ਮਿੱਠਾ ਬੋਲਣਾ ਵੀ ਇੱਕ ਕਲਾ ਹੈ

0
8

ਮਿੱਠਾ ਬੋਲਣਾ ਵੀ ਇੱਕ ਕਲਾ ਹੈ

ਬੋਲਣਾ ਜਾਂ ਭਾਸ਼ਾ ਹੀ ਇੱਕ ਅਜਿਹਾ ਸਾਧਨ ਹੈ ਜੋ ਸਾਨੂੰ ਜਾਨਵਰਾਂ ਤੋਂ ਵੱਖ ਕਰਦਾ ਹੈ। ਸ਼ਾਇਦ ਇਸੇ ਕਰਕੇ ਹੀ ਅਸੀਂ ਇੱਕ ਸੱਭਿਅਕ ਸਮਾਜ ਬਣਾ ਲਿਆ ਹੈ। ਬੋਲਣ ਤੋਂ ਬਿਨਾਂ ਸਾਡਾ ਪਲ ਵੀ ਗੁਜ਼ਾਰਾ ਨਹੀਂ ਹੋ ਸਕਦਾ। ਪਰ ਸਾਡੇ ਬੋਲਣ ਜਾਂ ਮੂੰਹ ਖੁੱਲ੍ਹਣ ‘ਤੇ ਬਾਹਰ ਨਿਕਲੇ ਸ਼ਬਦਾਂ ਤੋਂ ਹੀ ਸਾਡੇ ਖਾਨਦਾਨ, ਸੰਸਕਾਰਾਂ ਤੇ ਗਿਆਨ ਦਾ ਪਤਾ ਲੱਗ ਜਾਂਦਾ ਹੈ। ਕਈ ਵਿਅਕਤੀ ਪਹਿਰਾਵੇ ਤੇ ਸਰੀਰਕ ਦਿਖਾਵਟ ਤੋਂ ਬਹੁਤ ਪ੍ਰਭਾਵਿਤ ਕਰਦੇ ਹਨ, ਪਰ ਜਦੋਂ ਦੋ ਸ਼ਬਦ ਬੋਲਦੇ ਨੇ ਤਾਂ ਆਪਣੀ ਸਾਰੀ ਤਹਿਜ਼ੀਬ ਦੇ ਦਰਸ਼ਨ ਕਰਵਾ ਦਿੰਦੇ ਨੇ।

ਮਿੱਠੇ ਤੇ ਨਿਮਰਤਾ ਨਾਲ ਬੋਲੇ ਸ਼ਬਦ ਸਭ ਨੂੰ ਪ੍ਰਭਾਵਿਤ ਕਰਦੇ ਹਨ। ਚੀਜ਼ਾਂ ਵੇਚਣ ਵਾਲੇ ਸਾਰੇ ਦੁਕਾਨਦਾਰ ਇਸੇ ਦੀ ਹੀ ਖੱਟੀ ਕਮਾਈ ਕਰਦੇ ਹਨ। ਬੋਲੀ ਗਈ ਸਤਿਕਾਰਯੋਗ ਭਾਸ਼ਾ ਦਿਲ ਤੱਕ ਗਹਿਰਾ ਅਸਰ ਪਾਉਂਦੀ ਹੈ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਤਲਵਾਰਾਂ ਦੇ ਫੱਟ ਮਿਲ ਸਕਦੇ ਪਰ ਬੋਲਾਂ ਦੇ ਫੱਟ ਨਹੀਂ ਮਿਲਦੇ ਉਂਝ ਵੀ ਸਮਾਜ ਵਿੱਚ ਚੀਜ਼ਾਂ ਪਿੱਛੇ ਘੱਟ, ਪਰ ਗਲ਼ਤ ਬੋਲਣ ਜਾਂ ਭਾਸ਼ਾ ਪਿੱਛੇ ਵੱਧ ਲੜਾਈਆਂ ਹੁੰਦੀਆਂ ਹਨ। ਪਰ ਇੱਥੇ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਮਿੱਠਾ ਬੋਲਣ ਦਾ ਮਤਲਬ ਚਾਪਲੂਸੀ ਕਰਨ ਤੋਂ ਨਹੀਂ ਹੈ।

ਮਿੱਠਾ ਬੋਲਣ ਤੋਂ ਭਾਵ ਦਿਲੋਂ ਸਲੀਕੇ ਨਾਲ ਬੋਲਣਾ ਜਾਂ ਬਿਨਾਂ ਸੁਆਰਥ ਦੇ ਇੱਕ ਸਤਿਕਾਰਯੋਗ ਭਾਸ਼ਾ ਦੀ ਵਰਤੋਂ ਕਰਨੀ, ਅਜਿਹੀ ਭਾਸ਼ਾ ਜਿਸ ਦੀ ਅਸੀਂ ਦੂਜਿਆਂ ਤੋਂ ਖ਼ੁਦ ਉਮੀਦ ਕਰਦੇ ਹਾਂ। ਮਿੱਠਾ ਬੋਲਣ ਵਾਲਾ ਵਿਅਕਤੀ ਇੱਕ ਸਕਾਰਾਤਮਿਕ ਤਰੰਗਾਂ ਉਤਪੰਨ ਕਰਦਾ ਹੈ। ਜਿਸ ਕਰਕੇ ਮਨੁੱਖੀ ਖ਼ਲਕਤ ਉਸ ਨਾਲ ਜੁੜਨ ਲਈ ਮਜਬੂਰ ਹੋ ਜਾਂਦੀ ਹੈ। ਉਹੀ ਨੇਤਾ, ਵਕੀਲ, ਲੇਖਕ ਤੇ ਅਧਿਆਪਕ ਵੱਧ ਲੋਕਪ੍ਰੀਆ ਹੁੰਦੇ ਨੇ ਜੋ ਆਪਣੀ ਭਾਸ਼ਾ ਜਾਂ ਵਿਚਾਰਾਂ ਰਾਹੀਂ ਸਭ ਨੂੰ ਬਰਾਬਰ ਸਨਮਾਨ ਦਿੰਦੇ ਨੇ। ਬਾਬਾ ਫ਼ਰੀਦ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਨੇ ਭੜਕਾਊ ਜਾਂ ਅਸ਼ਲੀਲ ਭਾਸ਼ਾ ਨੂੰ ਹਿੰਸਾ ਦਾ ਹੀ ਰੂਪ ਦੱਸਿਆ ਹੈ।

ਜੋ ਸੁਣਨ ਤੇ ਕਹਿਣ ਵਾਲੇ ਦੋਵਾਂ ਉੱਤੇ ਹੀ ਮਾੜਾ ਅਸਰ ਪਾਉਂਦੀ ਹੈ। ਕਹਿੰਦੇ ਨੇ ਇੱਕ ਵਾਰੀ ਇੱਕ ਭੁੱਖੇ ਮੰਗਤੇ ਨੇ ਕਈ ਘਰਾਂ ‘ਚੋਂ ਰੋਟੀ ਮੰਗੀ ਪਰ ਸਾਰੇ ਪਿੰਡ ਵਿੱਚੋਂ ਕਿਸੇ ਘਰੋਂ ਰੋਟੀ ਨਾ ਮਿਲੀ। ਅਖ਼ੀਰ ਇੱਕ ਮਾਤਾ ਨੇ ਉਸ ਨੂੰ ਕਿਹਾ, ‘ਆ ਬਾਬਾ! ਮੈਂ ਹੁਣੇ ਦੋ ਗਰਮ-ਗਰਮ ਰੋਟੀਆਂ ਲਾਹ ਦਿੰਦੀ ਹਾਂ।’ ਉਹ ਮੰਗਤਾ ਛੋਟੇ ਦਰਵਾਜ਼ੇ ਰਾਹੀਂ ਅੰਦਰ ਆ ਗਿਆ। ਘਰ ਵਿੱਚ ਇੱਧਰ-ਉੱਧਰ ਦੇਖਣ ਲੱਗ ਗਿਆ। ਮਾਤਾ ਬਹੁਤ ਚੰਗੇ ਸੁਭਾਅ ਦੀ ਸੀ। ਮੰਗਤੇ ਨੂੰ ਕਹਿਣ ਲੱਗੀ, ‘ਆਜਾ ਪੁੱਤ, ਮੈਂ ਆਟਾ ਗੁੰਨ੍ਹਦੀ ਹਾਂ। ਤੂੰ ਮੇਰੇ ਨੇੜੇ ਬਹਿ ਕੇ ਹੀ ਖਾ ਲੈ ਦੋ ਰੋਟੀਆਂ।’

ਜਿਸ ਦਾ ਆਪਣੇ ਬੋਲਣ ‘ਤੇ ਕੰਟਰੋਲ ਨਾ ਹੋਵੇ ਉਹ ਬੋਲਣ ਬਿਨਾਂ ਰਹਿ ਨਹੀਂ ਸਕਦਾ। ਬੈਠਾ-ਬੈਠਾ ਮੰਗਤਾ ਘਰ ਵਿੱਚ ਖੜ੍ਹੀ ਸੱਜਰ ਮੱਝ ਵੱਲ ਦੇਖ ਕੇ ਕਹਿਣ ਲੱਗਾ ਕਿ ਮਾਤਾ ਜੇ ਤੁਹਾਡੀ ਮੱਝ ਮਰ ਜਾਵੇ ਤਾਂ ਤੁਸੀਂ ਬਾਹਰ ਕਿਵੇਂ ਕੱਢੋਗੇ ਕਿਉਂਕਿ ਤੁਹਾਡਾ ਬੂਹਾ ਤਾਂ ਬਹੁਤ ਛੋਟਾ ਹੈ। ਉਸ ਦੀ ਗੱਲ ਸੁਣ ਮਾਤਾ ਨੂੰ ਬਹੁਤ ਗੁੱਸਾ ਆਇਆ ਉਸ ਨੇ ਅੱਧ ਗੁੱਝੇ ਆਟੇ ਨੂੰ ਮੰਗਤੇ ਦੀ ਝੋਲੀ ਵਿੱਚ ਪਾ ਦਿੱਤਾ ਤੇ ਘਰੋਂ ਬਾਹਰ ਕੱਢ ਦਿੱਤਾ। ਮੰਗਤਾ ਬਾਹਰ ਗਲੀ ਵਿੱਚ ਜਾ ਰਿਹਾ ਸੀ ਉਸ ਦੀ ਝੋਲੀ ਵਿੱਚੋਂ ਅੱਧ ਗੁੱਝੇ ਆਟੇ ਦਾ ਪਾਣੀ ਹੇਠਾਂ ਚੋਅ ਰਿਹਾ ਸੀ। ਜੋ ਮਿਲੇ ਵਾਰੀ-ਵਾਰੀ ਪੁੱਛੇ, ‘ਇਹ ਕੀ ਹੈ ਭਗਤਾ?’ ਮੰਗਤਾ ਆਪਣੇ-ਆਪ ਨੂੰ ਕੋਸੇ ਨਾਲੇ ਦੱਸਦਾ ਫਿਰੇ ਕਿ ਇਹ, ‘ਮੇਰੀ ਜ਼ੁਬਾਨ ਦਾ ਰਸ ਚੋਅ ਰਿਹਾ ਹੈ।’ ਸੋ ਮੁੱਕਦੀ ਗੱਲ ਇਹ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ ਕਿਉਂਕਿ ਇੱਕ ਵਾਰ ਬੋਲੇ ਹੋਏ ਸ਼ਬਦ ਤੇ ਕਮਾਨ ਵਿੱਚੋਂ ਨਿੱਕਲਿਆ ਤੀਰ ਕਦੇ ਵਾਪਿਸ ਨਹੀਂ ਆ ਸਕਦੇ।
ਮੋ. 98550-73710

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.