The story | ਮਹਿੰਗੇ ਸਸਤੇ ਦਾ ਵਿਚਾਰ

0
1565
Expensive cheap

ਮਹਿੰਗੇ ਸਸਤੇ ਦਾ ਵਿਚਾਰ

ਅੱਜ ਚਿਰਾਂ ਪਿੱਛੋਂ ਅਮਰੀਕ ਸਿੰਘ ਦਾ ਚਿੱਤ ਕੀਤਾ ਘਰਵਾਲੀ ਨਾਲ ਜਾ ਕੇ ਬਜ਼ਾਰ ਵਿੱਚੋਂ ਕੁਝ ਖਰੀਦਦਾਰੀ ਕਰਨ ਦਾ। ਸੋ ਨਾਸ਼ਤਾ-ਪਾਣੀ ਕਰਕੇ, ਤਿਆਰ ਹੋ, ਬਾਪੂ ਨੂੰ ਘਰ ਸੰਭਲਾ ਕੇ, ਛੇਤੀ ਵਾਪਿਸ ਆਉਣ ਦਾ ਕਹਿ ਕੇ ਦੋਵੇਂ ਜੀਅ ਕਾਰ ਵਿੱਚ ਬੈਠੇ ਤੇ ਡਰਾਈਵਰ ਨੇ ਪੰਦਰਾਂ ਕੁ ਮਿੰਟਾਂ  ‘ਚ ਗੱਡੀ ਇੱਕ ਵੱਡੇ ਸ਼ੌਪਿੰਗ ਮਾਲ ਅੱਗੇ ਲਿਜਾ ਖੜ੍ਹੀ ਕਰ’ਤੀ। ਅਮਰੀਕ ਸਿੰਘ ਅਤੇ ਉਸਦੀ ਘਰਵਾਲੀ ਨੇ ਰੱਜ ਕੇ ਮਹਿੰਗੇ-ਮਹਿੰਗੇ ਕੱਪੜੇ ਤੇ ਘਰੇਲੂ ਵਰਤੋਂ ਦਾ ਸਾਮਾਨ ਆਦਿ ਖਰੀਦਿਆ ਅਤੇ ਉੱਥੇ ਹੀ ਬਣੇ ਕੌਫ਼ੀ ਰੂਮ ਵਿੱਚ ਬੈਠ ਕੇ ਆਰਾਮ ਨਾਲ ਕੌਫ਼ੀ ਤੇ ਸਨੈਕਸ ਦਾ ਲੁਤਫ਼ ਲਿਆ।

Expensive cheap

ਕਰੀਬ ਪੌਣਾ ਕੁ ਘੰਟਾ ਸ਼ੌਪਿੰਗ ਮਾਲ ਵਿੱਚ ਬਿਤਾ ਦੋਵੇਂ ਜੀਅ ਵਾਪਿਸ ਗੱਡੀ ‘ਚ ਆ ਬੈਠੇ। ਡਰਾਈਵਰ ਨੇ ਸਾਰਾ ਸਾਮਾਨ ਗੱਡੀ ਵਿੱਚ ਰੱਖਿਆ ਤੇ ਗੱਡੀ ਘਰ ਵੱਲ ਜਾਂਦੇ ਰਸਤੇ ਨੂੰ ਮੋੜ ਲਈ। ਰਸਤੇ ਵਿੱਚ ਅਮਰੀਕ ਸਿੰਘ ਨੂੰ ਸੀਤਾਰਾਮ-ਰਾਧੇਸ਼ਾਮ ਵਾਲਿਆਂ ਦੀ ਮਸ਼ਹੂਰ ਕੱਪੜੇ ਦੀ ਹੱਟੀ ਵਿਖਾਈ ਦਿੱਤੀ ਤਾਂ ਬਚਪਨ ਦੇ ਦਿਨ ਯਾਦ ਆ ਗਏ। ਇਹ ਉਹੀ ਦੁਕਾਨ ਸੀ, ਜਿੱਥੋਂ ਉਸਦੇ ਬਾਪੂ ਜੀ ਉਸਨੂੰ ਨਾਲ ਲਿਜਾ ਕੇ ਚੰਗੇ-ਚੰਗੇ ਫੈਂਸੀ ਕੱਪੜੇ ਖਰੀਦ ਕੇ ਦੇਂਦੇ ਹੁੰਦੇ ਸਨ। ਖਿਆਲਾਂ-ਖਿਆਲਾਂ ‘ਚ ਅਮਰੀਕ ਸਿੰਘ ਨੂੰ ਯਾਦ ਆਇਆ ਕਿ ਉਸਨੇ ਬਾਪੂ ਜੀ ਲਈ ਤਾਂ ਕੁਝ ਖਰੀਦਿਆ ਹੀ ਨਹੀਂ। ਉਸਨੇ ਡਰਾਈਵਰ ਨੂੰ ਉਸ ਹੱਟੀ ‘ਤੇ ਚੱਲਣ ਲਈ ਇਸ਼ਾਰਾ ਕੀਤਾ। ਪਲਾਂ ਵਿੱਚ ਗੱਡੀ ਉਸ ਹੱਟੀ ਦੇ ਸਾਹਮਣੇ ਸੀ। ਦੋਵੇਂ ਜੀਅ ਗੱਡੀ ‘ਚੋਂ ਉੱਤਰੇ, ਤੇ ਹੱਟੀ ਦੇ ਅੰਦਰ ਚਲੇ ਗਏ। ਉਸ ਹੱਟੀ ਦੇ ਮਾਲਕ ਵੀ ਅਮਰੀਕ ਸਿੰਘ ਦੇ ਬਾਪੂ ਵਾਂਗ ਬਜ਼ੁਰਗ ਹੋ ਚੁੱਕੇ ਸਨ।

The story

ਫਿਰ ਵੀ ਉਹਨਾਂ ਨੇ ਅਮਰੀਕ ਸਿੰਘ ਨੂੰ ਸਿਆਣ ਲਿਆ। ਖੈਰ-ਸੁੱਖ ਪੁੱਛਣ ਤੋਂ ਬਾਅਦ ਹੱਟੀ ਦੇ ਮਾਲਕ ਸੀਤਾਰਾਮ ਨੇ ਪੁੱਛਿਆ, ”ਕਾਕਾ ਜੀ, ਕਿਹੋ-ਜਿਹੇ ਕੱਪੜੇ ਦਿਖਾਈਏ, ਤੇ ਲੈਣੇ ਕੀਹਦੇ ਵਾਸਤੇ ਆ?” ਅਮਰੀਕ ਸਿੰਘ ਨੇ ਕਿਹਾ, ”ਅੰਕਲ ਜੀ, ਕੋਈ ਸਸਤਾ ਜਿਹਾ ਕਮੀਜ਼-ਪਜਾਮੇ ਦਾ ਚਿੱਟੇ ਰੰਗ ਦਾ ਪੀਸ ਦੇ ਦਿਉ, ਬਾਪੂ ਵਾਸਤੇ ਲੈਣਾ। ਅੰਕਲ ਜੀ, ਸਸਤਾ ਜਿਹਾ ਹੀ ਕੋਈ ਪੀਸ ਵਿਖਾਇਓ” ਅਮਰੀਕ ਸਿੰਘ ਨੇ ਦੋਹਰੀ ਵਾਰ ਕਿਹਾ। ਸੀਤਾ ਰਾਮ ਨੇ ਪੀਸ ਖੋਲ੍ਹ ਕੇ ਵਿਖਾਉਂਦਿਆਂ ਆਖਿਆ, ”ਬੇਟਾ ਜੀ, ਕੱਪੜਾ ਤਾਂ ਤੁਹਾਡੀ ਫ਼ਰਮਾਇਸ਼ ਅਨੁਸਾਰ ਹੀ ਦੇਵਾਂਗੇ ਪਰ ਇੱਕ ਗੱਲ ਦੱਸਾਂ, ਜੇ ਬੁਰਾ ਨਾ ਮੰਨੋ ਤਾਂ। ਜਦੋਂ ਤੁਸੀਂ ਬਚਪਨ ਵਿੱਚ ਆਪਣੇ ਬਾਪੂ ਨਾਲ ਇੱਥੇ ਆਉਂਦੇ ਸੀ ਤਾਂ ਜਿਹੜੇ ਕੱਪੜੇ ਤੁਹਾਨੂੰ ਪਸੰਦ ਆ ਜਾਂਦੇ ਸੀ, ਤੁਹਾਡੇ ਬਾਪੂ ਜੀ ਤੁਹਾਨੂੰ ਉਹ ਲੈ ਕੇ ਦਿੰਦੇ ਸਨ, ਮਹਿੰਗੇ ਹੋਣ ਜਾਂ ਸਸਤੇ, ਕਦੇ ਪਰਵਾਹ ਨਹੀਂ ਕੀਤੀ।

ਬਾਕੀ ਇੱਕ ਗੱਲ ਹੋਰ ਕਿ ਮਾਪੇ ਤਾਂ ਅਨਮੋਲ ਹੁੰਦੇ ਹਨ। ਜਿਹੜੇ ਮਾਪਿਆਂ ਨੇ ਸਾਨੂੰ ਚੰਗੇ-ਚੰਗੇ ਕੱਪੜੇ ਪੁਆਏ ਹੋਣ,  ਉਹਨਾਂ ਦੀ ਵਾਰੀ ਆਉਣ ‘ਤੇ ਸਾਨੂੰ ਵੀ ਉਹਨਾਂ ਲਈ ਚੰਗੀਆਂ ਚੀਜ਼ਾਂ ਹੀ ਖਰੀਦਣੀਆਂ ਚਾਹੀਦੀਆਂ ਹਨ, ਚਾਹੇ ਕੱਪੜੇ ਹੋਣ ਜਾਂ ਹੋਰ ਕੋਈ ਚੀਜ਼। ਮਾਪਿਆਂ ਲਈ ਕੋਈ ਚੀਜ਼ ਲੈਣੀ ਪਵੇ ਤਾਂ ਮਹਿੰਗੇ-ਸਸਤੇ ਦਾ ਵਿਚਾਰ ਕਦੇ ਨਾ ਕਰੀਏ।” ਇਹ ਗੱਲਾਂ ਕਹਿ ਕੇ ਸੀਤਾਰਾਮ ਭਾਵੁਕ ਹੋ ਗਿਆ ਤੇ ਅੱਖਾਂ ਵਿੱਚ ਹੰਝੂ ਨਾ ਅਮਰੀਕ ਸਿੰਘ ਦੇ ਰੁਕ ਰਹੇ ਸਨ ਅਤੇ ਨਾ ਹੀ ਉਸਦੀ ਘਰਵਾਲੀ ਦੇ।
ਯਸ਼ਪਾਲ ਮਾਹਵਰ,
ਸ੍ਰੀ ਮੁਕਤਸਰ ਸਾਹਿਬ। ਮੋ. 90413-47351

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.