ਸਿੰਘੂ ਬਾਰਡਰ ‘ਤੇ ਦਿਖਦੀ ਹੈ ਅਨੇਕਤਾ ‘ਚ ਏਕਤਾ ਦੀ ਮਿਸਾਲ

0
71

ਕਿਸਾਨ ਹੀ ਨਹੀਂ ਹਰ ਵਰਗ ਕਰ ਰਿਹੈ ਕਿਸਾਨੀ ਅੰਦੋਲਨ ‘ਚ ਸਮੂਲੀਅਤ

ਸਿੰਘੂ ਬਾਰਡਰ (ਦਿੱਲੀ), (ਰਾਮ ਗੋਪਾਲ ਰਾਏਕੋਟੀ) ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂਅ ‘ਤੇ ਪਾਸ ਕੀਤੇ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਪੰਜਾਬ, ਹਰਿਆਣਾ, ਰਾਜਾਸਥਾਨ, ਯੂ.ਪੀ. ਸਮੇਤ ਦੇਸ਼ ਦਾ ਕਿਸਾਨ ਸੰਘਰਸ਼ ਦੇ ਰਾਹ ‘ਤੇ ਹੈ। ਇਹਨਾਂ ਕਾਨੂੰਨਾਂ ਨੂੰ ਕਿਸਾਨਾਂ ਲਈ ‘ਮੌਤ ਦੇ ਵਾਰੰਟ’ ਕਿਹਾ ਜਾ ਰਿਹਾ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਕਾਨੂੰਨਾਂ ਨਾਲ ਮੰਡੀ ਸਿਸਟਮ, ਸਰਕਾਰੀ ਖਰੀਦ ਤੇ ਐਮ.ਐਸ.ਪੀ. ਦਾ ਭੋਗ ਪੈ ਜਾਵੇਗਾ ਤੇ ਕਿਸਾਨ ਦੀ ਪੈਦਾਵਾਰ ਕੌਡੀਆਂ ਦੇ ਭਾਅ ਵਿਕੇਗੀ, ਜਿਸ ਨਾਲ ਕਿਸਾਨ ਮਾਰਿਆ ਜਾਵੇਗਾ, ਇਸੇ ਕਾਰਨ ਕਿਸਾਨ ਸੜਕਾਂ ‘ਤੇ ਹੈ। ਇਸੇ ਸੰਘਰਸ਼ ਦੀ ਲੜੀ ਹੇਠ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਧਰਨਾ ਦਿੱਤਾ ਜਾ ਰਿਹਾ ਹੈ ਜਿਹਨਾਂ ਵਿੱਚੋਂ ਸਿੰਘੂ ਬਾਰਡਰ ਇਸ ਸਮੇਂ ਇਸ ਸੰਘਰਸ਼ ਦਾ ਧੁਰਾ ਬਣਿਆ ਹੋਇਆ ਹੈ।

ਇਸ ਕਿਸਾਨੀ ਅੰਦੋਲਨ ‘ਚ ਕੇਵਲ ਕਿਸਾਨ ਹੀ ਨਹੀਂ ਸਗੋਂ ਹਰ ਵਰਗ ਦੇ ਲੋਕ ਆਏ ਹੋਏ ਹਨ। ਪ੍ਰੋਫੈਸਰ, ਮਾਸਟਰ , ਵਕੀਲ , ਡਾਕਟਰ, ਮਜਦੂਰ, ਆੜਤੀ, ਦੁਕਾਨਦਾਰ, ਗ੍ਰੰਥੀ, ਪੁਜਾਰੀ ਹਰ ਵਰਗ ਤੇ ਧਰਮ ਦੇ ਲੋਕ ਇੱਥੇ ਇਕੋ ਸਾਂਝੀ ਭਾਵਨਾ ਨਾਲ ਜੁੜੇ ਹੋਏ ਹਨ ਤੇ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਸੇਵਾ ਕਰ ਰਿਹਾ ਹੈ। ਕਾਮਰੇਡ ਬਖਤੌਰ ਸਿੰਘ ਪੱਟੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਆਏ ਹਨ, ਰਾਜਸੀ ਲਾਹੇ ਨਹੀਂ ਸਗੋਂ ਇਨਸਾਨੀਅਤ ਨਾਤੇ ਕਿਉਂਕਿ ਕਿਸਾਨ ਦੀ ਖੁਸ਼ਹਾਲੀ ਹੀ ਦੂਜੇ ਵਰਗਾਂ ਦੀ ਖੁਸ਼ਹਾਲੀ ਦਾ ਅਧਾਰ ਹੈ।

ਆੜਤੀ ਸੋਮ ਨਾਲ ਬਰੇਟਾ ਨੇ ਕਿਹਾ ਕਿ ਉਹਨਾਂ ਦਾ ਸਾਹ ਤਾਂ ਚਲਦਾ ਹੀ ਕਿਸਾਨ ਦੇ ਸਾਹ ਨਾਲ ਹੈ। ਵੇਰਕਾ ਤੋਂ ਬਲਦੇਵ ਸਿੰਘ ਨੇ ਕਿਹਾ ਕਿ ਇਹ ਲੜਾਈ ਇੱਕ ਰਾਜਸੀ ਨਹੀਂ ਸਗੋਂ ਸਮਾਜਿਕ ਹੈ ਤੇ ਸਮਾਜ ਦੇ ਹਰ ਵਰਗ ਦਾ ਬੰਦਾ ਇੱਥੇ ਕਿਸਾਨ ਦੇ ਹੱਕ ਵਿੱਚ ਡਟਿਆ ਹੋਇਆ ਹੈ। ਹਰਿਆਣਾ ਤੋਂ ਚੌਧਰੀ ਚੰਦੂ ਲਾਲ ਨੇ ਕਿਹਾ ਕਿ ਰਾਜਸੀ ਲੀਡਰਾਂ ਨੇ ਪੰਜਾਬੀਆਂ ਤੇ ਹਰਿਆਣਵੀਆਂ ਨੂੰ ਆਪਸ ‘ਚ ਪਾੜ ਰੱਖਿਆ ਸੀ ਪੰ੍ਰਤੂ ਇਸ ਸੰਘਰਸ਼ ਨੇ ਉਹਨਾਂ ਨੂੰ ਇੱਕ ਕਰ ਦਿੱਤਾ ਹੈ ਤੇ ਹੁਣ ਉਹ ਛੋਟੇ ਤੇ ਵੱਡੇ ਭਾਈ ਵਾਂਗ ਇਕੱਠੇ ਹੋ ਗਏ ਹਨ।

ਮਿੱਠੇ ਚੌਲਾਂ ਦਾ ਲੰਗਰ ਲਗਾਕੇ ਬੈਠੇ ਐਡਵੋਕੇਟ ਮੂਬੀਨ ਫਰੂਕੀ ਨੇ ਕਿਹਾ ਕਿ ਉਹ ਮੁਸਲਿਮ ਫੈਡਰੇਸ਼ਨ ਪੰਜਾਬ ਨਾਲ ਸਬੰਧਿਤ ਹਨ ਤੇ ਉਹਨਾਂ ਨੇ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਹੈ ਤੇ ਨਾਲ ਦੀ ਨਾਲ ਉਹ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। ਸ੍ਰੋਮਣੀ ਅਕਾਲੀ ਬੁੱਢਾ ਦਲ ਦੇ ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਕਿਰਸਾਨੀ ਦੀ ਚੜਦੀ ਕਲਾ ਨਾਲ ਹੀ ਉਹਨਾਂ ਦਾ ਵਜ਼ੂਦ ਹੈ ਤੇ ਇਸੇ ਲਈ ਉਹ ਉਹਨਾਂ ਦੀ ਹਰ ਕਿਸਮ ਦੀ ਸਹਾਇਤ ਲਈ ਇੱਥੇ ਪੁੱਜੇ ਹਨ। ਕਵੀ ਤੇ ਲੇਖਕ ਗੋਪੀ ਰਾਮ ਸਾਵਰੀਆ, ਜਿਹੜੇ ਕਿਸਾਨ ਪੱਖੀ ਗੀਤ ਗਾਉਂਦੇ ਹਨ, ਨੇ ਕਿਹਾ ਕਿ ‘ਅਗਰ ਕਿਸਾਨ ਹੈ ਤੋਂ ਹਮ ਹੈ’ ਇਸੇ ਲਈ ਉਹ ਸਾਰਾ ਦਿਨ ਇੱਥੋਂ ਉਹਨਾਂ ਦੀ ਸੇਵਾ ਲਈ ਹਾਜਰ ਰਹਿੰਦੇ ਹਨ।

‘ਜੱਟ ਜੁਗਾੜੀ ਹੁੰਦੇ ਨੇ’

ਕਿਸਾਨੀ ਸੰਘਰਸ਼ ਕਿਸਾਨਾਂ ਲਈ ‘ਜਿਉਣ-ਮਰਨ’ ਦਾ ਸੁਆਲ ਬਣਿਆ ਹੋਇਆ ਹੈ ਤੇ ਕਿਸਾਨ ਇਸ ਨੂੰ ਜਿੱਤਣ ਲਈ ਪੂਰੀ ਸਿੱਦਤ ਨਾਲ ਡਟੇ ਹੋਏ ਹਨ ਕਿਸਾਨ ਪੂਰੀ ਤਿਆਰੀ ਨਾਲ ਸੰਘਰਸ਼ ‘ਚ ਕੁੱਦੇ ਹਨ ਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦਿਆਂ ਟਰਾਲੀਆਂ ‘ਤੇ ਇਸ ਤਰ੍ਹਾਂ ਦਾ ਜੁਗਾੜ ਕੀਤਾ ਗਿਆ ਹੈ ਕਿ ਹਰ ਲੋੜ ਪੂਰੀ ਹੁੰਦੀ ਹੈ, ਜਿਸ ਤੋਂ ਇਹ ਬੋਲ ਸਹਿਜੇ ਹੀ ਸਹੀ ਸਾਬਤ ਹੁੰਦੇ ਨੇ ਕਿ ‘ਜੱਟ ਜੁਗਾੜੀ ਹੁੰਦੇ ਨੇ’ ਕਿਸਾਨਾਂ ਨੇ ਫੋਨ ਚਾਰਜ ਕਰਨ ਲਈ ਤੇ ਹੋਰ ਬਿਜਲੀ ਦੀ ਵਰਤੋਂ ਵਾਲੇ ਸਾਧਨ ਚਲਾਉਣ ਲਈ ਟਰਾਲੀਆਂ ‘ਤੇ ਹੀ ਸੋਲਰ ਪੈਨਲ ਫਿੱਟ ਕਰ ਰੱਖੇ ਹਨ ਇਸ ਦੇ ਨਾਲ ਇਸ ਅੰਦੋਲਨ ‘ਚ ਲੰਗਰ ਤਿਆਰ ਕਰਨ ਲਈ ਸਿਰਫ ਲੱਕੜਾਂ ਦੀ ਵਰਤੋਂ ਹੀ ਨਹੀਂ ਸਗੋਂ ਨਵੀਆਂ ਨਵੀਆਂ ਭੱਠੀਆਂ ਦੇਖੀਆਂ ਜਾ ਰਹੀਆਂ ਹਨ ਜੋ ਕਿ ਥੋੜ੍ਹੀਆਂ ਲੱਕੜਾਂ ਨਾਲ ਬਹੁਤ ਜ਼ਿਆਦਾ ਕੰਮ ਦੇ ਰਹੀਆਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.