ਕਹਾਣੀ | ਪ੍ਰਦੂਸ਼ਣ

0
19
story-pollution

Story | Pollution | ਕਹਾਣੀ | ਪ੍ਰਦੂਸ਼ਣ

ਗੁਰਬਾਜ ਸਿੰਘ ਹਰ ਸਾਲ ਹਾੜ੍ਹੀ-ਸਾਉਣੀ ਦੀ ਫ਼ਸਲ ਕੱਟਣ ਤੇ ਦੀਵਾਲੀ-ਦੁਸਹਿਰੇ ਤੋਂ ਪਹਿਲਾਂ ਆਪਣੇ ਇਲਾਕੇ ਦੇ ਪਿੰਡਾਂ ਵਿੱਚ ਜਾ ਕੇ ਵਾਤਾਵਰਨ ਬਚਾਉਣ ਦਾ ਹੋਕਾ ਦਿੰਦਾ। ਇਸ ਲਈ ਉਹ ਸੈਮੀਨਾਰ, ਨਾਟਕ, ਭਾਸ਼ਣ ਕਰਵਾ ਕੇ ਲੋਕਾਂ ਨੂੰ ਫੈਲ ਰਹੇ ਪ੍ਰਦੂਸ਼ਣ ਬਾਰੇ ਜਾਣਕਾਰੀ ਦੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਅੱਗੇ ਆਉਣ ਵਾਸਤੇ ਬੇਨਤੀ ਕਰਦਾ। ਇਸ ਤੋਂ ਇਲਾਵਾ ਪਰਾਲੀ ਨਾ ਸਾੜਨ, ਪਟਾਕੇ ਨਾ ਚਲਾਉਣ, ਪਲਾਸਟਿਕ ਦੀ ਵਰਤੋਂ ਘੱਟ ਕਰਨ ਆਦਿ ਸਬੰਧੀ ਪਰਚੇ ਛਪਾ ਕੇ ਲੋਕਾਂ ਨੂੰ ਵੰਡਦਾ।

ਗੁਰਬਾਜ ਸਿੰਘ ਵਧ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਨ ਵਿੱਚ ਹੋ ਰਹੇ ਬਦਲਾਅ ਤੋਂ ਚੰਗੀ ਤਰ੍ਹਾਂ ਜਾਣੂ ਸੀ, ਜਾਣੂ ਵੀ ਕਿਉਂ ਨਾ ਹੁੰਦਾ ਉਹ ਸੇਵਾ ਮੁਕਤ ਸਾਇੰਸ ਅਧਿਆਪਕ ਜੋ ਸੀ। ਉਸਨੂੰ ਪਤਾ ਸੀ ਕਿ ਮਨੁੱਖ ਦੀਆਂ ਗਲਤੀਆਂ ਤੇ ਮਜ਼ਬੂਰੀਆਂ ਕਾਰਨ ਹੀ ਵਾਤਾਵਰਨ ਵਿੱਚ ਵੱਖ-ਵੱਖ ਤਰ੍ਹਾਂ ਦਾ ਪ੍ਰਦੂਸ਼ਣ ਫੈਲ ਰਿਹਾ ਹੈ, ਜਿਸ ਨਾਲ ਕੁਦਰਤ ਤੇ ਮਨੁੱਖ ਵਿੱਚ ਫਾਸਲਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪ੍ਰਦੂਸ਼ਣ ਕਾਰਨ ਹੀ ਅੱਜ ਹਰ ਘਰ ਵਿੱਚ ਭਿਆਨਕ ਬਿਮਾਰੀਆਂ ਨੇ ਡੇਰਾ ਲਾਇਆ ਹੋਇਆ ਹੈ ਪਰ ਮਨੁੱਖ ਇਸ ਗੱਲ ਨੂੰ ਮੰਨਣ ਤੇ ਸਮਝਣ ਲਈ ਤਿਆਰ ਨਹੀਂ ਹੈ।

Pollution

ਅੱਜ ਵੀ ਗੁਰਬਾਜ ਸਿੰਘ ਗੁਆਂਢੀ ਪਿੰਡ ਵਿੱਚ ਵਾਤਾਵਰਨ ਬਚਾਉਣ ਸਬੰਧੀ ਛੋਟਾ ਜਿਹਾ ਪ੍ਰੋਗਰਾਮ ਕਰਵਾ ਕੇ ਵਾਪਸ ਆ ਰਿਹਾ ਸੀ। ਦੀਵਾਲੀ ਦਾ ਦਿਨ ਹੋਣ ਕਰਕੇ ਸਮਾਗਮ ਦੋ ਘੰਟਿਆਂ ਦਾ ਹੀ ਰੱਖਿਆ ਗਿਆ। ਪਰ ਵਾਪਸ ਆ ਰਿਹਾ ਗੁਰਬਾਜ ਸਿੰਘ ਦੁਪਹਿਰ ਸਮੇਂ ਹੀ ਚੱਲ ਰਹੇ ਪਟਾਕੇ ਤੇ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਦੇਖ ਕੇ ਬੇਹੱਦ ਪ੍ਰੇਸ਼ਾਨ ਸੀ ਉਹ ਮਨ ਹੀ ਮਨ ਲੋਕਾਂ ਨੂੰ ਬੁਰਾ-ਭਲਾ ਕਹਿ ਰਿਹਾ ਸੀ। ਅਸਮਾਨ ਵਿੱਚ ਫੈਲੇ ਧੂੰਏਂ ਵੱਲ ਦੇਖਦਿਆਂ ਗੁਰਬਾਜ ਸਿੰਘ ਆਪਣੇ ਬੇਟੇ ਵੀਰੂ ਦੀਆਂ ਯਾਦਾਂ ਵਿੱਚ ਗੁਆਚ ਗਿਆ। ਪਿਛਲੇ ਸਾਲ ਦੀਵਾਲੀ ਤੋਂ ਕੁੱਝ ਦਿਨ ਬਾਅਦ ਹੀ ਉਸ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮੌਤ ਦਾ ਕਾਰਨ ਵੀ ਧੂੰਆਂ ਹੀ ਸੀ ਉਹ ਧੂੰਆਂ ਜੋ ਮਜਬੂਰੀਵਸ ਕਿਸੇ ਕਿਸਾਨ ਨੇ ਆਪਣੇ ਖੇਤ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਪੈਦਾ ਕੀਤਾ ਸੀ।

Story | Pollution | ਕਹਾਣੀ | ਪ੍ਰਦੂਸ਼ਣ

ਵੀਰੂ ਦੀਆਂ ਯਾਦਾਂ ਵਿੱਚ ਗੁਆਚਿਆ ਗੁਰਬਾਜ ਸਿੰਘ ਜਦ ਘਰ ਪਹੁੰਚਿਆ ਤਾਂ ਉਸਨੂੰ ਆਪਣੇ ਵੱਡੇ ਮੁੰਡੇ ਦੇ ਘਰ ਵਿੱਚ ਚੱਲ ਰਹੇ ਪਟਾਕਿਆਂ ਦੀ ਆਵਾਜ਼ ਸੁਣ ਕੇ ਤੇ ਉੱਠ ਰਹੇ ਧੂੰਏਂ ਨੂੰ ਦੇਖ ਬਹੁਤ ਗੁੱਸਾ ਆਇਆ। ‘‘ਮੀਤੋ ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ ਅਜੇ ਵੀਰੂ ਨੂੰ ਮਰੇ ਨੂੰ ਇੱਕ ਸਾਲ ਵੀ ਨਹੀਂ ਹੋਇਆ ਤੇ ਇਹ ਖੁਸ਼ੀਆਂ ਮਨਾ ਰਹੇ ਨੇ, ਹੋਰ ਨਹੀਂ ਤਾਂ ਲੋਕਾਂ ਦੀ ਹੀ ਸ਼ਰਮ ਕਰ ਲੈਣ, ਦੇਖਣ ਵਾਲਾ ਕੀ ਕਹਿੰਦਾ ਹੋਣਾ ਇਨ੍ਹਾਂ ਨੂੰ ਚਾਅ ਚੜਿ੍ਹਆ, ਭਰਾ ਅਜੇ ਕੱਲ੍ਹ ਮਰਿਆ!’’ ਗੁਰਬਾਜ ਨੇ ਕਮਰੇ ਵਿੱਚ ਦਾਖਲ ਹੁੰਦਿਆਂ ਹੀ ਆਪਣੀ ਪਤਨੀ ਮੀਤੋ ਨੂੰ ਗੁੱਸੇ ਵਿੱਚ ਕਿਹਾ। ‘‘ਕੀ ਹੋਇਆ, ਕੀ ਗੱਲ ਏ? ਆਉਂਦੇ ਹੀ ਭਾਂਬੜ ਵਾਂਗ ਮੱਚ ਉੱਠੇ ਹੋ, ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ। ਨਿਆਣੇ ਚਲਾ ਰਹੇ ਨੇ ਪਟਾਕੇ, ਉਹਨਾਂ ਨੂੰ ਕੌਣ ਸਮਝਾਵੇ, ਨਾਲੇ ਵੀਰੂ ਦੇ ਜਵਾਕ ਵੀ ਉੱਧਰ ਹੀ ਨੇ ਉਹ ਵੀ ਸਵੇਰ ਦੀਆਂ ਲੱਗੀਆਂ ਸੀ ਪਟਾਕੇ ਲੈਣੇ ਪਟਾਕੇ ਲੈਣੇ ਕਰਨ!’’ ਮੀਤੋ ਵੀ ਅੱਗੋਂ ਰਸੋਈ ’ਚੋਂ ਨਿੱਕਲ ਗੁਰਬਾਜ ਨੂੰ ਟੁੱਟ ਕੇ ਪੈ ਗਈ।

story-pollution

Story | Pollution

ਮੀਤੋ ਨੂੰ ਗੁੱਸੇ ਵਿੱਚ ਦੇਖ ਗੁਰਬਾਜ ਠੰਢਾ ਹੋ ਗਿਆ ਤੇ ਪਿਆਰ ਨਾਲ ਕਹਿਣ ਲੱਗਿਆ, ‘‘ਉਹ ਤਾਂ ਜਵਾਕ ਨੇ ਮੀਤੋ ਪਰ ਤੁਸੀਂ ਤਾਂ ਸਿਆਣੇ ਹੋ, ਤੁਸੀਂ ਸਮਝਾ ਦਿੰਦੇ ਉਹਨਾਂ ਨੂੰ ਨਾਲੇ ਆਂਢ-ਗੁਆਂਢ ਕੀ ਸੋਚਦਾ ਹੋਣਾ? ਨਾਲੇ ਕਿੰਨਾ ਪ੍ਰਦੂਸ਼ਣ ਪੈਦਾ ਹੋ ਰਿਹਾ ਏ, ਲੋਕੀ ਕਹਿਣਗੇ ਉਂਝ ਤਾਂ ਮਾਸਟਰ ਪਿੰਡ-ਪਿੰਡ ਜਾ ਕੇ ਵਾਤਾਵਰਨ ਬਚਾਉਣ ਦਾ ਹੋਕਾ ਦਿੰਦਾ ਪਰ ਉਹਦੇ ਆਪਣੇ ਘਰ ਦੇ ਕਹਿਣੇ ਵਿੱਚ ਨਹੀਂ।’’

Pollution

‘‘ਕੁੱਝ ਨਹੀਂ ਹੁੰਦਾ ਦੋ ਮਿੰਟਾਂ ਨਾਲ ਵਾਤਾਵਰਨ ਨੂੰ, ਨਾਲੇ ਇਹ ਪ੍ਰਦੂਸ਼ਣ ਤਾਂ ਰੱਬ ਨੇ ਹੋਰ ਚਹੁੰ ਦਿਨਾਂ ਤੱਕ ਮੀਂਹ ਪਾ ਕੇ ਖੁਦ ਸਾਫ਼ ਕਰ ਦੇਣਾ ਪਰ ਉਸ ਪ੍ਰਦੂਸ਼ਣ ਦਾ ਕੀ ਜੋ ਲੋਕਾਂ ਦੇ ਮਨਾਂ ਅੰਦਰ ਭਰਿਆ ਪਿਆ ਏ, ਜਿਸ ਨੇ ਮਰਦਾਂ ਦੀ ਸੋਚ ਹੀ ਗੰਧਲੀ ਕਰ ਰੱਖੀ ਏ, ਕਦੇ ਉਸ ਦੇ ਹੱਲ ਲਈ ਵੀ ਸੋਚ ਲਵੋ।’’ ਮੀਤੋ ਦੀ ਗੱਲ ਨੇ ਗੁਰਬਾਜ ਨੂੰ ਦੁਚਿੱਤੀ ਤੇ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਉਸਨੂੰ ਸਮਝ ਨਾ ਲੱਗੀ ਉਹ ਕਿਹੜੇ ਪ੍ਰਦੂਸ਼ਣ ਦੀ ਗੱਲ ਕਰ ਰਹੀ ਏ!

Story | Pollution | ਕਹਾਣੀ | ਪ੍ਰਦੂਸ਼ਣ

‘‘ਭਗਵਾਨੇ ਮੈਂ ਕੁੱਝ ਸਮਝਿਆ ਨਹੀਂ ਤੂੰ ਕੀ ਆਖ ਰਹੀ ਏਂ, ਜੋ ਵੀ ਗੱਲ ਏ ਸਿੱਧੀ-ਸਿੱਧੀ ਦੱਸ!’’ ਗੁਰਬਾਜ ਨੇ ਕਿਹਾ।
ਮੀਤੋ ਨੇ ਅੰਦਰ ਵੱਲ ਦੇਖ ਆਖਿਆ, ‘‘ਜੇ ਤੁਸੀਂ ਘਰੇ ਰਹੋ ਤਾਂ ਕੁੱਝ ਦੱਸਾਂ। ਸਾਰਾ ਦਿਨ ਕੁਦਰਤ, ਵਾਤਾਵਰਨ, ਪ੍ਰਦੂਸ਼ਣ ਨੂੰ ਚੁੱਕ ਕੇ ਤੁਰੇ ਫਿਰਦੇ ਰਹਿੰਦੇੇ ਹੋ ਕਦੇ ਘਰ ਵੱਲ ਵੀ ਧਿਆਨ ਦੇ ਲਵੋ। ਲੋਕਾਂ ਦਾ ਆਪਣਾ ਵੀ ਦਿਮਾਗ ਕੰਮ ਕਰਦਾ, ਜੇ ਉਹਨਾਂ ਨੂੰ ਆਪਣਾ ਤੇ ਆਉਣ ਵਾਲੀ ਨਸਲ ਦਾ ਫਿਕਰ ਹੋਵੇ ਤਾਂ ਉਹ ਕਰਨ ਵਾਤਾਵਰਨ ਦੀ ਸਾਂਭ-ਸੰਭਾਲ ਪਰ ਨਹੀਂ ਉਹਨਾਂ ਨੂੰ ਤਾਂ ਚੰਦ ਦਿਨ ਦਾ ਐਸ਼ੋ-ਆਰਾਮ ਚਾਹੀਦਾ ਏ ਇਸ ਲਈ ਚਾਹੇ ਕੁਦਰਤ ਨਾਲ ਖਿਲਵਾੜ ਕਰਨਾ ਪਵੇ ਚਾਹੇ ਮਨੁੱਖ ਨਾਲ।’’

Pollution

‘‘ਮੀਤੋ ਲੋਕਾਂ ਨੂੰ ਇਸ ਲਈ ਸਮਝਾਉਣਾ ਵੀ ਜਰੂਰੀ ਏ ਜੇ ਉਹਨਾਂ ਨੂੰ ਸਮਝ ਆਏਗਾ ਤਾਂ ਉਹ ਕੁਦਰਤ ਨੂੰ ਪਿਆਰ ਕਰਨਗੇ ਤੇ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣਗੇ ਪਰ ਤੂੰ ਇਹਨੂੰ ਛੱਡ ਜੋ ਗੱਲ ਕਹਿਣੀ ਏਂ ਉਹ ਆਖ’’ ਗੁਰਬਾਜ ਨੇ ਦੁਬਾਰਾ ਫਿਰ ਗੱਲ ਦੱਸਣ ਲਈ ਕਿਹਾ।
‘‘ਜੇ ਗੱਲ ਇੱਕ ਦਿਨ ਦੀ ਹੋਵੇ ਤਾਂ ਦੱਸਾਂ, ਕਦੇ ਨੂੰਹ ਰਾਣੀ ਕੋਲ ਬੈਠ ਕੇ ਉਹਦੇ ਵੀ ਦੁੱਖ-ਦਰਦ ਸੁਣ ਲਿਆ ਕਰੋ, ਜਿਵੇਂ ਲੋਕਾਂ ਨੂੰ ਵਾਤਾਵਰਨ ਪ੍ਰਦੂਸ਼ਣ ਬਾਰੇ ਜਾਗਰੂਕ ਕਰਦੇ ਹੋ ਉਵੇਂ ਹੀ ਉਹਨਾਂ ਨੂੰ ਮਰਦ ਕੌਮ ਦੇ ਅੰਦਰ ਫੈਲ ਰਹੇ ਪ੍ਰਦੂਸ਼ਣ ਤੋਂ ਵੀ ਜਾਣੂ ਕਰਵਾਓ ਜੋ ਦਿਨੋ-ਦਿਨ ਇਨਸਾਨੀਅਤ ਨੂੰ ਨਿਗਲਦਾ ਜਾ ਰਿਹਾ ਏ।’’

Pollution

ਮੀਤੋ ਦੀ ਗੱਲ ਸੁਣ ਗੁਰਬਾਜ ਨੂੰ ਸਾਰੀ ਕਹਾਣੀ ਸਮਝ ਆ ਗਈ ਤੇ ਉਹ ਕਮਰੇ ਵਿੱਚ ਬੈਠੀ ਆਪਣੀ ਨੂੰਹ ਕੋਲ ਜਾ ਕੇ ਬੈਠ ਗਿਆ, ਉਹਦੇ ਪਿੱਛੇ ਹੀ ਮੀਤੋ ਵੀ ਆ ਗਈ। ‘‘ਕੀ ਗੱਲ ਏ ਧੀਏ?’’ ਗੁਰਬਾਜ ਨੇ ਮ੍ਰਿਤਕ ਵੀਰੂ ਦੀ ਪਤਨੀ ਦੇ ਸਿਰ ’ਤੇ ਹੱਥ ਰੱਖ ਪੁੱਛਿਆ।
ਪਿਤਾ ਦੇ ਹੱਥ ਸਿਰ ’ਤੇ ਰੱਖਦੇ ਹੀ ਰਾਣੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਤੇ ਉੱਚੀ-ਉੱਚੀ ਰੋਣ ਲੱਗ ਪਈ। ਮੀਤੋ ਨੇ ਉਹਨੂੰ ਚੁੱਪ ਕਰਵਾ ਪੀਣ ਲਈ ਪਾਣੀ ਲਿਆ ਦਿੱਤਾ। ‘‘ਦੇਖ ਰਾਣੀ ਧੀਏ ਅਸੀਂ ਕਦੇ ਵੀ ਤੈਨੂੰ ਆਪਣੀ ਨੂੰਹ ਨਹੀਂ ਸਮਝਿਆ, ਤੈਨੂੰ ਧੀ ਸਮਝਿਆ ਏ ਜੋ ਵੀ ਗੱਲ ਹੈ ਤੂੰ ਦੱਸ ਦੇ!’’ ਗੁਰਬਾਜ ਨੇ ਰਾਣੀ ਨੂੰ ਦਿਲਾਸਾ ਦਿੰਦੇ ਹੋਏ ਪੁੱਛਿਆ।

Story | Pollution | ਕਹਾਣੀ | ਪ੍ਰਦੂਸ਼ਣ

‘‘ਪਾਪਾ ਜੀ ਜਦੋਂ ਦਾ ਵੀਰੂ ਛੱਡ ਕੇ ਗਿਆ ਏ ਲੋਕੀਂ ਮੈਨੂੰ ਖਾਣ ਵਾਲੀਆਂ ਨਜ਼ਰਾਂ ਨਾਲ ਦੇਖਦੇ ਨੇ। ਸਕੂਲ ਜਾਂਦੇ ਸਮੇਂ ਤੇ ਆਉਂਦੇ ਸਮੇਂ ਗੰਦੇ-ਗੰਦੇ ਕੁਮੈਂਟ ਕਰਕੇ ਲੰਘਦੇ ਨੇ, ਹੋਰ ਤਾਂ ਹੋਰ ਤੁਹਾਡੀ ਉਮਰ ਦੇ ਬੰਦੇ ਵੀ…!’’ ਏਨਾ ਆਖ ਰਾਣੀ ਆਪਣੀ ਸੱਸ ਨੂੰ ਕਲਾਵੇ ਵਿੱਚ ਲੈ ਰੋਣ ਲੱਗ ਪਈ। ‘‘ਹੁਣ ਤੁਸੀਂ ਦੱਸੋ ਦੋਨਾਂ ਵਿਚੋਂ ਕਿਹੜਾ ਪ੍ਰਦੂਸ਼ਣ ਜਿਆਦਾ ਖ਼ਤਰਨਾਕ ਏ? ਉਹ ਜਿਹੜਾ ਲੋਕਾਂ ਦੇ ਦਿਲਾਂ ਵਿੱਚ ਫੈਲਿਆ ਅਸ਼ਲੀਲਤਾ ਵਾਲਾ ਜਿਸ ਨੇ ਉਹਨਾਂ ਦੀ ਸੋਚ ਨੂੰ ਘੇਰਾ ਪਾ ਕੇ ਇਨਸਾਨੀਅਤ ਹੀ ਖਤਮ ਕਰ ਦਿੱਤੀ, ਜਿਸ ਦੇ ਕਾਲੇ ਬੱਦਲ ਹਮੇਸ਼ਾ ਬਿਨ ਮਾਂ-ਬਾਪ ਦੀਆਂ ਬੱਚੀਆਂ ਤੇ ਭਰ ਜਵਾਨੀ ਵਿੱਚ ਵਿਧਵਾ ਹੋਈਆਂ ਕੁੜੀਆਂ ਤੇ ਗਰੀਬਾਂ ਦੀ ਇੱਜ਼ਤ ’ਤੇ ਛਾਏ ਰਹਿੰਦੇ ਨੇ ਜਾਂ ਫਿਰ ਇਹ ਇੱਕ ਦਿਨ ਦੇ ਪਟਾਕਿਆਂ ਵਾਲਾ!’’ ਮੀਤੋ ਨੇ ਆਪਣੀ ਨੂੰਹ ਨੂੰ ਚੁੱਪ ਕਰਵਾਉਂਦਿਆਂ ਬਾਹਰ ਉੱਠ ਰਹੇ ਧੂੰਏਂ ਵੱਲ ਇਸ਼ਾਰਾ ਕਰਦਿਆਂ ਕਿਹਾ।

Story | Pollution

‘‘ਮੀਤੋ ਇਹ ਦੋਨੋਂ ਪ੍ਰਦੂਸ਼ਣ ਹੀ ਸਮਾਜ ਲਈ ਬਹੁਤ ਜਿਆਦਾ ਘਾਤਕ ਨੇ ਬੱਸ ਫਰਕ ਏਨਾ ਹੈ ਕਿ ਵਾਤਾਵਰਨ ਪ੍ਰਦੂਸ਼ਣ ਮਨੁੱਖ ਤੋਂ ਲੈ ਕੇ ਧਰਤੀ ’ਤੇ ਰਹਿਣ ਵਾਲੇ ਸਾਰੇ ਜੀਵ-ਜੰਤੂਆਂ ਲਈ ਮਾਰੂ ਸਿੱਧ ਹੋ ਰਿਹਾ ਏ ਤੇ ਮਰਦਾਂ ਦੇ ਅੰਦਰ ਫੈਲ ਰਿਹਾ ਅਸ਼ਲੀਲਤਾ ਵਾਲਾ ਪ੍ਰਦੂਸ਼ਣ ਸਿਰਫ਼ ਔਰਤਾਂ ਲਈ… ਜੋ ਉਮਰਾਂ, ਰਿਸ਼ਤਿਆਂ ਦਾ ਵੀ ਲਿਹਾਜ਼ ਨਹੀਂ ਕਰਦਾ, ਬੱਸ ਭਿਆਨਕ ਬਿਮਾਰੀ ਵਾਂਗ ਉਹਨਾਂ ਨੂੰ ਕਾਮ ਵਿੱਚ ਜਕੜ ਲੈਂਦਾ ਏ। ਇਸ ਪ੍ਰਦੂਸ਼ਣ ਨੇ ਇਕੱਲੇ ਮਰਦਾਂ ਨੂੰ ਹੀ ਨਹੀਂ ਸਗੋਂ ਔਰਤਾਂ, ਬੱਚਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਏ ਜਿਵੇਂ ਵਾਤਾਵਰਨ ਪ੍ਰਦੂਸ਼ਣ ਕਾਰਨ ਫੈਲੀਆਂ ਬਿਮਾਰੀਆਂ ਨੇ…!’’ਏਨਾ ਆਖ ਗੁਰਬਾਜ ਸਿੰਘ ਕਦੇ ਅਸਮਾਨ ਵਿੱਚ ਉੱਠ ਰਹੇ ਪਟਾਕਿਆਂ ਦੇ ਧੂੰਏਂ ਤੇ ਕਦੇ ਆਪਣੀ ਨੂੰਹ ਰਾਣੀ ਵੱਲ ਦੇਖ ਰਿਹਾ ਸੀ। ਹੁਣ ਉਹ ਗੰਧਲੀ ਹੋ ਰਹੀ ਲੋਕਾਂ ਦੀ ਮਾਨਸਿਕਤਾ ਬਾਰੇ ਸੋਚ ਆਪਣੀ ਨੂੰਹ ਤੇ ਦੋਨਾਂ ਪੋਤੀਆਂ ਦੇ ਭਵਿੱਖ ਦੀ ਡੂੰਘੀ ਚਿੰਤਾ ਵਿੱਚ ਡੁੱਬ ਗਿਆ ਸੀ।
ਜਸਵੰਤ ਗਿੱਲ ਸਮਾਲਸਰ
ਮੋ. 97804-51878

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.