ਕੁਦਰਤ ਦਾ ਵਿਕਰਾਲ ਰੂਪ

0
101

ਕੁਦਰਤ ਦਾ ਵਿਕਰਾਲ ਰੂਪ

ਉੱਤਰਾਖੰਡ ’ਚ ਗਲੇਸ਼ੀਅਰ ਟੁੱਟਣ ਨਾਲ ਨਦੀ ’ਚ ਹੜ ਆਉਣ ਕਾਰਨ ਕੁਦਰਤੀ ਆਫ਼ਤ ਆ ਗਈ ਹੈ ਇਸ ਤਬਾਹੀ ’ਚ 10 ਲਾਸ਼ਾਂ ਮਿਲੀਆਂ ਹਨ ਤੇ 100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਹਨ ਬਚਾਓ ਕਾਰਜ ਲਗਾਤਾਰ ਜਾਰੀ ਹਨ ਚੰਗੀ ਗੱਲ ਹੈ ਕਿ 16 ਮਜ਼ਦੂਰਾਂ ਨੂੰ ਤਪੋਵਨ ਟਨਲ ’ਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ ਸਰਕਾਰ ਨੇ ਪੂਰੀ ਸਰਗਰਮੀ ਵਿਖਾਉਂਦਿਆਂ ਕੌਮੀ ਆਫ਼ਤ ਨਾਲ ਨਜਿੱਠਣ ਟੀਮ ਦੇ ਮੈਂਬਰ ਨੂੰ ਏਅਰਲਿਫ਼ਟ ਕੀਤਾ ਹੈ ਆਫ਼ਤ ’ਚ ਫਸੇ ਵਿਅਕਤੀਆਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਰਹਿਣ ਦੇਣੀ ਚਾਹੀਦੀ ਇਹ ਤਬਾਹੀ ਪੂਰੀ ਮਨੁੱਖਤਾ ਤੇ ਸਰਕਾਰਾਂ ਲਈ ਵੱਡਾ ਸਬਕ ਹੈ

ਸੱਤ ਸਾਲ ਪਹਿਲਾਂ ਵੀ ਇਸੇ ਖੇਤਰ ’ਚ ਬੱਦਲ ਫਟਣ ਕਾਰਨ ਹਜ਼ਾਰਾਂ ਮੌਤਾਂ ਹੋਈਆਂ ਸਨ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪ੍ਰਬੰਧਾਂ ਨੂੰ ਵਧਾਉਣ ਦੇ ਨਾਲ-ਨਾਲ ਕੁਦਰਤ ਦੇ ਇਸ਼ਾਰਿਆਂ ਨੂੰ ਵੀ ਸਮਝਣਾ ਜ਼ਰੂਰੀ ਹੈ ਉਹ ਚਿਤਾਵਨੀਆਂ ਸੱਚ ਸਾਬਤ ਹੋ ਰਹੀਆਂ ਹਨ ਜੋ ਕਈ ਦਹਾਕਿਆਂ ਤੋਂ ਵਾਤਾਵਰਨ ਵਿਗਿਆਨੀ ਦਿੰਦੇ ਆ ਰਹੇ ਸਨ ਧਰਤੀ ਦਾ ਲਗਾਤਾਰ ਵਧ ਰਿਹਾ ਤਾਪਮਾਨ ਸ਼ਾਂਤ ਪਏ ਗਲੇਸ਼ੀਅਰਾਂ ਨੂੰ ਛੇੜ ਰਿਹਾ ਹੈ ਗਲੇਸ਼ੀਅਰਾਂ ਦਾ ਪਿਘਲਣਾ ਜਾਂ ਟੁੱਟਣਾ ਮਨੁੱਖ ਤੇ ਪੂਰੇ ਵਾਤਾਵਰਨ ਲਈ ਖ਼ਤਰਨਾਕ ਹੈ ਦੇਸ਼ ਅੰਦਰ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਗੈਰ-ਕਾਨੂੰਨੀ ਮਾਈਨਿੰਗ ਜਾਰੀ ਹੈ ਦਰੱਖਤਾਂ ਦੀ ਚੋਰੀ ਕਟਾਈ ਵੀ ਚੱਲ ਰਹੀ ਹੈ

ਵਿਕਾਸ ਕਾਰਜਾਂ ਲਈ ਕਰੋੜਾਂ ਦਰੱਖਤ ਕੱਟੇ ਜਾ ਰਹੇ ਹਨ ਇਹਨਾਂ ਕੱਟੇ ਗਏ ਦਰੱਖਤਾਂ ਦੀ ਜਗ੍ਹਾ ਨਵੇਂ ਬੂਟੇ ਲਾਏ ਗਏ ਹਨ ਪਰ ਇਹਨਾਂ ਦੇ ਘਣਛਾਵੇਂ ਰੁੱਖ ਬਣਨ ਤੱਕ 5-7 ਸਾਲ ਦਾ ਅੰਤਰ ਕਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਨ ਵਾਲਾ ਹੈ ਰੁੱਖ ਘਟਣ ਨਾਲ ਪੰਛੀ ਜਗਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਪ੍ਰਵਾਸੀ ਪੰਛੀਆਂ ਦੀ ਆਮਦ ’ਤੇ ਕਾਫ਼ੀ ਅਸਰ ਪਿਆ ਹੈ ਸੈਰ-ਸਪਾਟਾ ਉਦਯੋਗ ਨਾਲ ਰੁਜ਼ਗਾਰ ਤਾਂ ਵਧਿਆ ਹੈ

ਪਰ ਕੁਦਰਤ ’ਚ ਮਨੁੱਖੀ ਦਖ਼ਲ ਵੀ ਬਹੁਤ ਵਧੀ ਹੈ ਸਾਫ਼-ਸੁਥਰੇ ਪਹਾੜੀ ਖੇਤਰਾਂ ’ਚ ਪ੍ਰਦੂਸ਼ਣ ਤੇ ਗੰਦਗੀ ਦਾ ਕਾਰਨ ਸੈਰ-ਸਪਾਟਾ ਵੀ ਹੈ ਵਧ ਰਹੀਆਂ ਉਸਾਰੀਆਂ ਨਾਲ ਦਰੱਖਤਾਂ ਹੇਠਲਾ ਰਕਬਾ ਘਟ ਰਿਹਾ ਹੈ ਸਮੇਂ ’ਤੇ ਪੂਰਾ ਮੀਂਹ ਨਹੀਂ ਪੈਂਦਾ ਹੈ ਕਿਧਰੇ ਸੋਕਾ ਤੇ ਕਿਧਰੇ ਹੜ ਆ ਰਿਹਾ ਹੈ ਹੜ੍ਹ ਆਉਣ ਦਾ ਵੀ ਵੱਡਾ ਕਾਰਨ ਰੁੱਖਾਂ ਦੀ ਕਟਾਈ ਹੈ ਕਦੇ ਪਹਾੜਾਂ ’ਚ ਜੰਗਲ ਹੀ ਹੜਾਂ ਦੇ ਅੱਗੇ ਕੰਧ ਬਣ ਜਾਂਦੇ ਸਨ ਡੈਮਾਂ ਦੇ ਨਿਰਮਾਣ ਵੇਲੇ ਰੁੱਖਾਂ ਦੀ ਵੱਡੇ ਪੱਧਰ ’ਤੇ ਕਟਾਈ ਹੁੰਦੀ ਹੈ ਮਾਈਨਿੰਗ ਰੋਕਣ ਲਈ ਸਿਆਸਤ ਤੇ ਪ੍ਰਸ਼ਾਸਨ ’ਚ ਭ੍ਰਿਸ਼ਟਾਚਾਰ ਰੋਕਣਾ ਵੀ ਬਹੁਤ ਵੱਡੀ ਚੁਣੌਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.