ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ, ਸਗੋਂ ਦਿੱਲੀ ਦਾ ਆਪਣਾ ਪ੍ਰਦੂਸ਼ਣ

0
23

ਪੰਜਾਬ ਦੀ ਪਰਾਲੀ ਦੇ ਧੂੰਏਂ ਦੇ ਕਣ ਤਾਂ ਹਰਿਆਣਾ ਦੇ ਅੰਬਾਲਾ ਤੱਕ ਪੁੱਜਣੇ ਮੁਸ਼ਕਿਲ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਦਿੱਲੀ ‘ਚ ਵਧੇ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ ਹੈ । ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਜਾ ਰਹੀ ਅੱਗ ਦਾ ਧੂੰਆ ਦਿੱਲੀ ਤੱਕ ਨਹੀਂ ਪੁੱਜਦਾ, ਸਗੋਂ ਦਿੱਲੀ ਅੰਦਰ ਫੈਲ ਰਿਹਾ ਪ੍ਰਦੂਸਣ ਉੱਥੋਂ ਦਾ ਅੰਦਰੂਨੀ ਪ੍ਰਦੂਸ਼ਣ ਹੈ। ਇਹ ਦਾਅਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਕੀਤਾ ਗਿਆ ਹੈ। ਭਾਵੇਂ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਦਾਅਵਾ ਜਤਾਉਣ ‘ਚ ਪੱਛੜ ਕੇ ਸਾਹਮਣੇ ਆਇਆ ਹੈ, ਜਦਕਿ ਦਿੱਲੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਨੂੰ ਧੂੰਏ ਦਾ ਜ਼ਿੰਮੇਵਾਰ ਗਰਦਾਨਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਦਿੱਲੀ ‘ਚ ਫੈਲੇ ਪ੍ਰਦੂਸ਼ਣ ਲਈ ਕੇਂਦਰ ਸਰਕਾਰ ਵੱਲੋਂ ਪੰਜਾਬ, ਹਰਿਆਣਾ ਸਮੇਤ ਹੋਰਨਾਂ ਰਾਜਾਂ ਨੂੰ ਕੋਸਿਆ ਜਾਂਦਾ ਰਿਹਾ ਹੈ ਕਿ ਇੱਥੋਂ ਦੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ,

ਜਿਸ ਦਾ ਧੂੰਆ ਦਿੱਲੀ ਵੱਲ ਫੈਲਕੇ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ। ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੋਂ ਅੱਜ ਦਿੱਲੀ ਦੇ ਪ੍ਰਦੂਸ਼ਣ ਸਬੰਧੀ ਡਾਟੇ ਪੇਸ਼ ਕੀਤੇ ਗਏ ਹਨ, ਉਹ ਦਰਸਾ ਰਹੇ ਹਨ ਕਿ ਜਦੋਂ ਪੰਜਾਬ ਵਿੱਚ ਪਰਾਲੀ ਦਾ ਸੀਜ਼ਨ ਨਹੀਂ ਹੁੰਦਾ, ਉਸ ਸਮੇਂ ਵੀ ਦਿੱੱਲੀ ਪ੍ਰਦੂਸ਼ਣ ਪੱਖੋਂ ਬੇਹਾਲ ਹੀ ਰਹਿੰਦੀ ਹੈ। ਪੰਜਾਬ ਪ੍ਰਦੂਸ਼ਣ ਕਟਰੋਲ ਬੋਰਡ ਦੇ ਚੇਅਰਮੈਂਨ ਐਸ.ਐਸ. ਮਰਵਾਹਾ ਅਤੇ ਮੈਂਬਰ ਸੈਕਟਰੀ ਕਰੁਨੇਸ਼ ਗਰਗ ਨੇ ਦੱਸਿਆ ਕਿ ਪੰਜਾਬ ਅੰਦਰ ਪਰਾਲੀ ਨੂੰ ਅੱਗ ਅਕਤੂਬਰ, ਨਵੰਬਰ ਮਹੀਨੇ ਵਿੱਚ ਹੀ ਲਗਾਈ ਜਾਂਦੀ ਹੈ ਜਦਕਿ ਦਿੱਲੀ ਅੰਦਰ ਦਸੰਬਰ, ਜਨਵਰੀ ਅਤੇ ਫਰਵਰੀ ਦਾ ਏਕਿਊਆਈ ਲੈਵਲ ਮਾੜੇ ਲੈਵਲ ‘ਚ ਹੀ ਰਹਿੰਦਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਸਾਲ 2018 ਤੋਂ ਸਾਲ 2020 ਤੱਕ ਦੇ ਦਿੱਲੀ ਦੇ ਅੰਕੜੇ ਪੇਸ਼ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਜੇਕਰ ਪ੍ਰਦੂਸਿਤ ਕਣ ਪੀਐਮ 10 ਅਤੇ ਪੀਐਮ 2.5 ਦੀ ਗੱਲ ਕੀਤੀ ਜਾਵੇ ਤਾ ਪੀਐਮ 10 ਹਵਾਂ ਰਾਹੀ 25 ਕਿਲੋਮੀਟਰ ਤੋਂ 30 ਕਿਲੋਮੀਟਰ ਦੂਰ ਤੱਕ ਹੀ ਜਾ ਸਕਦਾ ਹੈ ਜਦਕਿ ਪੀਐਮ 2.5 ਹਲਕਾ ਹੁੰਦਾ ਹੈ ਇਹ 100 ਕਿਲੋਮੀਟਰ ਤੱਕ ਹੀ ਹਵਾ ‘ਚ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦਕਿ ਦਿੱਲੀ 250 ਕਿਲੋਮੀਟਰ ਤੋਂ ਵੀ ਜਿਆਦਾ ਦੂਰ ਹੈ ਜਦਕਿ ਮਾਝੇ ਤੋਂ ਤਾ ਇਹ ਦੂਰੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਕਣ ਪੀਐਮ 1 ਹੁੰਦਾ ਹੈ ਜੋਂ ਕਿ ਬਿਲਕੁੱਲ ਹੀ ਹਲਕਾ ਹੁੰਦਾ ਹੈ ਅਤੇ ਇਹ 250 ਕਿਲੋਮੀਟਰ ਤੱਕ ਜਾ ਸਕਦਾ ਹੈ, ਪਰ ਇਹ ਬਹੁਤਾ ਪ੍ਰਦੂਸ਼ਿਤ ਨਹੀਂ ਹੈ। ਉਨ੍ਹਾਂ ਸਾਫ਼ ਕੀਤਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਉੱਥੋਂ ਦੇ ਅੰਦਰੂਨੀ ਉਦਯੋਗ ਅਤੇ ਫੈਕਟਰੀਆਂ ਹੀ ਜਿੰਮੇਵਾਰ ਹਨ, ਜੋਂ ਕਿ ਦਿੱਲੀ ਦੇ ਲੋਕਾਂ ਲਈ ਪ੍ਰਦੂਸਿਤ ਦਾ ਕਾਰਨ ਬਣ ਰਹੇ ਹਨ।

ਚੇਅਰਮੈਨ ਮਰਵਾਹਾ ਨੇ ਕਿਹਾ ਕਿ ਪੰਜਾਬ ਤੇ ਦੋਸ਼ ਲਾਉਣ ਤੋਂ ਪਹਿਲਾਂ ਪ੍ਰਦੂਸਿਤ ਕਣਾਂ ਨੂੰ ਮਾਪਣ ਲਈ ਇੱਕ ਸਟੱਡੀ ਦੀ ਲੋੜ ਹੈ ਕਿ ਬਿਆਨ ਕਰ ਸਕਣ ਕਿ ਪੰਜਾਬ ਵਾਲੇ ਪ੍ਰਦੂਸ਼ਣ ਕਣ ਦਿੱਲੀ ਵਿੱਚ ਭਾਗੀਦਾਰ ਹਨ ਜਾ ਨਹੀਂ।  ਉਨ੍ਹਾਂ ਕਿਹਾ ਕਿ ਪੰਜਾਬ ਨਾਲੋਂ ਤਾ ਹਰਿਆਣਾ ਦਾ ਏਕਿਊਆਈ ਕਿਤੇ ਪ੍ਰਦੂਸਿਤ ਚੱਲ ਰਿਹਾ ਹੈ। ਜਦਕਿ ਪੰਜਾਬ ਦਾ ਏਕਿਊਆਈ ਪੱਧਰ ਦਰਮਿਆਨੇ ਪੱਧਰ ‘ਤੇ ਹੀ ਬਣਿਆ ਹੋਇਆ ਹੈ ਅਤੇ ਅਜੇ ਤੱਕ ਖਰਾਬ ਹਾਲਤ ‘ਚ ਨਹੀਂ ਪੁੱਜਿਆ। ਉਨ੍ਹਾਂ ਕਿਹਾ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਕੰਮ ਆਖਰੀ ਪੜਾਅ ਹੈ ਅਤੇ ਪਿਛਲੇ ਸਾਲ ਨਾਲੋਂ ਇਸ ਵਾਰ ਪੰਜਾਬ ਅੰਦਰ ਹਾਲਾਤ ਬਹੁਤ ਬਿਹਤਰ ਹੋਏ ਹਨ। ਉਨ੍ਹਾਂ ਕਿਹਾ ਕਿ ਬੋਰਡ ਪੰਜਾਬ ਦੇ ਪ੍ਰਦੂਸ਼ਣ ਨੂੰ ਕਟਰੋਲ ਕਰਨ ਲਈ ਆਪਣੀ ਵਾਅ ਲਗਾ ਰਿਹਾ ਹੈ।

ਲਾਕਡਾਊਨ ਵਿੱਚ ਵੀ ਦਿੱਲੀ ਦਾ ਸੂਚਕ ਅੰਕ ਤਸੱਲੀ ਵਾਲਾ ਨਹੀਂ

ਕੋਰੋਨਾ ਕਾਲ ਦੇ ਲਾਕਡਾਊਨ ਦੌਰਾਨ ਵੀ ਦਿੱਲੀ ਦਾ ਮਿਆਰੀ ਹਵਾ ਸੂਚਕ ਅੰਕ ਕੋਈ ਜ਼ਿਆਦਾ ਤਸੱਲੀ ਵਾਲਾ ਨਹੀਂ ਪਾਇਆ ਗਿਆ। ਉਨ੍ਹਾਂ ਨਾਲ ਹੀ ਜ਼ਿਕਰ ਕੀਤਾ ਕਿ ਧੂੜ ਕਣਾਂ ਦੀ ਸ਼੍ਰੇਣੀ ਪੀਐਮ-10 ਦੀ ਦਿੱਲੀ ਦੇ ਵੱਖੋ-ਵੱਖ ਥਾਵਾਂ ‘ਤੇ ਅਕਤੂਬਰ 2020 ਦੀ ਸੰਘਣੇਪਣ ਨੂੰ ਜੇਕਰ ਵਾਚਿਆ ਜਾਵੇ ਇਸ ਤੋਂ ਸਪੱਸ਼ਟ ਹੋ ਜਾਵੇਗਾ ਕਿ ਦਿੱਲੀ ਦੇ ਪ੍ਰਦੂਸ਼ਨ ‘ਚ ਪੰਜਾਬ ਦਾ ਯੋਗਦਾਨ ਬਿਲਕੁਲ ਨਹੀਂ ਹੈ।

ਅੱਗ ਲਗਾਉਣ ਦੀਆਂ ਘਟਨਾਵਾਂ ‘ਚ ਕਮੀ

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਵੇਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਾਲ 2018 ਤੋਂ ਗਿਣਤੀ ‘ਚ ਵੱਧ ਸਨ ਪਰੰਤੂ ਰਕਬੇ ਪੱਖੋਂ 10 ਤੋਂ 12 ਫੀਸਦੀ ਘੱਟ ਸਨ। ਇਸੇ ਤਰ੍ਹਾਂ ਇਸ ਸਾਲ ਜਦੋਂ 148 ਲੱਖ ਮੀਟ੍ਰਿਕ ਟਨ ਝੋਨਾ ਸੰਭਾਲਿਆ ਜਾ ਚੁੱਕਾ ਹੈ ਤਾਂ ਹੁਣ ਤੱਕ ਦੀਆਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਪਿਛਲੇ ਸਾਲ ਅੱਜ ਦੇ ਦਿਨ ਤੱਕ ਸੰਭਾਲੇ ਗਏ 114 ਮੀਟ੍ਰਿਕ ਟਨ ਮੁਕਾਬਲੇ ਘੱਟ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.