ਕਦੇ ਏਦਾਂ ਵੀ ਹੁੰਦੇ ਸਨ ਵਿਆਹ…!

0
1

ਕਦੇ ਏਦਾਂ ਵੀ ਹੁੰਦੇ ਸਨ ਵਿਆਹ…!

ਸਮੇਂ ਹੋ-ਹੋ ਚਲੇ ਜਾਂਦੇ ਹਨ ਤੇ ਪਿੱਛੇ ਉਨ੍ਹਾਂ ਦੀਆਂ ਯਾਦਾਂ ਜ਼ਰੂਰ ਰਹਿ ਜਾਂਦੀਆਂ ਹਨ। ਬੇਸ਼ੱਕ ਉਹ ਸਮੇਂ ਵਾਪਸ ਤਾਂ ਕਦੇ ਵੀ ਨਹੀਂ ਆ ਸਕਦੇ ਪਰ ਯਾਦ ਹਮੇਸ਼ਾ ਆਉਂਦੀ ਰਹਿੰਦੀ ਹੈ। ਸਨ ਛਿਹੱਤਰ ਦੇ ਦਹਾਕੇ ਦੀ ਗੱਲ ਹੈ। ਉਨ੍ਹਾਂ ਸਮਿਆਂ ਵਿੱਚ ਬਰਾਤ ਰਾਤ ਰਿਹਾ ਕਰਦੀ ਸੀ। ਘਰ ਤੋਂ ਫੁਲਕਾਰੀ ਤਾਣ ਕੇ ਲਾੜੇ ਨੂੰ ਭੈਣਾਂ ਨੇ ਵਿਦਾ ਕਰਨਾ (ਬੇਸ਼ੱਕ ਕਿਤੇ-ਕਿਤੇ ਅੱਜ ਵੀ ਇਹ ਕਾਰਜ ਕੀਤਾ ਜਾਂਦਾ ਹੈ ਪਰ ਸਿਰਫ਼ ਵਿਖਾਵੇ ਦੇ ਤੌਰ ’ਤੇ) ਘਰੋਂ ਥੋੜ੍ਹੀ ਦੂਰ ਆ ਕੇ ਜੰਡੀ ਨੂੰ ਵੀ ਟੱਕ ਲਾਇਆ ਜਾਂਦਾ ਰਿਹਾ ਹੈ। ਜੰਝ ਚੜ੍ਹਨ ਤੋਂ ਇੱਕ ਰਾਤ ਪਹਿਲਾਂ ਹੀ, ਕਿਤੇ-ਕਿਤੇ ਭਾਵੇਂ ਉਸੇ ਦਿਨ ਭਾਵ ਬਰਾਤ ਚੜ੍ਹਨ ਤੋਂ ਪਹਿਲਾਂ ਵੀ ਨਹਾਈ-ਧੁਆਈ ਦਾ ਵਿਹਾਰ ਬੜੇ ਚਾਵਾਂ ਨਾਲ ਕੀਤਾ ਜਾਂਦਾ ਰਿਹਾ ਹੈ ਤੇ ਸਮੇਂ ਮੁਤਾਬਿਕ ਉਸ ਵਿਹਾਰ ਨਾਲ ਜਚਦੇ ਗੀਤ ਸਿੱਠਣੀਆਂ ਗਾਈਆਂ ਜਾਂਦੀਆਂ।

ਲਾੜੇ ਦੇ ਨਾਲ ਸਰਬਾਲੇ ਦੀ ਵੀ ਨਹਾਈ-ਧੁਆਈ ਕਰਵਾਉਣੀ ਤੇ ਸ਼ਗਨ ਵੀ ਝੋਲੀ ਪਾਉਣਾ। ਜੰਝ ਚੜ੍ਹਨ ਵੇਲੇ ਜੰਡੀ ਨੂੰ ਟੱਕ ਲਾ ਕੇ ਬਰਾਤ ਨੂੰ ਰਵਾਨਾ ਕਰਨਾ। ਬਰਾਤ ਦੇ ਨਾਲ ਹੀ ਲਾਊਡ ਸਪੀਕਰ ਵਾਲੇ ਭਾਊ ਤੇ ਲਾਗੀ ਲਿਜਾਣ ਦਾ ਰਿਵਾਜ ਵੀ ਰਿਹਾ ਹੈ। ਵਰੀ ਵਾਲਾ ਟਰੰਕ ਚੱਕਣ ਲਈ ਲਾਗੀ ਦੀ ਅਤਿਅੰਤ ਲੋੜ ਰਹਿੰਦੀ ਸੀ। ਉੱਥੇ ਆਨੰਦ ਕਾਰਜ ਜਾਂ ਫੇਰਿਆਂ ਵੇਲੇ ਲਾਗੀ ਨੂੰ ਸ਼ਗਨ ਵੀ ਦਿੱਤਾ ਜਾਂਦਾ। ਬਰਾਤ ਵਾਲੇ ਘਰੋਂ ਲੱਡੂਆਂ ਦਾ ਪੀਪਾ ਭਰ ਕੇ ਨਾਲ ਲੈ ਕੇ ਜਾਂਦੇ ਕਿਉਂਕਿ ਉਸ ਪਿੰਡ ਜਾਂ ਸ਼ਹਿਰ, ਜਿੱਥੇ ਬਰਾਤ ਨੇ ਢੁੱਕਣਾ ਹੁੰਦਾ ਸੀ, ਉੱਥੇ ਪਿੰਡ ਵਿਚੋਂ ਕਿਸੇ ਵੀ ਬਰਾਤ ਨਾਲ ਗਏ ਵੀਰ ਦੀ ਕੋਈ ਰਿਸ਼ਤੇਦਾਰੀ ਹੋਣੀ ਤਾਂ ਸ਼ਗਨ ਵਜੋਂ ਓਹਨੂੰ ਪੱਤਲ ਦੇਣ ਜਾਣਾ ਤੇ ਨਾਲ ਕੁੱਝ ਪੈਸਿਆਂ ਦਾ ਸ਼ਗਨ ਵੀ ਦੇ ਆਉਣਾ। ਬੇਸ਼ੱਕ ਜਿਸ ਘਰ ਬਰਾਤ ਢੁੱਕੀ ਹੁੰਦੀ ਸੀ ਉੱਥੋਂ ਵੀ ਪੱਤਲ ਦੇਣ ਵਾਸਤੇ ਲੱਡੂ ਲੈ ਲਏ ਜਾਂਦੇ ਸਨ,

ਪਰ ਜ਼ਿਆਦਾਤਰ ਆਪ ਹੀ ਖੁਦ ਘਰੋਂ ਲੈ ਕੇ ਵੀ ਜਾਂਦੇ ਸਨ। ਜਾਣ ਸਾਰ ਹੀ ਦੋ ਮੰਜੇ ਕੋਠੇ ਉੱਪਰ ਜੋੜ ਕੇ ਸਪੀਕਰ ਲਾ ਦੇਣਾ ਤੇ ਪਹਿਲਾ ਗੀਤ ਧਾਰਮਿਕ ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ’?ਲਾਉਣਾ, ਤੇ ਉਸ ਤੋਂ ਬਾਅਦ ਚੱਲ ਸੋ ਚੱਲ। ਪੁਰਾਣੇ ਸਮਿਆਂ ਵਿੱਚ ਲੋਕ ਉਡੀਕਦੇ ਰਹਿੰਦੇ ਸਨ ਕਿ ਫਲਾਣਾ ਸਿਹੁੰ ਕੇ ਬਰਾਤ ਆਉਣੀ ਹੈ ਦੋ ਦਿਨ ਸਪੀਕਰ ਸੁਣਾਂਗੇ, ਲਾਲ ਚੰਦ ਯਮਲਾ ਜੱਟ, ਚਾਂਦੀ ਰਾਮ ਵਲੀ ਪੁਰੀਆ, ਨਰਿੰਦਰ ਬੀਬਾ, ਅਮਰ ਸਿੰਘ ਸ਼ੌਂਕੀ ਦੀਆਂ ਵਾਰਾਂ ਜਿਨ੍ਹਾਂ ਨੂੰ ਸਾਡੇ ਪੁਰਖੇ ਫਰਮਾਇਸ਼ ਨਾਲ ਸੁਣਦੇ ਰਹੇ ਹਨ, ਆਮ ਹੀ ਸੁਣਿਆ ਕਰਦੇ ਸਨ। ਸੱਥ ਵਿੱਚ ਮੰਜੇ ਬਿਸਤਰੇ ਘਰਾਂ ’ਚੋਂ ਇਕੱਠੇ ਕਰਕੇ ਡਾਹ ਦੇਣੇ ਉੱਥੇ ਹੀ ਗਰਮ ਜਾਂ ਰੁੱਤ ਮੁਤਾਬਿਕ ਠੰਢੇ ਪਾਣੀ ਦਾ ਇੰਤਜ਼ਾਮ ਹੋਣਾ। ਉਨ੍ਹਾਂ ਸਮਿਆਂ ਵਿੱਚ ਜਿਥੇ ਵੀ ਬਰਾਤ ਪਹੁੰਚਣੀ ਮਰਾਸੀ (ਭੰਡ) ਵੀ ਆਪਣੇ-ਆਪ ਹੀ ਪਹੁੰਚ ਜਾਣੇ ਤੇ ਆਪਣੀਆਂ ਨਕਲਾਂ ਨਾਲ ਰੌਣਕਾਂ ਲਾ ਦੇਣੀਆਂ ਤੇ ਬਰਾਤੀਆਂ ਨੇ ਉਨ੍ਹਾਂ ਨੂੰ ਰੁਪੱਈਆਂ ਦੀ ਵੇਲ ਦੇਣੀ।

ਗੀਤਾਂ, ਸਿੱਠਣੀਆਂ, ਦੋਹਿਆਂ ਨਾਲ ਬਰਾਤ ਨੂੰ ਬੰਨ੍ਹ ਲੈਣਾ ਫਿਰ ਬਰਾਤ ਵਿਚੋਂ ਜੋ ਕੋਈ ਗੀਤਾਂ, ਸਿੱਠਣੀਆਂ, ਦੋਹਿਆਂ ਦੇ ਜਵਾਬ ਦੇਣ ਜਾਣਦਾ ਹੋਣਾ ਉਸ ਨੇ ਬਰਾਤ ਨੂੰ ਛੁਡਾਉਣਾ। ਸਮੇਂ ਹਾਸੇ-ਮਖੌਲ ਵਾਲੇ ਹੋਣ ਕਰਕੇ ਕੋਈ ਵੀ ਕਿਸੇ ਕਿਸਮ ਦਾ ਗੁੱਸਾ-ਗਿਲਾ ਨਹੀਂ ਸੀ ਕਰਦਾ। ਇੱਜਤਾਂ ਦੇ ਸਾਰੇ ਸਾਂਝੇ ਹੁੰਦੇ ਸਨ। ਹਰ ਇੱਕ ਧੀ-ਭੈਣ ਦੀ ਇੱਜਤ ਮਹਿਫ਼ੂਜ਼ ਹੁੰਦੀ ਸੀ। ਗੱਲ ਅਖਵਾਉਣ ਤੇ ਗੱਲ ਸਹਿਣ ਦਾ ਸਭ ਕੋਲ ਮਾਦਾ ਸੀ ਮਜ਼ਾਲ ਕੀ ਸੀ ਕਿਤੇ ਕੋਈ ਕਿਸੇ ਨੂੰ ਉੱਚਾ ਵੀ ਬੋਲਦਾ ਜਾਂ ਮਾੜੀ ਨਜਰ ਨਾਲ ਤੱਕਦਾ!

ਸਾਰੇ ਹੀ ਕਾਰ-ਵਿਹਾਰ ਸਮੇਂ ਮੁਤਾਬਿਕ ਹੋਣੇ ਰੋਟੀ, ਚਾਹ, ਛੱਲੇ-ਮੁੰਦੀਆਂ ਵਟਾਉਣੇ, ਮੱਠੀਆਂ ਚੱਬਣਾ, ਮਖੌਲ ਕਰਨੇ ਵੀ ਸਹਿਣੇ ਵੀ। ਲਾੜੇ ਦੀ ਜੁੱਤੀ ਲੁਕੋਣੀ, ਬਾਰ ਰੋਕਣਾ, ਰਿਬਨ ਕੱਟਣਾ ਆਦਿ ਸੱਭ ਵਿਹਾਰ ਸੀਮਤ ਸਮੇਂ ਵਿੱਚ ਪੂਰੇ ਕਰਨੇ ਸਮੇਂ ਦੀ ਬਹੁਤ ਕਦਰ ਹੋਇਆ ਕਰਦੀ ਸੀ। ਘਰਾਂ ਵਿੱਚ ਹੀ ਬੇਦੀ ਗੱਡ ਕੇ ਫੇਰੇ ਹੋਣੇ ਜਾਂ ਫਿਰ ਘਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆ ਕੇ ਗੁਰ ਮਰਿਆਦਾ ਅਨੁਸਾਰ ਅਨੰਦ ਕਾਰਜ ਹੋਣੇ। ਉਨ੍ਹਾਂ ਸਮਿਆਂ ਵਿੱਚ ਘਰੋਂ ਡੋਲ਼ੀ ਤੋਰਨ ਦਾ ਰਿਵਾਜ ਇਸ ਲਈ ਵੀ ਸਿਖਰਾਂ ’ਤੇ ਸੀ ਕਿ ਧੀਆਂ ਦਾ ਦਾਨ ਘਰੋਂ ਕਰਨਾ ਤਾਂ ਕਿ ਘਰ ਪਵਿੱਤਰ ਹੋ ਜਾਵੇ ਇਹ ਧਾਰਨਾ ਸੀ। ਘਰਾਂ ਵਿੱਚ ਹੀ ਟੈਂਟ ਚਾਨਣੀਆਂ ਕਨਾਤਾਂ ਲਾ ਕੇ ਜੰਝ ਦੀ ਸੇਵਾ-ਟਹਿਲ ਕੀਤੀ ਜਾਣੀ। ਸਿਫਾਰਸ਼ ਨਾਲ ਆਪਣੇ ਮਨਪਸੰਦ ਦੇ ਤਵਿਆਂ ਵਾਲੇ ਰਿਕਾਰਡ ਲਵਾਉਣੇ ਸਪੀਕਰ ਵਾਲੇ ਨੂੰ ਦੋ, ਚਾਰ ਜਾਂ ਪੰਜ ਰੁਪਏ ਖੁਸ਼ੀ ਨਾਲ ਦੇ ਦੇਣੇ ਤੇ ਓਹਨੇ ਖੁਸ਼ ਹੋ ਜਾਣਾ।

Happy Husband and Wife, Avoid, Comparison, Article, Editorial

ਬਰਾਤ ਉਨ੍ਹਾਂ ਸਮਿਆਂ ਵਿੱਚ ਟਰੈਕਟਰ-ਟਰਾਲੀਆਂ, ਟੈਕਸੀਆਂ ਜਾਂ ਟਰੱਕਾਂ ’ਤੇ ਵੀ ਜਾਣ ਦਾ ਰਿਵਾਜ ਰਿਹਾ ਹੈ ਇਸ ਨਾਲ ਇੱਕ ਪੰਥ ਦੋ ਕਾਜ ਹੋ ਜਾਇਆ ਕਰਦੇ ਸਨ ਨਾਲੇ ਤਾਂ ਦਾਜ ਵਿੱਚ ਦਿੱਤਾ ਹੋਇਆ ਸਾਮਾਨ ਘਰ ਪਹੁੰਚ ਜਾਂਦਾ ਸੀ ਤੇ ਨਾਲ ਹੀ ਬਰਾਤ ਵੀ ਟਰੱਕ ਦੇ ਟੂਲ ਵਿਚ ਬੈਠ ਕੇ ਚਲੀ ਜਾਂਦੀ ਸੀ। ਇੱਕ ਕਾਰ ਤੇ ਇੱਕ ਟਰੱਕ ਨਾਲ ਹੀ ਸਰ ਜਾਇਆ ਕਰਦਾ ਸੀ। ਅਜੋਕੇ ਦੌਰ ਵਾਂਗ ਦਾਜ ਪਹਿਲਾਂ ਦੇਣ ਦਾ ਰਿਵਾਜ਼ ਨਹੀਂ ਸੀ ਸਗੋਂ ਬਰਾਤ ਵਿਦਿਆ ਕਰਨ ਨਾਲ ਹੀ ਦਾਜ ਵਾਲਾ ਟਰੱਕ/ਟਰਾਲੀ ਨਾਲ ਕਿਸੇ ਜਿੰਮਵਾਰ ਬਰਾਤੀ ਨੂੰ ਬਿਠਾ ਕੇ ਤੋਰ ਦੇਂਦੇ, ਉੱਧਰੋਂ ਡੋਲੀ ਘਰ ਪਹੁੰਚ ਜਾਣੀ ਤੇ ਓਧਰੋਂ ਦਾਜ ਦਾ ਸਾਮਾਨ ਵੀ ਘਰ ਪਹੁੰਚ ਜਾਣਾ।

ਬਿਲਕੁਲ ਇਸੇ ਤਰ੍ਹਾਂ ਹੀ ਮੇਰਾ ਵਿਆਹ ਵੀ ਹੋਇਆ ਸੀ। ਰਸਤੇ ’ਚ ਜਾਂਦਿਆਂ ਕਿਸੇ ਦਰੱਖ਼ਤ ’ਤੇ ਮਾਖੋ ਲੱਗੀ ਸੀ ਤੇ ਟਰੱਕ ਵਿੱਚ ਉਹ ਮਾਖੋ ਵਾਲੀ ਟਾਹਣੀ ਵੱਜੀ ਤੇ ਮਾਖੋ ਦਾ ਛੱਤਾ ਸਾਰਾ ਟਰੱਕ ਦੀ ਬਾਡੀ ਵਿੱਚ ਆ ਡਿੱਗਾ। ਮੇਰੇ ਇੱਕ ਲੇਖਕ ਦੋਸਤ ਨੇ, ਜੋ ਖੁਦ ਬਰਾਤੀ ਸੀ ਉਸ ਸਮੇਂ ਦੇ ਸੀਨ ਨੂੰ ਗੀਤ ਵਿੱਚ ਵੀ ਪਰੋਇਆ ਸੀ-

  • ਜਾਂਦੀ ਬਿਡਫੋਰਡ ਸੀ ਭੱਜੀ
  • ਬਾਡੀ ਵਿੱਚ ਕਰੂੰਬਲ ਵੱਜੀ
  • ਉੱਤੇ ਹੈ ਸੀ ਮਾਖੋ ਲੱਗੀ
  • ਛੱਤਾ ਗੱਡੀ ’ਚ ਲਾਹਤਾ ਸੀ,

ਲੜੀ ਤਾਂ ਮੱਖੀ ਕੋਈ ਨੀ ਲੇਕਿਨ ਸ਼ੋਰ ਮਚਾ’ਤਾ ਸੀ…

ਭਲੇ ਸਮੇਂ ਸਨ ਘਰਾਂ ਵਿੱਚ ਵਿਆਹ ਕਰਨੇ ਜ਼ਿਆਦਾ ਅੱਡੀਆਂ ਚੁੱਕ ਕੇ ਫਾਹਾ ਨਹੀਂ ਸਨ ਲੈਂਦੇ ਲੋਕ। ਚਾਦਰ ਦੇਖ ਕੇ ਪੈਰ ਪਸਾਰਨੇ। ਕਰਜ਼ਾ ਚੁੱਕਣ ਤੋਂ ਹਰ ਇਨਸਾਨ ਡਰਿਆ ਕਰਦਾ ਸੀ। ਜੇਕਰ ਪੈਸੇ ਦਾ ਪਸਾਰ ਘੱਟ ਸੀ ਤਾਂ ਐਨੀ ਅੰਤਾਂ ਦੀ ਮਹਿੰਗਾਈ ਵੀ ਨਹੀਂ ਸੀ। ਜੇਕਰ ਉਨ੍ਹਾਂ ਸਮਿਆਂ ਨਾਲ ਅਜੋਕੇ ਸਮਿਆਂ ਦੀ ਤੁਲਨਾ ਕਰੀਏ ਤਾਂ ਜ਼ਮੀਨ-ਅਸਮਾਨ ਦਾ ਫ਼ਰਕ ਆ ਚੁੱਕਾ ਹੈ। ਮਹਿੰਗੇ-ਮਹਿੰਗੇ ਪੈਲੇਸਾਂ ਨੇ ਹਰ ਘਰ ਦਾ ਦੀਵਾਲਾ ਕੱਢ ਰੱਖਿਆ ਹੈ ਵੇਖੋ-ਵੇਖੀ ਲੋਕ ਅੱਡੀਆਂ ਚੁੱਕ ਕੇ ਫਾਹਾ ਲੈ ਰਹੇ ਹਨ। ਆਮ ਕਹਾਵਤ ‘ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ’ਕੱਲੀ’ ਵਾਂਗ ਹਰ ਅਮੀਰ-ਗਰੀਬ ਵੇਖਾ-ਵੇਖੀ ਕੰਮ ਕਰ ਰਿਹਾ ਹੈ।

ਹੁਣ ਵਿਆਹ ਨਹੀਂ ਸਗੋਂ ਸੌਦੇ ਹੁੰਦੇ ਹਨ ਜੇਕਰ ਤੁਹਾਡਾ ਬੇਟਾ ਬਾਹਰ ਹੈ ਤਾਂ ਸਾਡੀ ਕੁੜੀ ਲੈ ਜਾਵੇ, ਤੇ ਜੇ ਤੁਹਾਡੀ ਕੁੜੀ ਬਾਹਰ ਹੈ ਤਾਂ ਸਾਡਾ ਮੁੰਡਾ ਕੈਨੇਡਾ-ਇੰਗਲੈਂਡ ਪਹੁੰਚਾਓ ਇਹਦੇ ਲਈ ਡਾਲਰਾਂ/ਨੋਟਾਂ ਦੇ ਸੌਦੇ ਹੁੰਦੇ ਹਨ।  ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਮੁੜ ਪਹਿਲੇ ਸਮਿਆਂ ਨੂੰ ਅਪਣਾਈਏ, ਕਰਜੇ ਦੀ ਮਾਰ ਤੋਂ ਬਚੀਏ, ਆਪਣੇ ਅਤੀਤ ਨੂੰ ਚੇਤੇ ਰੱਖੀਏ ਤੇ ਪੁਰਖਿਆਂ ਦੀਆਂ ਆਸਾਂ ’ਤੇ ਖਰੇ ਉੱਤਰੀਏ। ਘਰ ਆਪਣਾ ਬਚੂਗਾ ਤੇ ਸੋਭਾ ਜੱਗ ਕਰੂਗਾ।

ਪਰ ਪਹਿਲ ਕਰਨ ਲਈ ਕੋਈ ਵੀ ਤਿਆਰ ਨਹੀਂ ਕੋਈ ਪਹਿਲ ਤਾਂ ਕਰਕੇ ਦੇਖੋ ਸਾਰਾ ਜਹਾਨ ਮਗਰ ਲੱਗਣ ਲਈ ਤਿਆਰ ਬੈਠਾ ਹੈ। ਅੱਜ-ਕੱਲ੍ਹ ਹਰ ਘਰ ਕਰਜਾਈ ਹੈ ਕਿਉਂਕਿ ਅਸੀਂ ਬਾਹਰਲੇ ਦੇਸ਼ਾਂ ਵਿੱਚ ਵੱਸਣ ਨੂੰ ਤਰਜੀਹ ਦੇਣ ਲੱਗ ਪਏ ਹਾਂ। ਜ਼ਮੀਨਾਂ ਗਹਿਣੇ ਬੈਅ ਕਰਕੇ ਮੁਹਾਣ ਬਾਹਰ ਦਾ ਅਖਤਿਆਰ ਕਰ ਚੁੱਕੇ ਕਰਕੇ ਹੀ ਅਸੀਂ ਕਰਜਾਈ ਹੋ ਕੇ ਖੁਦਕੁਸ਼ੀਆਂ ਦੇ ਰਾਹੇ ਪਏ ਹੋਏ ਹਾਂ। ਆਓ! ਅੱਜ ਵੀ ਆਪਣੇ ਅਤੀਤ ਨਾਲ ਜੁੜੀਏ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸੰਭਾਲਣ ਦਾ ਅਹਿਦ ਕਰੀਏ।
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਜਸਵੀਰ ਸ਼ਰਮਾ ਦੱਦਾਹੂਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.