ਬਠਿੰਡਾ ਦੀਆਂ ਜੌੜੀਆਂ ਭੈਣਾਂ ਦੀਆਂ ਵਿੱਦਿਅਕ ਪ੍ਰਾਪਤੀਆਂ ਵੀ ‘ਜੌੜੀਆਂ’ ਰਹੀਆਂ

0
22
Educational

NEET | ਨੀਟ ਦੀ ਪ੍ਰੀਖਿਆ ‘ਚੋਂ ਹਾਸਲ ਕੀਤੀ ਸਫਲਤਾ

  •  ਦਿਲ ਦੀਆਂ ਡਾਕਟਰ ਬਣਕੇ ਕਰਨਾ ਚਾਹੁੰਦੀਆਂ ਲੋਕਾਂ ਦੀ ਸੇਵਾ

ਬਠਿੰਡਾ, (ਸੁਖਜੀਤ ਮਾਨ)। ਭੁੱਚੋ ਮੰਡੀ ਵਾਸੀ ਕੀਰਤੀ ਗਰਗ ਦੇ ਘਰ ਜਦੋਂ ਜੌੜੀਆਂ ਧੀਆਂ ਨੇ ਜਨਮ ਲਿਆ ਸੀ ਤਾਂ ਧੀਆਂ ਦੀ ਮਾਂ ਕਿਰਨਾ ਦੇਵੀ ਨੇ ਅਫਸੋਸ ਮਨਾਇਆ ਸੀ ਪਰਵਿਰਸ਼ ਹੋਈ ਤਾਂ ਪੜ੍ਹਾਈ ਪੱਖੋਂ ਹੁਸ਼ਿਆਰ ਨਿੱਕਲੀਆਂ ਹੁਸ਼ਿਆਰ ਧੀਆਂ ਨੇ ਜਦੋਂ ਨੀਟ ਦੀ ਪ੍ਰੀਖਿਆ ‘ਚੋਂ ਇਕੱਠੀਆਂ ਨੇ ਸਫਲਤਾ ਹਾਸਲ ਕੀਤੀ ਹੈ ਤਾਂ ਹੁਣ ਉਹੋ ਮਾਂ ਆਖਦੀ ਹੈ ‘ਮੈਨੂੰ ਮੇਰੀਆਂ ਧੀਆਂ ‘ਤੇ ਮਾਣ ਹੈ’ ਇਨ੍ਹਾਂ ਜੌੜੀਆਂ ਭੈਣਾਂ ਨੇ ਦਿਲ ਦੇ ਰੋਗਾਂ ਦੀਆਂ ਮਾਹਿਰ ਡਾਕਟਰ ਬਣਕੇ ਲੋਕ ਸੇਵਾ ਕਰਨ ਦਾ ਸੁਫਨਾ ਲਿਆ ਹੈ।

Success in NEET exams

Educational

Success in NEET exams

‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਜੌੜੀਆਂ ਭੈਣਾਂ ਅਰਪਿਤਾ ਤੇ ਅੰਕਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਪ੍ਰੀਖਿਆ ‘ਚੋਂ ਸਫਲਤਾ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ, ਜਿਸਦਾ ਹੀ ਫਲ ਉਨ੍ਹਾਂ ਨੂੰ ਮਿਲਿਆ ਹੈ ਇਨ੍ਹਾਂ ਦੋਵਾਂ ‘ਚੋਂ ਅਰਪਿਤਾ ਨੇ 602 ਤੇ ਅੰਕਿਤਾ ਨੇ 629 ਅੰਕ ਹਾਸਲ ਕੀਤੇ ਹਨ ਤੇ ਇਹਨਾਂ ਦਾ ਭਾਰਤ ‘ਚੋਂ ਅਰਪਿਤਾ ਦਾ 19038 ਤੇ ਅੰਕਿਤਾ ਦਾ 8820 ਰੈਂਕ ਹੈ।

ਇਹੋ ਹੀ ਪ੍ਰੀਖਿਆ ਨਹੀਂ, ਇਸ ਤੋਂ ਪਹਿਲਾਂ ਦਸਵੀਂ ਤੇ ਬਾਰਵੀਂ ਦੌਰਾਨ ਵੀ ਦੋਵਾਂ ਭੈਣਾਂ ਦੇ ਨੰਬਰ ਕਰੀਬ ਬਰਾਬਰ ਹੀ ਰਹੇ ਹਨ। ਦਸਵੀਂ ‘ਚੋਂ ਅਰਪਿਤਾ ਨੇ 10 ਤੇ ਅੰਕਿਤਾ ਨੇ 9.4 ਸੀਜੀਪੀਏ ਹਾਸਲ ਕੀਤੇ ਅਤੇ ਬਾਰਵੀਂ ‘ਚੋਂ ਅਰਪਿਤਾ ਨੇ 82 ਤੇ ਅੰਕਿਤਾ ਨੇ 80 ਫੀਸਦੀ ਅੰਕ ਪ੍ਰਾਪਤ ਕੀਤੇ ਨੀਟ ਦੀ ਪ੍ਰੀਖਿਆ ‘ਚੋਂ ਸਫਲਤਾ ਲਈ ਪੜ੍ਹਾਈ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਦੱਸਿਆ ਕਿ ਕੋਚਿੰਗ ਅਤੇ ਘਰ ਸਮੇਤ ਉਹ ਦਿਨ ‘ਚ 10 ਘੰਟੇ ਪੜ੍ਹਾਈ ਕਰਦੀਆਂ ਸਨ।

NEET Exams | ਕੁੜੀ ਹੋਵੇ ਜਾਂ ਮੁੰਡਾ ਦੋਵੇਂ ਹੀ ਮਾਪਿਆਂ ਦਾ ਨਾਂਅ ਰੌਸ਼ਨ ਕਰ ਸਕਦੇ ਹਨ

ਆਪਣੇ ਜੌੜੀਆਂ ਹੋਣ ਦਾ ਜ਼ਿਕਰ ਕਰਦਿਆਂ ਅਰਪਿਤਾ ਨੇ ਦੱਸਿਆ ਕਿ ਜਦੋਂ ਅਸੀਂ ਐਨਕ ਲਗਾ ਲੈਂਦੀਆਂ ਹਾਂ ਤਾਂ ਸਾਡਾ ਦੋਵਾਂ ਦਾ ਫਰਕ ਬਿਲਕੁਲ ਵੀ ਪਤਾ ਨਹੀਂ ਲੱਗਦਾ, ਜਿਸ ਕਾਰਨ ਇੱਕ ਵਾਰ ਕਲਾਸ ‘ਚ ਵੀ ਵਿਦਿਆਰਥੀਆਂ ਨੂੰ ਭੁਲੇਖਾ ਪੈ ਗਿਆ ਸੀ ਦੋਵਾਂ ਭੈਣਾਂ ਵੱਲੋਂ ਇੱਕੋ ਜਿਹਾ ਹੀ ਟੀਚਾ ਮਿਥਣ ਸਬੰਧੀ ਪੁੱਛੇ ਜਾਣ ‘ਤੇ ਅੰਕਿਤਾ ਨੇ ਦੱਸਿਆ ਕਿ ਜਿਸ ਤਰ੍ਹਾਂ ਦਾ ਬਚਪਨ ਤੋਂ ਮਹੌਲ ਮਿਲਦਾ ਹੈ, ਉਸੇ ਤਰ੍ਹਾਂ ਹੀ ਟੀਚੇ ਵੱਲ ਵਧਦੇ ਹਾਂ।

ਇਸ ਲਈ ਬਚਪਨ ਤੋਂ ਹੀ ਉਸਨੇ ਡਾਕਟਰ ਬਣਨਾ ਸੋਚਿਆ ਸੀ ਤੇ ਨਾਲ ਹੀ ਅਰਪਿਤਾ ਨੂੰ ਵੀ ਇਸ ਖੇਤਰ ‘ਚ ਲਿਆਵਾਂ, ਜਿਸ ਕਾਰਨ ਅਰਪਿਤਾ ਦੀ ਰੁਚੀ ਵੀ ਇਸ ਖੇਤਰ ‘ਚ ਬਣੀ ਸਮਾਜ ਨੂੰ ਸੁਨੇਹਾ ਦੇਣ ਦੇ ਨਾਂਅ ‘ਤੇ ਇਨ੍ਹਾਂ ਜੌੜੀਆਂ ਭੈਣਾਂ ਨੇ ਆਖਿਆ ਕਿ ਕੁੜੀ ਹੋਵੇ ਜਾਂ ਮੁੰਡਾ ਦੋਵੇਂ ਹੀ ਮਾਪਿਆਂ ਦਾ ਨਾਂਅ ਰੌਸ਼ਨ ਕਰ ਸਕਦੇ ਹਨ, ਇਸ ਲਈ ਧੀਆਂ ਨੂੰ ਵੀ ਪੁੱਤਾਂ ਵਾਂਗ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧੀਆਂ ਵੀ ਪੁੱਤਾਂ ਵਾਂਗ ਪਾਇਲਟ ਬਣਦੀਆਂ ਨੇ ਫਿਰ ਕਿਸ ਗੱਲੋਂ ਘੱਟ ਨੇ ਅੰਕਿਤਾ ਨੇ ਕਿਹਾ ਕਿ ਉਂਜ ਤਾਂ ਅਸੀਂ ਵਿਦੇਸ਼ੀ ਸੱਭਿਆਚਾਰ ਦੀ ਨਕਲ ਕਰਦੇ ਹਾਂ ਤਾਂ ਫਿਰ ਧੀਆਂ ਤੇ ਪੁੱਤਾਂ ‘ਚ ਫਰਕ ਨਾ ਸਮਝਣ ਵਾਲੀ ਗੱਲ ਵੀ ਅਪਣਾਉਣੀ ਚਾਹੀਦੀ ਹੈ।

NEET Exams |  ਸਾਨੂੰ ਸਾਡੀਆਂ ਧੀਆਂ ‘ਤੇ ਮਾਣ ਹੈ : ਮਾਪੇ

ਅਰਪਿਤਾ ਤੇ ਅੰਕਿਤਾ ਦੇ ਪਿਤਾ ਕੀਰਤੀ ਗਰਗ ਦਾ ਕਹਿਣਾ ਹੈ ਕਿ ਸਮਾਜ ਦੀ ਸੇਵਾ ਦਾ ਸੁਫ਼ਨਾ ਉਸਨੇ ਸ਼ੁਰੂ ਤੋਂ ਹੀ ਪਾਲਿਆ ਹੋਇਆ ਸੀ ਤੇ ਹੁਣ ਆਪਣੀਆਂ ਧੀਆਂ ਰਾਹੀਂ ਉਹ ਆਪਣੇ ਸੁਫ਼ਨੇ ਨੂੰ ਬੂਰ ਪੈਂਦਾ ਹੋਇਆ ਵੇਖ ਰਿਹਾ ਹੈ। ਸ੍ਰੀ ਗਰਗ ਨੇ ਦੱਸਿਆ ਕਿ ਬੱਚੀਆਂ ਦੀ ਪੜ੍ਹਾਈ ਲਈ ਉਹ ਭੁੱਚੋ ਮੰਡੀ ਤੋਂ ਬਠਿੰਡਾ ਆਇਆ ਸੀ ਤਾਂ ਜੋ ਉਨ੍ਹਾਂ ਨੂੰ ਕੋਚਿੰਗ ਆਦਿ ਲੈਣ ‘ਚ ਕੋਈ ਮੁਸ਼ਕਲ ਪੇਸ਼ ਨਾ ਆਵੇ ਬੱਚੀਆਂ ਦੀ ਮਾਂ ਕਿਰਨਾ ਦੇਵੀ ਨੇ ਭਾਵੁਕ ਹੁੰਦਿਆਂ ਆਖਿਆ ਕਿ ਜੌੜੀਆਂ ਧੀਆਂ ਦੇ ਜਨਮ ਵੇਲੇ ਤਾਂ ਉਹ ਬਹੁਤ ਰੋਈ ਸੀ ਪਰ ਹੁਣ ਬਹੁਤ ਖੁਸ਼ ਹੈ ਉਨ੍ਹਾਂ ਕਿਹਾ ਕਿ ਹੁਣ ਮੈਨੂੰ ਮੇਰੀਆਂ ਧੀਆਂ ‘ਤੇ ਮਾਣ ਹੈ ਤੇ ਜਿਨ੍ਹਾਂ ਦੇ ਧੀਆਂ ਨੇ ਉਹ ਰੋਣ ਨਾ ਸਗੋਂ ਖੁਸ਼ ਹੋ ਕੇ ਧੀਆਂ ਨੂੰ ਪੜ੍ਹਾਈ ਕਰਵਾਉਣ।

NEET Exams | ਪਿਤਾ ਦੀ ਸਰਜਰੀ ਮਗਰੋਂ ਸੋਚਿਆ ਦਿਲ ਦੀਆਂ ਡਾਕਟਰ ਬਣਨਾ

ਦੋਵਾਂ ਹੀ ਭੈਣਾਂ ਵੱਲੋਂ ਦਿਲ ਦੀਆਂ ਹੀ ਡਾਕਟਰ ਬਣਨ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਪਿਤਾ ਦਾ ਦਿਲ ਦਾ ਅਪ੍ਰੇਸ਼ਨ ਹੋਇਆ ਸੀ ਤਾਂ ਉਸ ਦੌਰਾਨ ਉਨ੍ਹਾਂ ਨੇ ਵੀ ਇਹੋ ਸੋਚਿਆ ਕਿ ਉਹ ਦਿਲ ਦੀਆਂ ਡਾਕਟਰ ਹੀ ਬਣਨਗੀਆਂ ਉਨ੍ਹਾਂ ਆਖਿਆ ਕਿ ਉਹ ਚਾਹੁੰਦੀਆਂ ਨੇ ਕਿਸੇ ਦੇ ਵੀ ਮਾਪੇ ਬਿਮਾਰੀ ਕਾਰਨ ਆਪਣੇ ਬੱਚਿਆਂ ਤੋਂ ਦੂਰ ਨਾ ਹੋਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.