ਸਕੂਲਾਂ ‘ਚ ਵਿਦਿਆਰਥੀਆਂ ਨੂੰ ਰਚਨਾਤਮਿਕ ਦਿਸ਼ਾ ਵੱਲ ਅੱਗੇ ਕਰਨ ਵਾਲਾ ਮਾਹੌਲ ਹੋਣਾ ਚਾਹੀਦੈ

0
42
Students Direction

ਸਕੂਲਾਂ ‘ਚ ਵਿਦਿਆਰਥੀਆਂ ਨੂੰ ਰਚਨਾਤਮਿਕ ਦਿਸ਼ਾ ਵੱਲ ਅੱਗੇ ਕਰਨ ਵਾਲਾ ਮਾਹੌਲ ਹੋਣਾ ਚਾਹੀਦੈ

ਵਿਦਿਆਰਥੀ ਜੀਵਨ ਦੇ ਮੁੱਢਲੇ ਦੌਰ ‘ਚ ਸਕੂਲ ਦਾ ਅਨੁਸ਼ਾਸਨ ਹੀ ਵਿਦਿਆਰਥੀਆਂ ਵਿਚਲੀਆਂ ਚਿੱਤ-ਬਿਰਤੀਆਂ ਨੂੰ ਨਿਯਮਤ ਕਰਦਾ ਹੈ ਤੇ ਉਨ੍ਹਾਂ ਅੰਦਰ ਵਿੱਦਿਆ ਦੇ ਮਕਸਦ ਨੂੰ ਦ੍ਰਿੜ ਕਰਦਾ ਹੈ। ਸਹੀ ਮਾਅਨਿਆਂ ‘ਚ ਵਿਦਿਆਰਥੀਆਂ ਦੀਆਂ ਸਰੀਰਕ, ਮਾਨਸਿਕ ਤੇ ਭਾਵਨਾਤਮਿਕ ਸਰਗਰਮੀਆਂ ਦਾ ਸਰਵਪੱਖੀ ਵਿਕਾਸ ਸੰਭਵ ਹੁੰਦਾ ਹੈ। ਅਸਲ ਅਰਥਾਂ ‘ਚ ਸਕੂਲ ਇੱਕ ਕੁਸ਼ਲ/ਪ੍ਰਤੀਬੱਧ ਅਧਿਆਪਕ, ਜਗਿਆਸੂ ਵਿਦਿਆਰਥੀ, ਵਿਗਿਆਨਕ ਤੇ ਤਰਕਸੰਗਤ ਪਾਠਕ੍ਰਮ ਤੇ ਬੁਨਿਆਦੀ ਢਾਂਚਾ ਤੇ ਲੋਕਮੁਖੀ ਸਿੱਖਿਆ ਨੀਤੀ ਦਾ ਸੁਮੇਲ ਹੁੰਦਾ ਹੈ। ਇਸ ਚੌਕੋਣ ਵਿੱਚ ਇੱਕ ਰੇਖਾ ਦੇ ਟੇਢੇ ਤੇ ਖੰਡਤ ਹੋ ਜਾਣ ਨਾਲ ਹੀ ਸਮੁੱਚਾ ਵਿੱਦਿਅਕ ਢਾਂਚਾ ਬਦਸੂਰਤ ਤੇ ਬਦਮਿਜਾਜ਼ ਹੋ ਜਾਂਦਾ ਹੈ। ਵਿਦਿਆਰਥੀਆਂ ਦਾ ਅਕਸਰ ਸਕੂਲੋਂ ਭੱਜਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਇਸ ਚੌਕੋਣ ਵਿੱਚ ਕਿਤੇ ਨਾ ਕਿਤੇ ਤਾਲਮੇਲ ਤੇ ਇਕਸਾਰਤਾ ਦੀ ਕਮੀ ਹੈ।

ਇਹ ਆਮ ਦੇਖਣ ‘ਚ ਆਇਆ ਹੈ ਕਿ ਬਹੁਤੇ ਵਿਦਿਆਰਥੀ ਅੱਧੀ ਛੁੱਟੀ ਸਾਰੀ ਕਰਕੇ ਸਕੂਲੋਂ ਭਗੌੜੇ ਹੋ ਜਾਂਦੇ ਹਨ। ਜਿਹੜੇ ਇਹ ਦਲੇਰਾਨਾ ਕਦਮ ਚੁੱਕਣ ਵਿੱਚ ਅਸਮਰਥ ਰਹਿ ਜਾਂਦੇ ਹਨ ਉਹ ਸਕੂਲੋਂ ਕਿਸੇ ਨਾ ਕਿਸੇ ਬਹਾਨੇ ਛੁੱਟੀ ਲੈਣ ‘ਚ ਕਾਮਯਾਬ ਹੋ ਜਾਂਦੇ ਹਨ। ਸਕੂਲੋਂ ਭੱਜਣ ਵਾਲੇ ਵਿਦਿਆਰਥੀਆਂ ‘ਚ ਬਹੁਤ ਵੱਡੀ ਗਿਣਤੀ ਮੁੰਡਿਆਂ ਦੀ ਹੈ। ਪੰਜਾਬ ਵਿਚਲੇ ਬਹੁਤੇ ਸਰਕਾਰੀ ਸਕੂਲ ਇਸ ਬਿਮਾਰੀ ਤੋਂ ਗ੍ਰਸਤ ਹਨ। ਇਹ ਇੱਕ ਅਜਿਹੀ ਸਮੱਸਿਆ ਹੈ ਜੋ ਕਿ ਪੂਰੇ ਸਿੱਖਿਆ ਢਾਂਚੇ ਨੂੰ ਪ੍ਰਭਾਵਿਤ ਹੀ ਨਹੀਂ ਕਰਦੀ, ਸਗੋਂ ਸਿੱਖਣ ਦੇ ਅਮਲ ਨੰ ਢਾਹੂ ਤੇ ਨਿਸਾਰੂ ਵੀ ਬਣਾਉਂਦੀ ਹੈ।

ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ

ਵਿਦਿਆਰਥੀਆਂ ਦੇ ਸਕੂਲੋਂ ਭੱਜਣ ਦੀਆਂ ਬਹੁਤੀਆਂ ਘਟਨਾਵਾਂ ਅਕਸਰ ਮੁੰਡਿਆਂ ‘ਚ ਹੀ ਜਿਆਦਾ ਵਾਪਰਦੀਆਂ ਹਨ, ਜਿਸ ਕਰਕੇ ਅਜਿਹੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਅਧਿਆਪਕਾਂ ਦੀਆਂ ਝਿੜਕਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹਾ ਕਰਨ ਨਾਲ ਵਿਦਿਆਰਥੀ ਕਈ ਵਾਰ ਸੁਧਰਨ ਦੀ ਬਜਾਇ ਵਧੇਰੇ ਢੀਠ ਤੇ ਸਖਤ ਮਿਜਾਜ਼ ਬਣ ਜਾਂਦੇ ਹਨ।  ਵਿਦਿਆਰਥੀਆਂ ਦੇ ਸਕੂਲੋਂ ਭੱਜਣ ‘ਚ ਉਹ ਵਿਦਿਆਰਥੀ ਵੀ ਸ਼ਾਮਲ ਹਨ ਜਿਹੜੇ ਅਕਸਰ ਸਕੂਲ ਨਾ ਆਉਣ ਦੀ ਪਰੰਪਰਾ ਦੇ ਹਮਾਇਤੀ ਹਨ। ਇਹ ਸਮੱਸਿਆ ਨਿੱਜੀ ਸਕੂਲਾਂ ‘ਚ ਨਾਮਾਤਰ ਦੇ ਬਰਾਬਰ ਹੈ। ਇਸ ਦਾ ਕਾਰਨ ਇਹ ਹੈ ਕਿ ਨਿੱਜੀ ਸਕੂਲਾਂ ‘ਚ ਉਹ ਬੁਨਿਆਦੀ ਢਾਂਚਾ ਮੁਹੱਈਆ ਹੈ ਜਿਹੜਾ ਕਿ ਅਧਿਆਪਨ-ਸਿੱਖਣ ਦੇ ਅਮਲ ਨੂੰ ਸੁਖਾਵਾਂ ਤੇ ਸੁਖਦ ਬਣਾਉਂਦਾ ਹੈ। ਅਧਿਆਪਨ ਤੇ ਸਿੱਖਣ ਦੀ ਇਸ ਪ੍ਰਕਿਰਿਆ ਨੁੰ ਵਧੇਰੇ ਚੁਸਤ-ਦਰੁਸਦ ਬਣਾਉਣ ਲਈ ਉਕਤ ਚਾਰ ਬੁਨਿਆਦੀ ਆਧਾਰ ਜਿੰਨੇ ਮਜ਼ਬੂਤ, ਖੂਸ਼ਹਾਲ ਤੇ ਸ਼ਕਤੀਸ਼ਾਲੀ ਹੋਣਗੇ ਵਿਦਿਆਰਥੀ ਨਾ ਸਿਰਫ਼ ਸਕੂਲ ਤੋਂ ਪਲਾਇਨ ਕਰਨ ਦਾ ਤਿਆਗ ਕਰਨਗੇ, ਸਗੋਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਵੀ ਸੰਭਵ ਹੋਵੇਗਾ।

ਅਧਿਆਪਕ ਵੱਲੋਂ ਸਾਰੇ ਵਿਸ਼ੇ ਪੜ੍ਹਾਏ ਜਾਂਦੇ

ਵਿਦਿਆਰਥੀਆਂ ‘ਚ ਪੜ੍ਹਾਈ ਪ੍ਰਤੀ ਦਿਖਾਈ ਜਾਂਦੀ ਉਦਾਸੀਨਤਾ ਤੇ ਸਕੂਲੋਂ ਭੱਜਣ ਦਾ ਪਹਿਲਾ ਅਹਿਮ ਕਾਰਨ ਅਧਿਆਪਕ ਦੀ ਕਿੱਤੇ ਪ੍ਰਤੀ ਕੁਸ਼ਲਤਾ, ਲਗਨ ਤੇ ਪ੍ਰਤੀਬੱਧਤਾ ਦੀ ਕਮੀ ਨੂੰ ਕਿਹਾ ਜਾ ਸਕਦਾ ਹੈ। ਕਈ ਅਧਿਆਪਕ ਸਿਰਫ਼ ਪੜ੍ਹਾਈ ਨੂੰ ‘ਗਲ ਪਿਆ ਢੋਲ’ ਹੀ ਸਮਝਦੇ ਹਨ। ਅਜਿਹੇ ਅਧਿਆਪਕ ਜਿਨ੍ਹਾਂ ਨੇ ਅਧਿਆਪਨ ਕਿੱਤੇ ਦੀ ਚੋਣ ਸਿਰਫ ਰੋਜ਼ੀ-ਰੋਟੀ ਦੇ ਵਸੀਲੇ ਵਜੋਂ ਕੀਤੀ ਹੁੰਦੀ ਹੈ ਉਹਨਾਂ ਦੀ ਪੜ੍ਹਾਉਣ ਦੀ ਰੁਚੀ ਵੀ ਨੀਰਸਤਾ ਤੇ ਉਦਾਸੀਨਤਾ ਵਾਲੀ ਹੀ ਹੋਵੇਗੀ। ਪ੍ਰਾਇਮਰੀ ਸਕੂਲਾਂ ਵਿੱਚ ਇੱਕ ਹੀ ਅਧਿਆਪਕ ਵੱਲੋਂ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਹਨ। ਇੱਕ ਹੀ ਅਧਿਆਪਕ ਸਾਰੇ ਵਿਸ਼ਿਆਂ ਨਾਲ ਇਨਸਾਫ਼ ਨਹੀਂ ਕਰ ਸਕਦਾ। ਪ੍ਰਾਇਮਰੀ ਜਮਾਤਾਂ ਜੋ ਕਿ ਸਮੁੱਚੀ ਸਿੱਖਿਆ ਦੀ ਬੁਨਿਆਦ ਹਨ, ਨੂੰ ਹੋਰ ਵਧੇਰੇ ਲਾਭਦਾਇਕ ਬਣਾਉਣ ਲਈ ਅਧਿਆਪਕਾਂ ਦੀ ਵੰਨਗੀ ਹੋਣੀ ਚਾਹੀਦੀ ਹੈ। ਇਸ ਪੱਧਰ ‘ਤੇ ਅਧਿਆਪਕ ਦਾ ਵਤੀਰਾ ਵਧੇਰੇ ਦਿਆਲੂ ਤੇ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ।

ਇੱਕ ਕੁਸ਼ਲ ਤੇ ਸੁਹਿਰਦ ਅਧਿਆਪਕ ਹੀ ਵਿਦਿਆਰਥੀਆਂ ਨੂੰ ਇਸ ਮਝਧਾਰ ‘ਚੋਂ ਕੱਢ ਸਕਦਾ ਹੈ

ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਭਾਵੇਂ ਵੱਖ-ਵੱਖ ਵਿਸ਼ਾ ਅਧਿਆਪਕ ਤਾਇਨਾਤ ਹੁੰਦੇ ਹਨ ਪਰੰਤੂ ਦ੍ਰਿੜ ਇੱਛਾ-ਸ਼ਕਤੀ, ਵਿਸ਼ੇ ਪ੍ਰਤੀ ਲਗਾਓ ਤੇ ਪ੍ਰਤੀਬੱਧਤਾ ਦੀ ਘਾਟ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਜੋੜਨ ਦੀ ਬਜਾਇ ਤੋੜ ਦਿੰਦੀ ਹੈ। ਆਮ ਲੋਕਾਂ ‘ਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਅੰਗਰੇਜ਼ੀ ਤੇ ਹਿਸਾਬ ਵਿਸ਼ੇ ਬਹੁਤ ਔਖੇ ਤੇ ਬਾਕੀ ਵਿਸ਼ੇ ਸੌਖੇ ਹੁੰਦੇ ਹਨ। ਆਰਟ/ਕਰਾਫਟ ਤੇ ਸਰੀਰਕ ਸਿੱਖਿਆ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਸਿਰਫ਼ ਨਜ਼ਰ ਅੰਦਾਜ਼ ਹੀ ਨਹੀਂ ਕੀਤਾ ਜਾਂਦਾ, ਸਗੋਂ ਵਿਸ਼ੇ ਵਜੋਂ ਵੀ ਨਿਗੂਣਾ ਸਮਝਿਆ ਜਾਂਦਾ ਹੈ। ਇਹ ਸਮਾਜਿਕ ਧਾਰਨਾ ਵਿਦਿਆਰਥੀਆਂ ਦੇ ਵੀ ਦਿਲੋ-ਦਿਮਾਗ ‘ਤੇ ਬੈਠ ਜਾਂਦੀ ਹੈ।

ਦਿਮਾਗੀ ਤੌਰ ‘ਤੇ ਪਹਿਲਾਂ ਹੀ ਵਿਸ਼ੇ ਨੂੰ ਸੌਖਾ ਜਾਂ ਔਖਾ ਮੰਨ ਕੇ ਉਸ ਪ੍ਰਤੀ ਆਪਣੀ ਧਾਰਨਾ ਬਣਾ ਲਈ ਜਾਂਦੀ ਹੈ। ਅਜਿਹੀ ਸਥਿਤੀ ‘ਚ ਇੱਕ ਕੁਸ਼ਲ ਤੇ ਸੁਹਿਰਦ ਅਧਿਆਪਕ ਹੀ ਵਿਦਿਆਰਥੀਆਂ ਨੂੰ ਇਸ ਮਝਧਾਰ ‘ਚੋਂ ਕੱਢ ਸਕਦਾ ਹੈ। ਅਕਸਰ ਵਿਦਿਆਰਥੀ ਸਕੂਲੋਂ ਅਜਿਹੇ ਪੀਰੀਅਡ ਦੌਰਾਨ ਹੀ ਕਿਨਾਰਾ ਕਰਦੇ ਹਨ ਜਿਨ੍ਹਾ ਨੂੰ ਪੜ੍ਹਨ ਸਮੇਂ ਜਿਆਦਾ ਔਖਾਈ ਹੁੰਦੀ ਹੈ।

ਵਿਸ਼ਾ ਅਧਿਆਪਕ ਦੀ ਸਖ਼ਸ਼ੀਅਤ ਇੰਨੀ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ ਕਿ ਵਿਦਿਆਰਥੀਆਂ ਦਾ ਮਨ ਸਕੂਲੋਂ ਭੱਜਣ ਦੀ ਬਜਾਇ ਸਕੂਲ ਆਉਣ ਨੂੰ ਕਰੇ। ਇੱਕ ਕੁਸ਼ਲ ਅਧਿਆਪਕ ਆਪਣੇ ਨਿੱਜੀ ਯਤਨਾਂ ਸਦਕਾ ਰਸਹੀਣ ਸਮਝੇ ਜਾਂਦੇ ਵਿਸ਼ੇ ਨੂੰ ਵੀ ਰਸਦਾਇਕ ਬਣਾ ਕੇ ਵਿਦਿਆਰਥੀਆਂ ਨੂੰ ਸਕੂਲੀ ਵਿੱਦਿਆ ਨਾਲ ਪੱਕੇ ਤੌਰ ‘ਤੇ ਜੋੜ ਸਕਦਾ ਹੈ। ਇਸ ਸਿਲਸਿਲੇ ‘ਚ ਦੂਜੀ ਸਭ ਤੋਂ ਅਹਿਮ ਕੜੀ ਇੱਕ ਜਗਿਆਸੂ ਵਿਦਿਆਰਥੀ ਹੈ ਜਿਹੜਾ ਕਿ ਗਿਆਨ ਪ੍ਰਾਪਤੀ ਦੀ ਮਨਸ਼ਾ ਨਾਲ ਸਕੂਲ ਆਉਂਦਾ ਹੈ। ਸਕੂਲ ਦਾ ਮਾਹੌਲ ਜੇਕਰ ਵਧੇਰੇ ਖੁਸ਼ਗ਼ਵਾਰ ਨਹੀਂ ਹੋਵੇਗਾ ਤਾਂ ਵਿਦਿਆਰਥੀ ਅੰਦਰਲੀ ਸਿੱਖਣ ਦੀ ਜਗਿਆਸਾ ਵੀ ਮੱਧਮ ਪੈ ਜਾਵੇਗੀ।

ਲਾਪਰਵਾਹੀ ਦਾ ਕਈ ਵਾਰ ਮਾਪੇ ਵੀ ਨੋਟਿਸ ਨਹੀਂ ਲੈਂਦੇ

ਜਿਹੜੇ ਵਿਦਿਆਰਥੀਆਂ ‘ਚ ਸਕੂਲ ਆਉਣ ਦੀ ਜ਼ਬਰਦਸਤ ਇੱਛਾ ਹੁੰਦੀ ਹੈ ਉਹਨਾਂ ਦੀ ਇਹ ਇੱਛਾ ਘਰੇਲੂ ਗ਼ਰੀਬੀ ਦੀ ਭੇਂਟ ਚੜ੍ਹ ਜਾਂਦੀ ਹੈ। ਅਜਿਹੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦਾ ਘਰੇਲੂ ਬੋਝ ਵੰਡਾਉਣ ਲਈ ਦਿਹਾੜੀ/ਮਜ਼ਦੂਰੀ ਵੀ ਕਰਨੀ ਪੈਂਦੀ ਹੈ। ਨਰਮੇ, ਝੋਨੇ ਤੇ ਆਲੂਆਂ ਦੇ ਸੀਜ਼ਨ ‘ਚ ਖੇਤਾਂ ‘ਚ ਕੰਮ ਕਰਦੇ ਇਹ ਵਿਦਿਆਰਥੀ ਹਰ ਕੋਈ ਦੇਖ ਸਕਦਾ ਹੈ। ਅਜਿਹੀ ਹਾਲਾਤ ਵਿੱਚ ਵਿਦਿਆਰਥੀ ਦੇ ਸਿੱਖਣ ਦੀ ਇੱਛਾ ਦਮ ਘੁੱਟ ਕੇ ਰਹਿ ਜਾਂਦੀ ਹੈ ਤੇ ਉਸ ਦੇ ਮਨ ਦੀਆਂ ਉਡਾਰੀਆਂ ਦੇ ਕੋਮਲ ਖੰਭ ਕਤਰੇ ਤੇ ਵਲੂੰਧਰੇ ਜਾਂਦੇ ਹਨ। ਕਈ ਵਾਰ ਵਿਦਿਆਰਥੀ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਨਾਲ ਦੇ ਸਾਥੀ ਜਦੋਂ ਸਕੂਲੋਂ ਭਗੌੜੇ ਹੁੰਦੇ ਹਨ ਉਹ ਵੀ ਆਪਣੀ ਇੱਛਾ ਜਾਂ ਫਿਰ ਦਬਾਅ ਕਾਰਨ ਸਕੂਲੋਂ ਪਲਾਇਨ ਕਰ ਜਾਂਦਾ ਹੈ। ਇਸ ਲਾਪਰਵਾਹੀ ਦਾ ਕਈ ਵਾਰ ਮਾਪੇ ਵੀ ਨੋਟਿਸ ਨਹੀਂ ਲੈਂਦੇ।

ਖੇਡਾਂ ਦਾ ਉਚਿਤ ਮੈਦਾਨ ਤੇ ਖੇਡਾਂ ਦੇ ਉਚਿਤ ਸਮਾਨ ਦੀ ਕਮੀ

ਖੇਡਾਂ ਦਾ ਉਚਿਤ ਮੈਦਾਨ ਤੇ ਖੇਡਾਂ ਦੇ ਉਚਿਤ ਸਮਾਨ ਦੀ ਕਮੀ ਵੀ ਵਿਦਿਆਰਥੀਆਂ ‘ਚ ਸਕੂਲ ਦੀ ਖਿੱਚ ਨੂੰ ਖਤਮ ਕਰਦੀ ਹੈ। ਪਹਿਲੀ ਤੋਂ ਅੱਠਵੀਂ ਤੱਕ ਭਾਵੇਂ ਮਿੱਡ-ਡੇ ਮੀਲ ਸਕੀਮ ਨੇ ਵਿਦਿਆਰਥੀਆਂ ਨੂੰ ਸਕੂਲ ਆਉਣ ਲਈ ਉਤਸ਼ਾਹਿਤ ਕੀਤਾ ਹੈ ਪਰੰਤੂ ਇਹਨਾਂ ਜਮਾਤਾਂ ਵਿੱਚ ਬੇਰੋਕ ਪਾਸ ਕਰਨ ਦੀ ਕਵਾਇਦ ਨੇ ਵਿਦਿਆਰਥੀਆਂ ਨੂੰ ਨਿਰਉਤਸ਼ਾਹਿਤ ਕੀਤਾ ਹੈ।

ਬਹੁਤੇ ਸਕੂਲਾਂ ‘ਚ ਹਾਜ਼ਰੀ ਦੋ ਵਕਤੀ ਨਹੀਂ ਲਗਾਈ ਜਾਂਦੀ। ਸਵੇਰ ਵੇਲੇ ਹੀ ਹਾਜ਼ਰੀ ਲਗਾ ਕੇ ਬੁੱਤਾ ਸਾਰ ਲਿਆ ਜਾਂਦਾ ਹੈ। ਵਿਦਿਆਰਥੀਆਂ ਦਾ ਲਗਾਤਾਰ ਸਮੁੱਚਾ ਮੁਲਾਂਕਣ ਵੀ ਇਸ ਪ੍ਰਤੀ ਕਾਫੀ ਹੱਦ ਤੱਕ ਜ਼ਿੰਮੇਵਾਰੀ ਨਿਭਾਅ ਸਕਦਾ ਹੈ।

ਇਸ ਲੜੀ ‘ਚ ਪਾਠਕ੍ਰਮ ਦਾ ਨਿਯਮਤ, ਵਿਗਿਆਨ ਤੇ ਤਰਕਸੰਗਤ ਨਾ ਹੋਣਾ ਵੀ ਵਿਦਿਆਰਥੀਆਂ ਵਿੱਚ ਨੀਰਸਤਾ ਪੈਦਾ ਕਰਦਾ ਹੈ। ਪਾਠਕ੍ਰਮ ਵਿੱਚ ਵੰਨ-ਸੁਵੰਨਤਾ ਹੋਣੀ ਚਾਹੀਦੀ ਹੈ। ਇਸ ਵਿੱਚ ਸਾਹਿਤਕ ਤੇ ਸਹਿਚਾਰੀ ਗਤੀਵਿਧੀਆਂ ਨੂੰ ਲਾਜ਼ਮੀ ਰੂਪ ‘ਚ ਸ਼ਾਮਲ ਕਰਨਾ ਚਾਹੀਦਾ ਹੈ।

ਸਿੱਖਿਆ-ਨੀਤੀ ਦਾ ਇੱਕ ਅਹਿਮ ਤੇ ਬੁਨਿਆਦੀ ਯੋਗਦਾਨ ਹੁੰਦਾ

ਸਕੂਲ ‘ਚ ਅਜਿਹੇ ਸੁਖਦ ਤੇ ਸੁਖਾਵੇਂ ਮਾਹੌਲ ਨਾਲ ਹੀ ਵਿਦਿਆਰਥੀਆਂ ਨੂੰ ਰਚਨਾਤਮਿਕ ਦਿਸ਼ਾ ਵੱਲ ਅੱਗੇ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਦੇ ਸਕੂਲ ‘ਚੋਂ ਭੱਜਣ ਜਾਂ ਪਲਾਇਨ ਕਰਨ ਲਈ ਸਿੱਖਿਆ-ਨੀਤੀ ਦਾ ਇੱਕ ਅਹਿਮ ਤੇ ਬੁਨਿਆਦੀ ਯੋਗਦਾਨ ਹੁੰਦਾ ਹੈ। ਕਿਸੇ ਵੀ ਦੇਸ਼/ਕੌਮ ਦੀ ਸਿੱਖਿਆ ਨੀਤੀ ਹੀ ਸਕੂਲਾਂ ਦੇ ਪ੍ਰਬੰਧ ਨੂੰ ਚਲਾਉਣ, ਅਧਿਆਪਕਾਂ ਦੀ ਭਰਤੀ ਕਰਨ ਤੇ ਪਾਠਕ੍ਰਮ ਦਾ ਨਿਰਧਾਰਨ ਕਰਦੀ ਹੈ। ਅਜਿਹਾ ਇੱਕ ਲੋਕਪੱਖੀ ਤੇ ਲੋਕਤੰਤਰਿਕ ਵਿਵਸਥਾ ‘ਚ ਹੀ ਸੰਭਵ ਹੁੰਦਾ ਹੈ।

ਸਾਡੇ ਦੇਸ਼ ‘ਚ ਭਾਵੇਂ ਲੋਕਤੰਤਰੀ ਸੰਘੀ ਢਾਂਚੇ ਦੀ ਵਿਵਸਥਾ ਹੈ ਪਰੰਤੂ ਰਾਜਸੀ ਇੱਛਾ-ਸ਼ਕਤੀ ਦੀ ਕਮੀ ਕਾਰਨ ਪੂਰਾ ਵਿੱਦਿਅਕ ਢਾਂਚਾ ਮਜ਼ਬੂਤ ਹੋਣ ਦੀ ਬਜਾਇ ਲਗਾਤਾਰ ਪੂੰਜੀਵਾਦੀ ਲੀਹਾਂ ‘ਤੇ ਸਵਾਰ ਹੋ ਰਿਹਾ ਹੈ।

ਬੇਰੁਜ਼ਗਾਰ ਅਧਿਆਪਕਾਂ ਦੀ ਇੱਕ ਵੱਡੀ ਫੌਜ ਅਧਿਆਪਨ ਦੇ ਕੰਮ ਤੋਂ ਵਾਂਝੀ ਹੈ। ਸਕੂਲਾਂ ‘ਚ ਤੀਹ ਹਜ਼ਾਰ ਦੇ ਕਰੀਬ ਵੱਖ-ਵੱਖ ਵਿਸ਼ਿਆਂ ਦੀਆਂ ਅਸਾਮੀਆਂ ਖਾਲੀ ਹਨ। ਵਿਦਿਆਰਥੀਆਂ ਤੋਂ ਇਹ ਬੇਰੁਜ਼ਗਾਰੀ ਦੀ ਹਾਲਤ ਕੋਈ ਲੁਕੀ-ਛਿਪੀ ਨਹੀਂ। ਇਸ ਦਾ ਸਿੱਧਾ ਸੰਦੇਸ਼ ਇਹ ਨਿਕਲਦਾ ਹੈ ਕਿ ਜੇਕਰ ਪੜ੍ਹ ਲਿਖ ਕੇ ਬੇਰੁਜ਼ਗਾਰ ਹੀ ਰਹਿਣਾ ਹੈ ਤਾਂ ਸਕੂਲਾਂ ‘ਚ ਪੜ੍ਹਾਈ ਕਰਨ ਦੀ ਕੀ ਜ਼ਰੂਰਤ ਹੈ।
ਵਿਜੈ ਗਰਗ,
ਸਾਬਕਾ ਪ੍ਰਿੰਸੀਪਲ, ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.