ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਆਪਣੀ ਧੀ ਦਾ ਪਹਿਲਾ ਜਨਮ ਦਿਨ ਦਿੱਲੀ ਅੰਦੋਲਨ ‘ਚ ਮਨਾਇਆ

0
57

ਵਾਤਾਵਰਣ ਦੀ ਸੰਭਾਲ ਲਈ ਦਿੱਲੀ ਵਾਸੀਆਂ ਨੂੰ ਵੰਡੇ ਪੌਦੇ

ਬਰਨਾਲਾ, (ਜਸਵੀਰ ਸਿੰਘ ਗਹਿਲ) ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿਖੇ ਅੰਦੋਲਨ ‘ਚ ਜੁਟੇ ਸੰਘਰਸ਼ੀਲ ਲੋਕ ਹੁਣ ਆਪਣੀਆਂ ਖੁਸ਼ੀਆਂ ਵੀ ਸੰਘਰਸ਼ੀ ਪਿੜਾਂ ‘ਚ ਹੀ ਆਪਣੇ ਸਾਥੀਆਂ ਨਾਲ ਸਾਝੀਆਂ ਕਰਨ ਲੱਗੇ ਹਨ। ਜਿਸ ਦੀ ਤਾਜ਼ਾ ਮਿਸ਼ਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਬਰਨਾਲਾ ਤੋਂ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਤੋਂ ਮਿਲਦੀ ਹੈ ਜਿਸ ਨੇ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਦੌਰਾਨ ਹੀ ਆਪਣੀ ਧੀ ਦਾ ਪਹਿਲਾ ਜਨਮ ਦਿਨ ਮਨਾ ਕੇ ਨਾ ਸਿਰਫ਼ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜ਼ਾ ਦੇਣ ਦਾ ਸੁਨੇਹਾ ਦਿੱਤਾ ਹੈ ਸਗੋਂ ਜਨਮ ਦਿਨ ਦੀ ਖੁਸ਼ੀ ਵਿੱਚ ਪੌਦੇ ਵੰਡ ਕੇ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦਾ ਵੀ ਸੱਦਾ ਦਿੱਤਾ ਹੈ।

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੂਬੇ ਭਰ ਦੇ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਮੱਲ ਰੱਖੀਆਂ ਹਨ ਅਜਿਹੇ ਵਿੱਚ ਸਰਕਾਰ ਖਿਲਾਫ਼ ਆਰ/ਪਾਰ ਦੀ ਲੜਾਈ ਲੜਦਿਆਂ ਸੰਘਰਸ਼ੀਲ ਲੋਕ ਆਪਣੀਆਂ ਖੁਸ਼ੀਆਂ ਦੇ ਸਮਾਗਮ ਘਰ ਆ ਕੇ ਮਨਾਉਣ ਦੀ ਬਜਾਇ ਸੰਘਰਸ਼ੀ ਪਿੜਾਂ ‘ਚ ਹੀ ਮਨਾਉਣ ਲੱਗੇ ਹਨ। ਜਿਸ ਦੀ ਸ਼ੁਰੂਆਤ ਪਿਛਲੇ 18 ਦਿਨਾਂ ਤੋਂ ਦਿੱਲੀ ਵਿਖੇ ਡਟੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਬਰਨਾਲਾ ਤੋਂ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕੀਤੀ ਹੈ। ਜਿਸ ਨੇ ਆਪਣੀ ਧੀ ਸਿਦਕਸੀਰ ਕੌਰ ਦਾ ਪਹਿਲਾ ਜਨਮ ਦਿਨ ਦਿੱਲੀ ਅੰਦੋਲਨ ਦੌਰਾਨ ਹੀ ਮਨਾਇਆ ਹੈ।

ਜਿਸ ਦੌਰਾਨ ਉਨ੍ਹਾਂ ਨੇ ਕੇਕ ਕੱਟਣ ਪਿੱਛੋਂ ਵਾਤਾਵਰਣ ਦੀ ਸੁੱਧਤਾ ‘ਚ ਹਿੱਸਾ ਪਾਉਂਦਿਆਂ ਦਿੱਲੀ ਵਾਸੀਆਂ ਨੂੰ ਫਲ-ਫੁੱਲਦਾਰ ਤੇ ਛਾਂਦਾਰ ਬੂਟੇ ਵੀ ਵੰਡੇ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਸ਼ਰੀਕ ਹੋਏ ਭਾਕਿਯੂ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਧੀਆਂ ਅੱਜ ਕਿਸੇ ਵੀ ਗੱਲੋਂ ਘੱਟ ਨਹੀਂ ਹਨ, ਜੇਕਰ ਇਨ੍ਹਾਂ ਨੂੰ ਚੰਗੀ ਸਿੱਖਿਆ ਤੇ ਚੰਗੇ ਸੰਸਕਾਰਾਂ ਤੋਂ ਇਲਾਵਾ ਅੱਗੇ ਵਧਣ ਦੇ ਮੌਕੇ ਦਿੱਤੇ ਜਾਣ ਤਾਂ ਇਹ ਵੀ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੀਆਂ ਹਨ। ਉਨ੍ਹਾਂ ਜ਼ਿਲ੍ਹਾ ਪ੍ਰਧਾਨ ਸੀਰਾ ਛੀਨੀਵਾਲ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਧੀ ਸਿਦਕਸੀਰ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਖੁਸ਼ੀ ਦੀ ਗੱਲ ਹੈ।

ਇਸ ਪਰਿਵਾਰ ਦੀ ਤੀਜੀ ਪੀੜ੍ਹੀ ਕਿਸਾਨਾਂ ਦੇ ਹੱਕਾਂ ਲਈ ਚੱਲ ਰਹੇ ਸੰਘਰਸ਼ ਦੀ ਗਵਾਹ ਹੋਣ ਦੇ ਨਾਲ ਨਾਲ ਸੰਘਰਸ਼ਸ਼ੀਲ ਪਰਿਵਾਰ ਦਾ ਹਿੱਸਾ ਬਣੀ ਹੈ। ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੇਟੀ ਦਾ ਜਨਮ ਦਿਨ ਘਰ ‘ਚ ਮਨਾਉਣ ਦੀ ਬਜਾਏ ਇੱਥੇ ਸੰਘਰਸ਼ੀ ਪਿੜ ‘ਚ ਮਨਾਉਣ ਦਾ ਮਕਸਦ ਲੋਕਾਂ ਨੂੰ ਇਸ ਗੱਲ ਦਾ ਸੰਦੇਸ਼ ਦੇਣਾ ਹੈ ਕਿ ਜਦ ਸੰਘਰਸ਼ ਚੱਲ ਰਿਹਾ ਹੋਵੇ ਤਾਂ ਖੁਸ਼ੀ/ਗਮੀ ਕੋਈ ਮਾਇਨੇ ਨਹੀ ਰੱਖਦੀ। ਸੰਘਰਸ਼ ਵਿੱਚ ਹੀ ਸਭ ਕੁਝ ਹੁੰਦਾ ਹੈ। ਇਸ ਮੌਕੇ ਮਹਿੰਦਰ ਸਿੰਘ ਵੜੈਚ, ਗੁਰਧਿਆਨ ਸਿੰਘ ਸਹਿਜੜਾ, ਸਿਕੰਦਰ ਸਿੰਘ ਸਰਪੰਚ, ਜਸਵੀਰ ਸਿੰਘ, ਬਿੱਟੂ ਬਰਨਾਲਾ, ਗਗਨਦੀਪ ਸਿੰਘ ਸਹਿਜੜਾ, ਰਣਜੀਤ ਸਿੰਘ, ਮਿੱਠੂ ਕਲਾਲਾ, ਚਰਨਜੀਤ ਸਿੰਘ ਚੰਨਣਵਾਲ, ਸੁਰਿੰਦਰ ਸਿੰਘ, ਨਿਰਮਲ ਸਿੰਘ ਮਾਣੂਕੇ, ਗੁਰਮੀਤ ਸਿੰਘ ਗੋਲਾਵਾਲ, ਜਗਦੇਵ ਸਿੰਘ ਕੋਲਿਆਵਾਲੀ, ਭੁਪਿੰਦਰ ਸਿੰਘ ਬਨਭੌਰਾ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.