ਵਿਦਿਆਰਥੀ ਮਨ, ਉਤਸ਼ਾਹ ਅਤੇ ਵਿਸ਼ਵਾਸ ਨਾਲ ਫੈਸਲੇ ਲੈਣ

0
62

ਵਿਦਿਆਰਥੀ ਮਨ, ਉਤਸ਼ਾਹ ਅਤੇ ਵਿਸ਼ਵਾਸ ਨਾਲ ਫੈਸਲੇ ਲੈਣ

ਕਈ ਵਾਰ ਵਿਦਿਆਰਥੀ ਰੁਟੀਨ ਦੇ ਕੰਮਾਂ ’ਚ ਫਸੇ ਰਹਿੰਦੇ ਹਨ। ਰੋਜ਼ਾਨਾ ਦੇ ਕੰਮਾਂ ਦੇ ਨਾਲ-ਨਾਲ ਇਹ ਕੋਸ਼ਿਸ਼ ਵੀ ਕਰੋ ਕਿ ਰੁਟੀਨ ਦੇ ਕੰਮ ਤੋਂ ਹਟ ਕੇ ਕੁਝ ਕੀਤਾ ਜਾਵੇ। ਜਿਹੜਾ ਵਰਕ-ਆਊਟ ਰੋਜ਼ਾਨਾ ਕਰਦੇ ਹੋ, ਉਸ ਵਿਚ ਤਬਦੀਲੀ ਕਰੋ
ਅੱਜ ਵਿਦਿਆਰਥੀ ਨੂੰ ਬਹੁਤ ਸਾਰੇ ਮੁਕਾਬਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਕੋਈ ਕਰੀਅਰ ’ਚ ਅੱਗੇ ਵਧਣਾ ਚਾਹੁੰਦਾ ਹੈ ਤੇ ਸਫਲਤਾ ਹਾਸਲ ਕਰਨੀ ਚਾਹੁੰਦਾ ਹੈ। ਇਸ ਲਈ ਮੈਂਟਲ ਫਿਟਨੈੱਸ ਬੇਹੱਦ ਜ਼ਰੂਰੀ ਹੈ। ਮਾਨਸਿਕ ਤੌਰ ’ਤੇ ਕਮਜ਼ੋਰ ਵਿਦਿਆਰਥੀ ਜਲਦੀ ਹਾਰ ਮੰਨ ਲੈਂਦੇ ਹਨ ਤੇ ਆਪਣੇ ਮਕਸਦ ਤੋਂ ਦੂਰ ਰਹਿ ਜਾਂਦੇ ਹਨ।

ਅਜੋਕਾ ਸਮਾਂ ਮੁਕਾਬਲੇਬਾਜ਼ੀ ਦਾ ਹੈ। ਇਹ ਕਰੀਅਰ ’ਚ ਨਵੀਆਂ ਉਚਾਈਆਂ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਦਾ ਦੌਰ ਹੈ। ਕਰੀਅਰ ਚਾਹੇ ਐੱਮਬੀਏ ’ਚ ਹੋਵੇ ਜਾਂ ਹੋਟਲ ਮੈਨੇਜਮੈਂਟ ’ਚ, ਰੇਡੀਓ ਜੌਕੀ ਜਾਂ ਐਨੀਮੇਸ਼ਨ ’ਚ, ਅੱਜ ਹਰ ਵਿਦਿਆਰਥੀ ਲਈ ਜ਼ਰੂਰੀ ਹੈ ਕਿ ਉਹ ਮਾਨਸਿਕ ਤੌਰ ’ਤੇ ਤਾਕਤਵਰ ਹੋਵੇ। ਮਾਨਸਿਕ ਤੌਰ ’ਤੇ ਕਮਜ਼ੋਰ ਵਿਦਿਆਰਥੀ ਨਿਰਾਸ਼ਾ ਤੇ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ। ਸਾਡਾ ਮਾਨਸਿਕ ਸੰਤੁਲਨ ਅਜਿਹਾ ਹੋਣਾ ਚਾਹੀਦਾ ਹੈ ਕਿ ਪ੍ਰਤੀਕੂਲ ਹਾਲਾਤ ਵਿਚ ਵਿਚਰਦੇ ਹੋਏ ਵੀ ਅਸੀਂ ਹਰ ਮੁਸ਼ਕਲ ਨੂੰ ਪਾਰ ਕਰ ਕੇ ਅੱਗੇ ਵਧ ਸਕੀਏ।

ਆਪਣੇ ਮਨੋਬਲ ’ਚ ਵਾਧਾ ਕਰਨ ਲਈ ਵਿਦਿਆਰਥੀ ਨੂੰ ਉਨ੍ਹਾਂ ਲੋਕਾਂ ਦੀਆਂ ਜੀਵਨੀਆਂ ਤੇ ਆਡੀਓ ਪ੍ਰੋਗਰਾਮ ਪੜ੍ਹਨੇ-ਸੁਣਨੇ ਚਾਹੀਦੇ ਹਨ, ਜਿਨ੍ਹਾਂ ਨੇ ਉਲਟ ਹਾਲਾਤਾਂ ’ਚੋਂ ਲੰਘਦਿਆਂ ਹੋਇਆਂ ਵੀ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕੀਤੀਆਂ ਹੋਣ।
ਦੁਨੀਆ ’ਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਆਪਣੇ ਆਤਮ ਬਲ ਨਾਲ ਕੁਝ ਨਿਵੇਕਲਾ ਕਰ ਕੇ ਵਿਖਾਇਆ ਹੈ। ਇਸ ਤੋਂ ਇਲਾਵਾ ਇੰਟਰਨੈੱਟ ’ਤੇ ਜਾਂ ਮੈਗਜ਼ੀਨ ’ਚ ਤੁਹਾਨੂੰ ਕਈ ਤਰ੍ਹਾਂ ਦੀਆਂ ਕਹਾਣੀਆਂ ਪੜ੍ਹਨ ਨੂੰ ਮਿਲ ਸਕਦੀਆਂ ਹਨ, ਜਿਹੜੀਆਂ ਸਫਲ ਲੋਕਾਂ ਬਾਰੇ ਲਿਖੀਆਂ ਹੁੰਦੀਆਂ ਹਨ। ਅਜਿਹੀਆਂ ਕਹਾਣੀਆਂ ਬੇਹੱਦ ਪ੍ਰੇਰਨਾਦਾਇਕ ਤੇ ਵਿਦਿਆਰਥੀ ਦੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਉਨ੍ਹਾਂ ਦੇ ਮਨ ’ਚ ਉਤਸ਼ਾਹ ਪੈਦਾ ਕਰਦੀਆਂ ਹਨ। ਅਜਿਹੀ ਕਿਸੇ ਵੀ ਕਹਾਣੀ ਨੂੰ ਪੜ੍ਹਨ ਤੋਂ ਬਾਅਦ ਇਹ ਵਿਚਾਰ ਜ਼ਰੂਰ ਕਰੋ ਕਿ ਤੁਹਾਡੇ ਅਤੇ ਉਸ ਵਿਅਕਤੀ ਵਿਚ ਕੀ ਅੰਤਰ ਹੈ।

ਗੱਲਾਂ ’ਚ ਨਾ ਉਲਝੋ

ਬਿਨਾਂ ਪਰੇਸ਼ਾਨੀ ਜਾਂ ਤਕਲੀਫ਼ ਦੇ ਕਾਮਯਾਬੀ ਹਾਸਲ ਨਹੀਂ ਹੁੰਦੀ। ਵਿਦਿਆਰਥੀਆਂ ਨੂੰ ਸਫਲਤਾ ਦੀਆਂ ਕਹਾਣੀਆਂ ਪੜ੍ਹਨੀਆਂ ਚਾਹੀਦੀਆਂ ਹਨ। ਇਹ ਕਹਾਣੀਆਂ ਤੁਹਾਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਣ ’ਚ ਮੱਦਦ ਕਰਨਗੀਆਂ। ਕੱਲ੍ਹ ਦੀ ਚਿੰਤਾ ਨਾ ਕਰੋ ਅਤੇ ਹਮੇਸ਼ਾ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹੋ। ਛੋਟੀਆਂ-ਛੋਟੀਆਂ ਗੱਲਾਂ ’ਚ ਕਦੇ ਨਾ ਉਲਝੋ।

ਸਮੱਸਿਆ ਨੂੰ ਪਛਾਣੋ

ਆਪਣੀ ਸਮੱਸਿਆ ਨੂੰ ਪਛਾਣੋ। ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਿਸੇ ਸਮੱਸਿਆ ਨੂੰ ਸਮਝ ਕੇ ਹੀ ਉਸ ਦੇ ਹੱਲ ਬਾਰੇ ਬਿਹਤਰ ਢੰਗ ਨਾਲ ਸੋਚਿਆ ਜਾ ਸਕਦਾ ਹੈ ਅਤੇ ਬਿਹਤਰ ਹੱਲ ਨਾਲ ਹੀ ਉਸ ਸਮੱਸਿਆ ਤੋਂ ਮੁਕਤੀ ਪਾਈ ਜਾ ਸਕਦੀ ਹੈ। ਜੇ ਤੁਹਾਡੇ ਕੋਲੋਂ ਕੁਝ ਗ਼ਲਤੀਆਂ ਹੋਈਆਂ ਹਨ ਤਾਂ ਉਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਆਪਣੇ ਟੀਚੇ ਵੱਲ ਵਧਣ ’ਚ ਮੱਦਦ ਮਿਲੇਗੀ।

ਕੁਝ ਵੱਖਰਾ ਕਰੋ

ਕਈ ਵਾਰ ਵਿਦਿਆਰਥੀ ਰੁਟੀਨ ਦੇ ਕੰਮਾਂ ’ਚ ਫਸੇ ਰਹਿੰਦੇ ਹਨ। ਰੋਜ਼ਾਨਾ ਦੇ ਕੰਮਾਂ ਦੇ ਨਾਲ-ਨਾਲ ਇਹ ਕੋਸ਼ਿਸ਼ ਵੀ ਕਰੋ ਕਿ ਰੁਟੀਨ ਦੇ ਕੰਮ ਤੋਂ ਹਟ ਕੇ ਕੁਝ ਕੀਤਾ ਜਾਵੇ। ਜਿਹੜਾ ਵਰਕ-ਆਊਟ ਰੋਜ਼ਾਨਾ ਕਰਦੇ ਹੋ, ਉਸ ਵਿਚ ਤਬਦੀਲੀ ਕਰਦੇ ਰਹੋ।
ਪੜ੍ਹਾਈ ਦੇ ਦਿਨਾਂ ਵਿਚ ਜਾਂ ਕੰਮ ਦੇ ਵਧੇਰੇ ਬੋਝ ਸਮੇਂ ਆਪਣਾ ਟੀ.ਵੀ. ਇੱਕ ਮਹੀਨੇ ਲਈ ਬੰਦ ਕਰ ਦੇਵੋ ਕਿਉਂਕਿ ਇਹ ਤੁਹਾਡਾ ਕਾਫ਼ੀ ਸਮਾਂ ਤੇ ਊਰਜਾ ਗਵਾਉਂਦਾ ਹੈ। ਇਸ ਤੋਂ ਇਲਾਵਾ ਵੱਖੋ-ਵੱਖਰੇ ਮਾਹੌਲ ’ਚ ਵਿਚਰਨ ਦਾ ਯਤਨ ਕਰੋ। ਮਾਹੌਲ ’ਚ ਇਹ ਤਬਦੀਲੀ ਤੁਹਾਡੇ ਮਨ ਅੰਦਰ ਉਤਸ਼ਾਹ ਤੇ ਆਤਮ-ਵਿਸ਼ਵਾਸ ’ਚ ਵਾਧਾ ਕਰੇਗੀ।

ਤੰਦਰੁਸਤ ਰਹੋ

ਆਪਣੀ ਸਿਹਤ ਪ੍ਰਤੀ ਸੁਚੇਤ ਰਹੋ। ਸਿਹਤ ਪ੍ਰਤੀ ਖ਼ੁਦ ਨੂੰ ਅੱਪਡੇਟ ਕਰਦੇ ਰਹੋ। ਵਿਦਿਆਰਥੀ ਜੀਵਨ ਲਈ ਨਵੀਆਂ ਉੱਚਾਈਆਂ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਦਾ ਜੋ ਦੌਰ ਹੈ, ਉਸ ਦੌਰਾਨ ਆਪਣੀ ਸਿਹਤ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਤੰਦਰੁਸਤ ਸਰੀਰ ਅੰਦਰ ਹੀ ਤੰਦਰੁਸਤ ਦਿਮਾਗ ਨਿਵਾਸ ਕਰਦਾ ਹੈ।

ਟੀਚੇ ’ਤੇ ਧਿਆਨ

ਹਮੇਸ਼ਾ ਆਪਣੇ ਟੀਚੇ ਉੱਪਰ ਧਿਆਨ ਦੇਵੋ। ਛੋਟੀਆਂ-ਛੋਟੀਆਂ ਗੱਲਾਂ ਕਾਰਨ ਪਰੇਸ਼ਾਨ ਜਾਂ ਉਦਾਸ ਨਾ ਹੋਵੋ ਬਲਕਿ ਇਨ੍ਹਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਣੇ ਕੰਮ ਨਾਲ ਪਿਆਰ ਕਰੋ ਅਤੇ ਸਖ਼ਤ ਮਿਹਨਤ ਦਾ ਰਸਤਾ ਅਪਣਾਓ।

ਵਿਜੈ ਗਰਗ,ਸਾਬਕਾ ਪ੍ਰਿੰਸੀਪਲ,
ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.