ਬਿਜਲੀ ਕਾਮਿਆਂ ਨੇ ਸੂਬੇ ਭਰ ’ਚ ਰੋਸ ਰੈਲੀਆਂ ਕਰਕੇ ਮੋਦੀ ਸਰਕਾਰ ਦੇ ਪੁਤਲੇ ਸਾੜੇ

0
141

ਬਿਜਲੀ ਕਾਮਿਆਂ ਨੇ ਸੂਬੇ ਭਰ ’ਚ ਰੋਸ ਰੈਲੀਆਂ ਕਰਕੇ ਮੋਦੀ ਸਰਕਾਰ ਦੇ ਪੁਤਲੇ ਸਾੜੇ

ਪਟਿਆਲਾ, (ਸੱਚ ਕਹੂੰ ਨਿਊਜ)। ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਫੈਸਲੇ ਤੇ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਆਫ਼ ਇਲੈਟਰੀਸਿਟੀ ਇੰਪਲਾਈਜ਼ ਅਤੇ ਇੰਜੀਨੀਅਰਜ਼ ਦੇ ਸੱਦੇ ’ਤੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਨੇ ਰੋਸ ਰੈਲੀਆਂ ਕਰਕੇ ਮੋਦੀ ਸਰਕਾਰ ਦੇ ਪੁਤਲੇ ਸਾੜੇ।

ਪੰਜਾਬ ਦੇ ਵੱਖ-ਵੱਖ ਦਫਤਰਾਂ ਅੱਗੇ ਰੋਸ ਰੈਲੀਆਂ ਨੂੰ ਸੰਬੋਧਨ ਕਰਦਿਆਂ ਜੁਆਇੰਟ ਫੋਰਮ ਦੇ ਸੂਬਾਈ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬਿ੍ਰਜ ਲਾਲ, ਹਰਜਿੰਦਰ ਸਿੰਘ ਦੁਧਾਲਾ, ਸਿਕੰਦਰ ਨਾਥ, ਬਲਵਿੰਦਰ ਸਿੰਘ ਸੰਧੂ, ਪ੍ਰੀਤਮ ਸਿੰਘ ਪਿੰਡੀ, ਕੌਰ ਸਿੰਘ ਸੋਹੀ, ਹਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਮੁਲਾਜਮ, ਮਜਦੂਰ, ਕਿਸਾਨ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਕਾਰਪੋਰੇਟ ਘਰਾਣਿਆਂ ਨੂੰ ਖੁੱਲੀਆਂ ਰਿਆਇਤਾਂ ਦੇ ਰਹੀ ਹੈ।

ਨਿੱਜੀਕਰਨ ਦੀ ਨੀਤੀ ਤਹਿਤ ਪਬਲਿਕ ਖੇਤਰ ਦੇ ਅਦਾਰੇ ਰੇਲਵੇ, ਬਿਜਲੀ, ਹਵਾਈ ਅੱਡੇ, ਬੈਂਕ, ਬੀ.ਐਸ.ਐਨ.ਐਲ. ਅਤੇ ਬੀਮਾ ਆਦਿ ਖੇਤਰ ਨਿਜੀ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਵੇਚੇ ਜਾ ਰਹੇ ਹਨ,

ਬਿਜਲੀ ਸੋਧ ਬਿੱਲ 2020 ਰਾਹੀਂ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਦਰਮਿਆਨ ਸਾਝੀ ਸੂਚੀ ਦੇ ਮੁੱਦੇ ਕੇਂਦਰ ਅਧੀਨ ਲਿਆਉਣ, ਬਿਜਲੀ ਵੰਡ ਕੰਪਨੀਆਂ ਨਿਜੀ ਕਾਰਪੋਰੇਟਾਂ ਨੂੰ ਦੇਣ, ਪ੍ਰਾਈਵੇਟ ਥਰਮਲਾਂ ਤੋਂ ਮਹਿੰਗੀ ਬਿਜਲੀ ਖਰੀਦਣ, ਪੁਰਾਣੀ ਪੈਨਸ਼ਨ ਸਕੀਮ ਖਤਮ ਕਰਕੇ ਨਵੀਂ ਪੈਨਸ਼ਨ ਸਕੀਮ ਲਾਗੂ ਕਰਨ, ਮੁਲਾਜਮਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰਨ, ਨਵੀਂ ਭਰਤੀ ਕਰਨ ਦੀ ਥਾਂ ਮੁੜ ਉਸਾਰੀ ਕਰਨ ਦੇ ਨਾਂਅ ’ਤੇ ਪੱਕੀਆਂ ਅਸਾਮੀਆਂ ਖਤਮ ਕਰ ਰਹੀ ਹੈ। ਪੁੰਜੀਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਮਜ਼ਦੂਰਾਂ ਦੀ ਲੁੱਟ ਕਰਨ ਲਈ ਖੁੱਲੀ ਛੋਟ ਦੇ ਕੇ, 44 ਲੇਬਰ ਕਾਨੂੰਨ ਖਤਮ ਕਰਕੇ 4 ਲੇਬਰ ਕੋਡ ਬਣਾ ਦਿੱਤੇ ਹਨ। ਮਜ਼ਦੂਰਾਂ ਤੋਂ 8 ਘੰਟੇ ਦੀ ਥਾਂ 12 ਘੰਟੇ ਕੰਮ ਲੈਣ ਲਈ ਸਰਕਾਰਾਂ ਵਲੋਂ ਹਦਾਇਤਾ ਕੀਤੀਆਂ ਜਾ ਰਹੀਆਂ ਹਨ।

ਇਸ ਤੋਂ ਇਲਾਵਾ ਜਗਰੂਪ ਸਿੰਘ ਮਹਿਮਦਪੁਰ, ਕਮਲਜੀਤ ਸਿੰਘ, ਕਰਮ ਚੰਦ ਖੰਨਾ, ਸੁਖਵਿੰਦਰ ਸਿੰਘ ਦੁੰਮਨਾ, ਅਵਤਾਰ ਸਿੰਘ ਕੈਂਥ, ਹਰਜੀਤ ਸਿੰਘ, ਰਾਮ ਲੁਭਾਇਆ, ਰਵੇਲ ਸਿੰਘ ਸਹਾਏਪੁਰ, ਗੁਰੀਦੱਤ ਸਿੰਘ ਸਿੱਧੂ, ਨਛੱਤਰ ਸਿੰਘ ਰਣੀਆ ਅਤੇ ਜਗਜੀਤ ਸਿੰਘ ਲਹਿਰਾ ਨੇ ਕਿਹਾ ਕਿ ਸਮੁੱਚੇ ਭਾਰਤ ਦੇ ਕਿਸਾਨ ਕੇਂਦਰ ਸਰਕਾਰ ਦੇ ਕਾਲੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਸੰਘਰਸ਼ ਕਰ ਰਹੇ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਦਬਾਉਣ ਲਈ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਥਾਂ ਜਾਬਰ ਹੱਥਕੰਡੇ ਅਤੇ ਫੁੱਟਪਾਊ ਨੀਤੀਆਂ ਅਪਣਾ ਰਹੀ ਹੈ। ਆਗੂਆਂ ਨੇ ਕਿਹਾ ਕਿ ਬਿਜਲੀ ਕਾਮੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਡੱਟ ਕੇ ਵਿਰੋਧ ਕਰਨਗੇ। ਉਨ੍ਹਾਂ ਕਿਸਾਨ ਸੰਘਰਸ਼ ਦੀ ਡੱਟ ਕੇ ਹਮਾਇਤ ਕਰਨ ਅਤੇ 6 ਫਰਵਰੀ ਨੂੰ ਉਨ੍ਹਾਂ ਵੱਲੋਂ ਉਲੀਕੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਉਨ੍ਹਾਂ ਪਾਵਰ ਕਾਰਪੋਰੇਸ਼ਨ ਵੱਲੋਂ ਪੁਨਰ ਉਸਾਰੀ ਦੇ ਨਾਮ ਤੇ ਹਜਾਰਾਂ ਪੋਸਟਾਂ ਖਤਮ ਕਰਨ ਦਾ ਸਖਤ ਨੋਟਿਸ ਲੈਂਦਿਆਂ ਜੁਆਇੰਟ ਫੋਰਮ ਨਾਲ ਕੀਤੇ ਸਮਝੌਤੇ ਅਤੇ 36 ਨੁਕਾਤੀ ਮੰਗ ਪੱਤਰ ਅਨੁਸਾਰ ਪੇ ਬੈਂਡ 1122011 ਤੋਂ ਦੇਣ, ਕੱਚੇ ਕਾਮੇ ਪੱਕੇ ਕਰਨਾ, ਪਰਖ ਕਾਲ ਸਮਾਂ ਘਟਾਉਣ, ਨਵੀਂ ਭਰਤੀ ਕਾਮਿਆਂ ਨੂੰ ਪੂਰੀ ਤਨਖਾਹ ਦੇਣ, ਸ.ਲ.ਮ. ਨੂੰ ਸੈਮੀ ਸਕਿਲਡ ਦੀ ਥਾਂ ਪੂਰਾ ਸਕੇਲ ਦੇਣ, ਮਿ੍ਰਤਕਾਂ ਦੇ ਆਸ਼ਰਿਤਾਂ ਨੂੰ ਨੌਕਰੀ ਦੇਣ, ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣ ਆਦਿ ਮੰਨੀਆਂ ਮੰਗਾਂ, ਲਾਗੂ ਕਰਨ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਕਿਹਾ ਬਿਜਲੀ ਕਾਮੇ 23 ਫਰਵਰੀ ਨੂੰ ਮੁਲਾਜਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਵੱਲੋਂ ਹੈਡ ਆਫਿਸ ਪਟਿਆਲਾ ਅੱਗੇ ਰੋਸ ਧਰਨੇ ਤੇ ਮਾਰਚ ਵਿੱਚ ਸ਼ਾਮਲ ਹੋਣਗੇ ਅਤੇ 12 ਫਰਵਰੀ ਨੂੰ ਪੰਜਾਬ ਦੇ ਯੂ.ਟੀ. ਮੁਲਾਜਮ ਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਵਲੋਂ ਮੁਹਾਲੀ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਨਗੇ।

ਇਨ੍ਹਾਂ ਮੁਜ਼ਾਹਰਿਆਂ ’ਚ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਵਰਕਰਜ਼ ਫੈਡਰੇਸ਼ਨ ਇੰਟਕ, ਪਾਵਰਕਾਮ ਅਤੇ ਟਰਾਂਸਕੋ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਅਤੇ ਇੰਪਲਾਈਜ਼ ਫੈਡਰੇਸ਼ਨ (ਫਲਜੀਤ) ਦੇ ਬਿਜਲੀ ਕਾਮੇ ਮੌਜ਼ੂਦ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.