ਕੇਂਦਰ ਵਲੋਂ ਭੇਜਿਆ ਪ੍ਰਸਤਾਵ ਕਿਸਾਨਾਂ ਵਲੋਂ ਖ਼ਾਰਜ, ਸੋਧ ਨਹੀਂ ਕਾਨੂੰਨ ਕਰੋ ਰੱਦ, ਅੱਜ ਮੀਟਿੰਗ ‘ਚ ਨਹੀਂ ਜਾਣਗੇ ਕਿਸਾਨ

0
1

ਦੇਸ ਭਰ ਵਿੱਚ ਭਾਜਪਾ ਆਗੂਆਂ ਦਾ ਕੀਤਾ ਜਾਏਗਾ ਘਿਰਾਓ

ਦਿੱਲੀ/ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਵਲੋਂ ਬੁੱਧਵਾਰ ਨੂੰ ਭੇਜੇ ਗਏ ਪ੍ਰਸਤਾਵ ਨੂੰ ਕਿਸਾਨਾਂ ਵਲੋਂ ਖਾਰਜ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਕੋਲ ਪ੍ਰਸਤਾਵ ਰਾਹੀਂ 10 ਨੁਕਤੇ ਭੇਜੇ , ਜਿਨਾਂ ਨੂੰ ਹਲ਼ ਕਰਨ ਲਈ ਸਰਕਾਰ ਤਿਆਰ ਹੈ ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਪ੍ਰਸਤਾਵ ਨੂੰ ਰੱਦ ਕਰਦੇ ਹੋਏ ਕਿਹਾ ਕਿ ਸਾਨੂੰ ਕਿਸਾਨੀ ਕਾਨੂੰਨਾਂ ਵਿੱਚ ਸੋਧ ਨਹੀਂ ਸਗੋਂ ਕਾਨੂੰਨ ਨੂੰ ਰੱਦ ਕੀਤਾ ਜਾਵੇ, ਇਸ ਲਈ ਅੱਜ ਵੀਰਵਾਰ ਨੂੰ ਹੋਣ ਵਾਲੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਵਿੱਚ ਕਿਸਾਨ ਆਗੂ ਸ਼ਾਮਲ ਨਹੀਂ ਹੋਣਗੇ।

ਦਿੱਲੀ ਵਿਖੇ ਪਿਛਲੇ 14 ਦਿਨਾਂ ਤੋਂ ਅੰਦੋਲਨ ਚਲ ਰਿਹਾ ਹੈ ਅਤੇ 6 ਵਾਰ ਕਿਸਾਨ ਆਗੂਆਂ ਨਾਲ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਵਲੋਂ ਮੀਟਿੰਗ ਕੀਤੀ ਜਾ ਚੁੱਕੀ ਹੈ ਪਰ ਹੁਣ ਤੱਕ ਦੋਹੇ ਧਿਰਾਂ ਵਿੱਚ ਕੋਈ ਵੀ ਸਹਿਮਤੀ ਨਹੀਂ ਬਣੀ। ਜਿਸ ਦੇ ਚਲਦੇ ਹੁਣ  ਕਿਸਾਨਾਂ ਦਾ ਧਰਨਾ ਦਿੱਲੀ ਵਿਖੇ ਜਾਰੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਅੜੀ ਹੋਈ ਹੈ ਤਾਂ ਉਹ ਵੀ ਪਿੱਛੇ ਨਹੀਂ ਹਟਣ ਵਾਲੇ ਹੈ। ਕੇਂਦਰ ਸਰਕਾਰ ਵੱਲੋਂ ਭੇਜੇ ਗਏ 19 ਸਫਿਆਂ ਦੇ ਪ੍ਰਸਤਾਵ ਵਿੱਚ ਕੁਲ 10 ਨੁਕਤੇ ਲਿਖੇ ਹੋਏ ਸਨ, ਜਿਸ ਵਿੱਚ ਕਿਸਾਨਾਂ ਦੇ ਸ਼ੰਕਿਆ ਸਣੇ ਉਸ ਦੇ ਜੁਆਬ ਵਿੱਚ ਹਲ ਅਤੇ ਸਪੱਸ਼ਟੀਕਰਨ ਲਿਖਿਆ ਹੋਇਆ ਸੀ, ਜਿਹੜਾ ਕਿ ਕਿਸਾਨ ਆਗੂਆਂ ਨੂੰ ਪਸੰਦ ਨਹੀਂ ਆਇਆ ਹੈ।

ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਇਸ ਪ੍ਰਸਤਾਵ ਨੂੰ ਉਨਾਂ ਵਲੋਂ ਖ਼ਾਰਜ ਕਰ ਦਿੱਤਾ ਹੈ, ਇਸ ਲਈ ਵੀਰਵਾਰ ਨੂੰ ਮੀਟਿੰਗ ਵਿੱਚ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ। ਉਨਾਂ ਇਥੇ ਇਹ ਵੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਮੁੜ ਤੋਂ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਉਸ ਨੂੰ ਦੇਖਣ ਤੋਂ ਬਾਅਦ ਮੁੜ ਤੋਂ ਕਿਸਾਨ ਆਗੂ ਮੀਟਿੰਗ ਕਰਨਗੇ ਤੋਂ ਬਾਅਦ ਹੀ ਅਗਲਾ ਕੋਈ ਫੈਸਲਾ ਲੈਣਗੇ।  ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਦੇਸ਼ ਭਰ ਵਿੱਚ ਹੁਣ ਤੋਂ ਬਾਅਦ ਭਾਜਪਾ ਦੇ ਲੀਡਰਾਂ ਅਤੇ ਸੰਸਦ ਮੈਂਬਰਾਂ ਸਣੇ ਵਿਧਾਇਕਾਂ ਦਾ ਘਿਰਾਓ ਕੀਤਾ ਜਾਏਗਾ। ਇਸ ਸਬੰਧੀ ਦੇਸ ਭਰ ਦੇ ਕਿਸਾਨ ਲੀਡਰਾਂ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ।

14 ਨੂੰ ਦੇਸ਼ ਭਰ ਵਿੱਚ ਅੰਦੋਲਨ, ਡਿਪਟੀ ਕਮਿਸ਼ਨਰ ਦਫ਼ਤਰ ਘੇਰੇ ਜਾਣਗੇ

ਕਿਸਾਨ ਆਗੂਆਂ ਨੇ ਦੱਸਿਆ ਕਿ 14 ਦਸੰਬਰ ਨੂੰ ਦੇਸ਼ ਭਰ ਵਿੱਚ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ 14  ਨੂੰ ਹਰਿਆਣਾ, ਪੰਜਾਬ, ਉੱਤਰਾਖੰਡ ਅਤੇ ਰਾਜਸਥਾਨ ਦੇ ਹਰ ਜ਼ਿਲੇ ਵਿੱਚ ਧਰਨਾ ਪ੍ਰਦਰਸ਼ਨ ਹੋਏਗਾ ਅਤੇ ਡਿਪਟੀ ਕਮਿਸ਼ਨ ਦਫ਼ਤਰਾਂ ਨੂੰ ਘੇਰਦੇ ਹੋਏ ਸਾਰਾ ਦਿਨ ਪ੍ਰਦਰਸ਼ਨ ਕੀਤੇ ਜਾਣਗੇ। ਇਸ ਤੋਂ ਬਾਅਦ ਇਨਾਂ ਚਾਰੇ ਸੂਬਿਆਂ ਦੇ ਕਿਸਾਨਾਂ ਨੂੰ ਦਿੱਲੀ ਚਲੋ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਕੂਚ ਕਰਨ ਲਈ ਕਿਹਾ ਜਾਏਗਾ ਤਾਂ ਕਿ ਦਿੱਲੀ ਵਿਖੇ ਹੋਰ ਜਿਆਦਾ ਕਿਸਾਨ ਪੁੱਜਣ । ਇਨਾਂ ਚਾਰੇ ਸੂਬਿਆਂ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਮੱਧ ਪ੍ਰਦੇਸ ਅਤੇ ਪੱਛਮੀ ਬੰਗਾਲ ਸਣੇ ਹੋਰ ਸੂਬਿਆਂ ਵਿੱਚ ਕਿਸਾਨ 14 ਨੂੰ ਪ੍ਰਦਰਸ਼ਨ ਕਰਨ ਤੋਂ ਬਾਅਦ ਲਗਾਤਾਰ ਆਪਣੇ ਆਪਣੇ ਸੂਬਿਆਂ ਵਿੱਚ ਅੰਦੋਲਨ ਕਰਦੇ ਰਹਿਣਗੇ, ਇਹਨਾਂ ਨੂੰ ਦਿੱਲੀ ਨਹੀਂ ਸੱਦਿਆਂ ਗਿਆ।

12 ਤੋਂ ਪਹਿਲਾਂ ਜੈਪੁਰ-ਦਿੱਲੀ ਐਕਸਪੈੱ੍ਰਸ ਵੇ ਹੋਏਗਾ ਜਾਮ ਤੇ ਦੇਸ਼ ਭਰ ‘ਚ ਟੋਲ ‘ਤੇ ਹੋਏਗਾ ਕਬਜ਼ਾ

ਕਿਸਾਨ ਆਗੂਆਂ ਨੇ ਦੱਸਿਆ ਕਿ ਦੇਸ਼ ਭਰ ਦੀਆ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਦਿੱਲੀ-ਜੈਪੁਰ ਐਕਸਪ੍ਰੈਸ-ਵੇ ਨੂੰ 12 ਦਸੰਬਰ ਤੋਂ ਜਾਮ ਕਰ ਦਿੱਤਾ ਜਾਏਗਾ। ਇਸ ਐਕਸਪੈੱ੍ਰਸ ਵੇ ‘ਤੇ ਦੋ ਥਾਂਵਾਂ ‘ਤੇ ਚੱਕਾ ਜਾਮ ਕੀਤਾ ਜਾਏਗਾ, ਇਸ ਐਕਸਪੈੱ੍ਰਸ ਵੇ ਨੂੰ 12 ਦਸੰਬਰ ਤੋਂ ਬਾਅਦ ਚਲਣ ਨਹੀਂ ਦਿੱਤੀ ਜਾਏਗਾ। ਇਸੇ ਤਰ੍ਹਾਂ 12 ਦਸੰਬਰ ਨੂੰ ਦੇਸ਼ ਭਰ ਦੇ ਟੋਲ ਪਲਾਜਾ ‘ਤੇ ਕਿਸਾਨ ਆਪਣਾ ਕਬਜ਼ਾ ਕਰਦੇ ਹੋਏ ਇਕ ਦਿਨ ਲਈ ਮੁਫ਼ਤ ਕਰ ਦੇਣਗੇ। ਟੋਲ ਪਲਾਜਾ ‘ਤੇ ਕਿਸਾਨੇ ਪੂਰਾ ਦਿਨ ਇੱਕ ਵੀ ਪਰਚੀ ਨਹੀਂ ਕੱਟਣ ਦੇਣਗੇ।

ਜੀਓ ਸਿਮ ਸਣੇ ਅੰਬਾਨੀ-ਅਡਾਨੀ ਦੇ ਪੈਟਰੋਲ ਪੰਪ ਦਾ ਦੇਸ਼ ਭਰ ‘ਚ ਬਾਈਕਾਟ

ਕਿਸਾਨ ਆਗੂਆਂ ਨੇ ਦੱਸਿਆ ਕਿ ਦੇਸ਼ ਪਰ ਵਿੱਚ ਜੀਓ ਸਿਮ ਦੇ ਖ਼ਿਲਾਫ਼ ਅੰਦੋਲਨ ਚਲਾਇਆ ਜਾਏਗਾ ਅਤੇ ਹਰ ਕਿਸੇ ਨੂੰ ਅਪੀਲ ਕੀਤੀ ਜਾਏਗੀ ਕਿ ਇਸ ਕੰਪਨੀ ਤੋਂ ਆਪਣੇ ਸਿਮ ਨੂੰ ਪੋਰਟ ਕਰਦੇ ਹੋਏ ਜੀਓ ਕੰਪਨੀ ਨੂੰ ਝਟਕਾ ਦਿੱਤਾ ਜਾਵੇ। ਇਸ ਦੇ ਨਾਲ ਹੀ ਅੰਬਾਨੀ ਅਤੇ ਅਡਾਨੀ ਦੇ ਪੈਟਰੋਲ ਪੰਪ ਸਣੇ ਇਨਾਂ ਦੇ ਰਿਟੇਲ ਸਟੋਰਾਂ ਦਾ ਘਿਰਾਓ ਕਰਦੇ ਹੋਏ ਉਨਾਂ ਨੂੰ ਬੰਦ ਕਰਵਾਇਆ ਜਾਏਗਾ। ਹੁਣ ਤੱਕ ਇਹ ਘਿਰਾਓ ਸਿਰਫ਼ ਪੰਜਾਬ ਤੱਕ ਹੀ ਸੀਮਤ ਸਨ ਪਰ ਹੁਣ ਤੋਂ ਬਾਅਦ ਦੇਸ਼ ਭਰ ਵਿੱਚ ਘਿਰਾਓ ਕੀਤਾ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.