,
ਸੱਚੀ ਗੱਲ ਨਾ ਸਹਿੰਦੇ ਸਾਡੇ ਰਿਸ਼ਤੇਦਾਰ।
ਚਾਚਾ-ਚਾਚੀ-ਵੀਰਾ ਕਹਿੰਦੇ ‘ਜੀ’ ਲਾ ਕੇ,
ਜੀਅ ਤੋਂ ‘ਜੀ’ ਨਾ ਕਹਿੰਦੇ ਸਾਡੇ ਰਿਸ਼ਤੇਦਾਰ।
ਪਤਾ ਨਹੀਂ ਕੀ ਹੋਇਆ ਸੁਘੜ-ਸਿਆਣੇ ਸੀ,
ਹੁਣ ਕਿਉਂ ਪੀ ਕੇ ਬਹਿੰਦੇ ਸਾਡੇ ਰਿਸ਼ਤੇਦਾਰ।
ਪੀੜਾਂ ਸਹਿੰਦੇ ਤੁਰਦੇ ਬੁੱਲ੍ਹ ਅਟੇਰ ਜਿਹੇ,
ਕਦੇ ਖਾਣ ਨੂੰ ਪੈਂਦੇ ਸਾਡੇ ਰਿਸ਼ਤੇਦਾਰ।
ਆਪਾਂ ਤਾਂ ਸਭ ਦਿਲ ਦੇ ਵਿੱਚ ਵਸਾਏ ਨੇ,
ਵੱਸਦੇ ਚੜ੍ਹਦੇ-ਲਹਿੰਦੇ ਸਾਡੇ ਰਿਸ਼ਤੇਦਾਰ।
ਜਦੋਂ ਬਹੋਨੇ ਦਾ ਨਾਂ ਸੁਣਦੇ ਫੇਰ ਚੁਕੰਨੇ ਹੋ,
ਦਿਲ ‘ਚੋਂ ਰਹਿਣ ਤ੍ਰਹਿੰਦੇ ਸਾਡੇ ਰਿਸ਼ਤੇਦਾਰ।
ਓਮਕਾਰ ਸੂਦ ਬਹੋਨਾ
ਮੋ. 96540-36080

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.