ਸੁਰੱਖਿਅਤ ਹੋਵੇ ਪੁਲਾੜ ਕੇਂਦਰ

0
8

ਸੁਰੱਖਿਅਤ ਹੋਵੇ ਪੁਲਾੜ ਕੇਂਦਰ

ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਦੇ ਸੀਨੀਅਰ ਸਲਾਹਕਾਰ ਤੇ ਵਿਗਿਆਨੀ ਤਪਨ ਮਿਸ਼ਰਾ ਨੇ ਜਿਸ ਤਰ੍ਹਾਂ ਆਪਣੇ ਖਿਲਾਫ਼ ਹੋਈਆਂ ਜਾਨਲੇਵਾ ਸਾਜਿਸ਼ਾਂ ਦਾ ਜ਼ਿਕਰ ਕੀਤਾ ਹੈ ਉਹ ਬੇਹੱਦ ਸਨਸਨੀਖੇਜ਼ ਹੈ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮਾਰਨ ਲਈ 2017 ਤੋਂ ਲੈ ਕੇ 2020 ਤੱਕ ਤਿੰਨ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਨ੍ਹਾਂ ’ਚ ਆਰਸੈਨਿਕ ਟਰਾਈ ਅਕਸਾਈਡ ਦੇਣ ਤੋਂ ਇਲਾਵਾ ਘਰ ’ਚ ਸੱਪ ਛੱਡਣਾ ਵੀ ਸ਼ਾਮਲ ਹੈ ਕੈਮੀਕਲ ਘਟ ਜਾਣ ਨਾਲ ਉਹਨਾਂ ਦੀ ਜਾਨ ਬਚ ਗਈ ਪਰ ਸਰੀਰਕ ਤੌਰ ’ਤੇ ਉਨ੍ਹਾਂ ਨੂੰ ਕਈ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਕੇ ਪੁਲਾੜ ਕੇਂਦਰ ਤੇ ਵਿਗਿਆਨੀਆਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਸਖ਼ਤ ਜ਼ਰੂਰਤ ਹੈ ਮੁਕਾਬਲੇਬਾਜੀ, ਈਰਖਾ ਤੇ ਦੇਸ਼ਾਂ ਦੀ ਆਪਸੀ ਦੁਸ਼ਮਣੀ ਦੇ ਦੌਰਾਨ ਵਿਗਿਆਨੀਆਂ ’ਤੇ ਜਾਨਲੇਵਾ ਹਮਲਿਆਂ ਦੀ ਸਾਜਿਸ਼ ਨੂੰ ਨਕਾਰਿਆ ਨਹੀਂ ਜਾ ਸਕਦਾ

ਵਿਰੋਧੀ ਮੁਲਕਾਂ ਵੱਲੋਂ ਆਪਣੇ ਦੁਸ਼ਮਣ ਮੁਲਕਾਂ ਦੀ ਫੌਜ ’ਚ ਜਾਸੂਸਾਂ ਦੀ ਘੁਸਪੈਠ ਤੋਂ ਲੈ ਕੇ ਵਿਗਿਆਨਕ ਖੋਜਾਂ ਦੀ ਗੁਪਤ ਜਾਣਕਾਰੀ ਹਾਸਲ ਕਰਨ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ ਫ਼ਿਰ ਜਦੋਂ ਕਿਸੇ ਦੇਸ਼ ਦੀ ਗੁੱਡੀ ਚੜ੍ਹ ਰਹੀ ਹੋਵੇ ਤਾਂ ਉਸ ਦਾ ਨਿਸ਼ਾਨੇ ’ਤੇ ਆਉਣਾ ਆਮ ਗੱਲ ਹੀ ਹੈ ਸਰਕਾਰ ਦੀ ਵੱਡੀ ਜਿੰਮੇਵਾਰੀ ਹੈ ਕਿ ਉਹ ਸਮੇਂ ’ਤੇ ਕਦਮ ਚੁੱਕ ਕੇ ਸੁਰੱਖਿਆ ਨੂੰ ਯਕੀਨੀ ਬਣਾਵੇ ਇਸਰੋ ਵਿਗਿਆਨੀ ਤਪਨ ਮਿਸ਼ਰਾ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਜ਼ਹਿਰ ਦੇਣ ਸਬੰਧੀ ਇੱਕ ਸਾਥੀ ਡਾਇਰੈਕਟਰ ਤੇ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ

ਇਸ ਤੋਂ ਸਾਫ਼ ਹੁੰਦਾ ਹੈ ਕਿ ਸ੍ਰੀ ਮਿਸ਼ਰਾ ਵੱਲੋਂ ਕੀਤੇ ਗਏ ਖੁਲਾਸੇ ਉਨ੍ਹਾਂ ਦੀ ਕੋਈ ਮਨਘੜਤ ਕਹਾਣੀ ਨਹੀਂ ਹਨ ਕਿਉਂਕਿ ਇਸ ਬਾਰੇ ਗ੍ਰਹਿ ਮੰਤਰਾਲੇ ਤੱਕ ਨੂੰ ਵੀ ਖਬਰ ਸੀ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਤਿੰਨ ਸਾਲ ਪਹਿਲਾਂ ਗ੍ਰਹਿ ਮੰਤਰਾਲੇ ਦੇ ਕਿਸੇ ਅਧਿਕਾਰੀ ਨੂੰ ਇਸ ਬਾਰੇ ਪਤਾ ਸੀ ਤਾਂ ਵਿਗਿਆਨੀ ਨੂੰ ਤਿੰਨ ਵਾਰੀ ਮਾਰਨ ਦੀਆਂ ਘਟਨਾਵਾਂ ਕਿਵੇਂ ਵਾਪਰ ਗਈਆਂ ਸਵਾਲ ਇਹ ਵੀ ਉੱਠਦਾ ਹੈ ਕਿ ਸਬੰਧਿਤ ਅਧਿਕਾਰੀਆਂ ਨੂੰ ਸਭ ਕੁਝ ਪਤਾ ਹੋਣ ਤੋਂ ਬਾਅਦ ਆਖ਼ਰ ਕੀਤੇ ਗਏ ਪ੍ਰਬੰਧਾਂ ’ਚ ਕਿਸ ਤਰ੍ਹਾਂ ਦੀ ਢਿੱਲ ਰਹਿ ਗਈ ਜਿਸ ਨਾਲ ਸਾਜਿਸ਼ਕਾਰੀ ਅੱਗੇ ਵਧਦਾ ਗਿਆ ਸ੍ਰੀ ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਸਾਜਿਸ਼ਾਂ ਦਾ ਮਕਸਦ ਵਪਾਰਕ ਪੱਧਰ ਦੇ ਰਡਾਰ ਬਣਾਉਣ ਵਾਲੇ ਵਿਗਿਆਨੀਆਂ ਨੂੰ ਪਾਸੇ ਕਰਨਾ ਹੈ ਸੀਨੀਅਰ ਵਿਗਿਆਨੀ ਦੇ ਦੋਸ਼ਾਂ ’ਚ ਕੀ ਸੱਚਾਈ ਹੈ ਇਸ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ ਪਰ ਪੁਲਾੜ ਕੇਂਦਰ ਤੇ ਵਿਗਿਆਨੀਆਂ ਦੀ ਸਲਾਮਤੀ ਲਈ ਸੂਹੀਆ ਤੇ ਸੁਰੱਖਿਆ ਏਜੰਸੀਆਂ ਨੂੰ ਮਜ਼ਬੂਤ ਕਰਨ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.