ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਦੋ ਮਹੀਨਿਆਂ ਤੋਂ ਤਨਖਾਹ ਨੂੰ ਤਰਸੇ

0
1902
  • ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਮੁੱਖ ਮੰਤਰੀ ਸਮੇਤ ਹੋਰਨਾਂ ਨੇ ਸੁੱਕੀਆਂ ਵਧਾਈਆਂ ਦੇ ਕੇ ਸਾਰਿਆ

  • ਯੂਨੀਵਰਸਿਟੀ ਦਾ ਸਥਾਪਨਾ ਦਿਵਸ ਵੀ ਨਹੀਂ ਲਿਆ ਸਕਿਆ ਮੁਲਾਜ਼ਮਾਂ ਦੇ ਚਿਹਰਿਆਂ ’ਤੇ ਰੌਣਕਾਂ

ਖੁਸ਼ਵੀਰ ਸਿੰਘ ਤੂਰ,  ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਵੇਂ ਅੱਜ ਆਪਣਾ 60ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਪਰ ਮੁਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਤਨਖਾਹਾਂ ਅਤੇ ਪੈਨਸ਼ਨਾਂ ਨੂੰ ਤਰਸਦੇ ਦਿਖਾਈ ਦਿੱਤੇ। ਉਂਜ ਭਾਵੇਂ ਯੂਨੀਵਰਸਿਟੀ ਦੇ ਸਥਾਪਨਾ ਦਿਸਵ ਮੌਕੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਜ਼ਰੂਰ ਯਾਦ ਕੀਤਾ ਗਿਆ, ਪਰ ਯੂਨੀਵਰਸਿਟੀ ਦੀ ਸਾਖ ਨੂੰ ਮੁੜ ਬਹਾਲ ਕਰਨ ਦੀ ਕੋਈ ਗੱਲ ਨਹੀਂ ਕੀਤੀ ਗਈ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ 30 ਅਪਰੈਲ 1962 ਨੂੰ ਹੋਂਦ ਵਿੱਚ ਆਈ ਸੀ।

ਯੂਨੀਵਰਸਿਟੀ ਵੱਲੋਂ ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਲਈ ਵੱਡਾ ਹੰਭਲਾ ਮਾਰਿਆ ਗਿਆ ਹੈ, ਪਰ ਸਮੇਂ ਦੇ ਗੇੜ ਅਤੇ ਰਾਜਨੀਤਿਕ ਦਖਲ ਅੰਦਾਜੀ ਨੇ ਯੂਨੀਵਰਸਿਟੀ ਦੀ ਸਾਖ ਨੂੰ ਅਜਿਹਾ ਖੋਰਾ ਲਾਇਆ ਕਿ ਅੱਜ ਯੂਨੀਵਰਸਿਟੀ ਆਪਣੇ ਵਜ਼ੂਦ ਲਈ ਲੜ ਰਹੀ ਹੈ। ਯੂਨੀਵਰਸਿਟੀ ਦੀ ਵਿੱਤੀ ਹਾਲਤ ਇਹ ਹੈ ਕਿ ਯੂਨੀਵਰਸਿਟੀ ਦੇ 4 ਹਜ਼ਾਰ ਦੇ ਕਰੀਬ ਮੁਲਾਜ਼ਮ ਮਾਰਚ ਅਤੇ ਅਪਰੈਲ ਮਹੀਨੇ ਦੀਆਂ ਤਨਖਾਹਾਂ ਨੂੰ ਤਰਸ ਰਹੇ ਹਨ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਆਦਿ ਤੇ ਇੱਕ ਮਹੀਨੇ ਵਿੱਚ ਲਗਭਗ 33 ਕਰੋੜ ਰੁਪਏ ਖਰਚ ਹੁੰਦਾ ਹੈ, ਜਦਕਿ ਦੋ ਮਹੀਨਿਆਂ ਦਾ 66 ਕਰੋੜ ਰੁਪਏ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਪੈਂਡਿੰਗ ਹੈ।

ਪਤਾ ਲੱਗਾ ਹੈ ਕਿ ਅਜੇ ਆਉਣ ਵਾਲੇ ਦਿਨਾਂ ’ਚ ਵੀ ਤਨਖਾਹ ਆਦਿ ਲਈ ਯੂਨੀਵਰਸਿਟੀ ਕੋਲ ਪੈਸਾ ਇਕੱਠਾ ਨਹੀਂ ਹੋਇਆ। ਪੰਜਾਬੀ ਯੂਨੀਵਰਸਿਟੀ 150 ਕਰੋੜ ਦੇ ਵਿੱਤੀ ਘਾਟੇ ਵਿੱਚ ਚੱਲ ਰਹੀ ਹੈ। ਪਿਛਲੇ ਸਾਲਾ ਤੋਂ ਅਜਿਹਾ ਕੋਈ ਮਹੀਨਾ ਨਹੀਂ ਗਿਆ ਕਿ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਮਿਲ ਗਈ ਹੋਵੇ। ਅੱਜ ਵੀ ਸਥਾਪਨਾ ਦਿਵਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ, ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਯੂਨੀਵਰਸਿਟੀ ਨੂੰ ਸੁੱਕੀਆਂ ਵਧਾਈਆਂ ਦੇ ਕੇ ਸਾਰ ਦਿੱਤਾ ਗਿਆ। ਮੁਲਾਜ਼ਮਾਂ ਦੇ ਚਿਹਰੇ ਸਥਾਪਨਾ ਦਿਵਸ ਮੌਕੇ ਵੀ ਬੁੱਝੇ ਹੋਏ ਹੀ ਦਿਖਾਈ ਦਿੱਤੇ।

ਦੱਸਣਯੋਗ ਹੈ ਕਿ ਅਮਰਿੰਦਰ ਸਿੰਘ ਵੱਲੋਂ ਪਿਛਲੀਆਂ ਚੋਣਾਂ ਮੌਕੇ ਵਾਅਦਾ ਕੀਤਾ ਗਿਆ ਸੀ ਕਿ ਉਹ ਯੂਨੀਵਰਸਿਟੀ ਨੂੰ ਮੁੜ ਪਹਿਲਾਂ ਵਾਲੇ ਦੌਰ ਵਿੱਚ ਲੈ ਕੇ ਜਾਣਗੇ, ਪਰ ਅਜਿਹਾ ਕੁਝ ਨਹੀਂ ਹੋਇਆ। ਯੂਨੀਵਰਸਿਟੀ ਦੀ ਸਥਿਤੀ ਇਹ ਹੈ ਕਿ ਵਿੱਤੀ ਸੰਕਟ ਨੂੰ ਦੇਖਦਿਆਂ ਵਾਈਸ ਚਾਂਸਲਰ ਖੁਦ ਲਾਭੇ ਹੋ ਰਹੇ ਹਨ। ਯੂਨੀਵਰਸਿਟੀ ਦੇ ਨਵੇਂ ਲਗਾਏ ਗਏ ਵਾਈਸ ਚਾਂਸਲਰ ਡਾ. ਅਰਵਿੰਦ ਤੋਂ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਵੱਡੀਆਂ ਉਮੀਦਾਂ ਹਨ।

ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਮਿਲੇ : ਪ੍ਰੋ. ਨਿਸ਼ਾਨ ਸਿੰਘ

ਇੱਧਰ ਪੰਜਾਬੀ ਯੂਨੀਵਰਸਿਟੀ ਦੇ ਪੂਟਾ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਹੀ ਨਹੀਂ ਮਿਲੇਗੀ ਤਾਂ ਫਿਰ ਕੰਮ ਕਿਵੇਂ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਵੀ ਰਜਿਸਟਰਾਰ ਸਮੇਤ ਹੋਰ ਅਧਿਕਾਰੀਆਂ ਨੂੰ ਮਿਲੇ ਸਨ, ਪਰ ਉਨ੍ਹਾਂ ਵੱਲੋਂ ਅਗਲੇ ਦਿਨਾਂ ਵਿੱਚ ਤਨਖਾਹ ਪਾਉਣ ਸਬੰਧੀ ਹਾਮੀ ਨਹੀਂ ਭਰੀ ਗਈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਬਚਾਉਣ ਦਾ ਇੱਕੋ ਰਾਹ ਸਰਕਾਰ ਵੱਲੋਂ ਇਸ ਨੂੰ 300 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨਾ ਹੈ। ਉਨ੍ਹਾਂ ਕਿਹਾ ਕਿ ਫੀਸਾਂ ਅਤੇ ਹੋਰ ਖਰਚੇ ਵਧਾਉਣ ਨਾਲ ਯੂਨੀਵਰਸਿਟੀ ਦਾ ਘਾਟਾ ਦੂਰ ਨਹੀਂ ਹੋਣਾ।

ਛੋਟੇ ਮੁਲਾਜ਼ਮਾਂ ਦੀ ਤਨਖ਼ਾਹ ਜਾਰੀ ਕੀਤੀ : ਪ੍ਰੋਫੈਸਰ ਅਰਵਿੰਦ

ਇਸ ਮਾਮਲੇ ਸਬੰਧੀ ਜਦੋਂ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਛੋਟੇ ਮੁਲਾਜ਼ਮ ਜੋ ਠੇਕੇ ’ਤੇ ਰੱਖੇ ਗਏ ਹਨ, ਉਨ੍ਹਾਂ ਦੀ ਤਨਖਾਹ ਜਾਰੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਜੋ ਸਰਕਾਰ ਵੱਲੋਂ 90 ਕਰੋੜ ਰੁਪਏ ਦਾ ਬਜਟ ’ਚ ਪੈਕੇਜ ਐਲਾਨਿਆ ਹੈ, ਉਸ ਦੀ ਪਹਿਲੀ ਕਿਸ਼ਤ ਦਾ ਇੰਤਜ਼ਾਰ ਹੈ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਉਹ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣਗੇ ਅਤੇ ਉਥੋਂ ਹੋਰ ਵਿੱਤੀ ਪੈਕੇਜ ਦੀ ਮੰਗ ਕਰਨਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।