ਖੇਡਾਂ ਦੇ ਦੀਵਾਨੇ ਹੋਏ ਪਿੰਡ ਦੀਵਾਨਾ ਦੇ ਲੋਕਾਂ ਨੇ ਬੱਚਿਆਂ ਦਾ ਭਵਿੱਖ ਤਰਾਸ਼ਣ ਦਾ ਚੁੱਕਿਆ ਬੀੜਾ

0
40

ਪਿੰਡ ਦੇ ਬੱਚੇ, ਨੌਜਵਾਨ ਮੋਬਾਇਲ ਦੀ ਥਾਂ ਖੇਡ ਗਰਾਊਂਡ ‘ਚ ਸਮਾਂ ਲਗਾਉਣ ਨੂੰ ਦੇਣ ਲੱਗੇ ਨੇ ਪਹਿਲ

ਬਰਨਾਲਾ, (ਜਸਵੀਰ ਸਿੰਘ ਗਹਿਲ) ਜ਼ਿਲ੍ਹਾ ਬਰਨਾਲਾ ਦੇ ਪਿੰਡ ਦੀਵਾਨਾ ਦੀ 95 ਫ਼ੀਸਦੀ ਅਬਾਦੀ ਨੇ ਵਿੱਦਿਆ ਪ੍ਰਾਪਤੀ ਸਦਕਾ ਰੋਸ਼ਨ ਹੋਏ ਆਪਣੇ ਦਿਮਾਗਾਂ ਦੀ ਸੋਚ ਦਾ ਬਾਖੂਬੀ ਪ੍ਰਗਟਾਵਾ ਕੀਤਾ ਹੈ। ਜਿਨ੍ਹਾਂ ਬੱਚਿਆਂ ਦੇ ਭਵਿੱਖ ਪ੍ਰਤੀ ਚਿੰਤਤ ਹੋਣ ਪਿੱਛੋਂ ਨਿੱਜੀ ਦਿਲਚਸਪੀ ਨਾਲ ਪਿੰਡ ਦੀ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਪ੍ਰਵਾਸੀ ਪੰਜਾਬੀਆਂ ਦੇ ਭਰਵੇਂ ਸਹਿਯੋਗ ਨਾਲ ਪਿੰਡ ‘ਚ ‘ਖੇਡ ਗਰਾਊਂਡ’ ਸਥਾਪਿਤ ਕਰਕੇ ਬੱਚਿਆਂ ਦੇ ਭਵਿੱਖ ਨੂੰ ਤਰਾਸਣ ਦਾ ਸਲਾਘਾਯੋਗ ਤਹੱਈਆ ਕੀਤਾ ਹੈ। ਜਿੱਥੇ ਅੱਜਕੱਲ੍ਹ ਇਲਾਕੇ ਭਰ ਦੇ ਬੱਚੇ ਆਪਣਾ ਭਵਿੱਖ ਬਣਾਉਣ ਲਈ ਆਪਣਾ ਪਸੀਨਾ ਵਹਾ ਰਹੇ ਹਨ।

ਪਿੰਡ ਦੀ ਆਬਾਦੀ 4 ਹਜ਼ਾਰ ਦੇ ਕਰੀਬ ਹੈ ਜਿਸ ‘ਚੋਂ 95 ਫ਼ੀਸਦੀ ਲੋਕ ਪੜ੍ਹ-ਲਿਖ ਕੇ ਰੌਸ਼ਨ ਦਿਮਾਗ ਦੇ ਮਾਲਕ ਬਣ ਜਾਣ ਪਿੱਛੋਂ ਅਗਾਂਹਵਧੂ ਸੋਚ ਰੱਖਦੇ ਹੋਣ ਦਾ ਬਾਖੂਬੀ ਪ੍ਰਗਟਾਵਾ ਕਰ ਰਹੇ ਹਨ ਜੋ ਮਾੜੇ/ ਫ਼ੁਕਰੇ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਨਸ਼ਿਆਂ, ਗੈਂਗਸਟਰ ਆਦਿ ਵੱਲ ਵਧ ਰਹੀ ਖਾਸਕਰ ਨੌਜਵਾਨ ਪੀੜੀ ਨੂੰ ਬਚਾਉਣ ਲਈ ਹੰਭਲਾ ਮਾਰ ਰਹੇ ਹਨ। ਮੋਬਾਇਲ ਦੇ ਇਸ ਯੁੱਗ ‘ਚ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਚੰਗਾ ਸਾਹਿਤ ਤੇ ਖੇਡ ਗਰਾਊਂਡ ਹੀ ਬਚਾ ਸਕਦਾ ਹੈ। ਇਸੇ ਮਸਕਦ ਨਾਲ ਪਿੰਡ ਦੇ ਸਰਪੰਚ ਰਣਧੀਰ ਸਿੰਘ ਦੀ ਅਗਵਾਈ ‘ਚ ਸਮੂਹ ਗ੍ਰਾਮ ਪੰਚਾਇਤ ਨੇ ਪਿੰਡ ਵਾਸੀਆਂ ਤੇ ਵਿਦੇਸ਼ ਵੱਸਦੇ ਪ੍ਰਵਾਸੀ ਪੰਜਾਬੀ ਭਰਾਵਾਂ ਵੱਲੋਂ ਦਿੱਤੇ ਭਰਵੇਂ ਸਹਿਯੋਗ ਨਾਲ ਤਿਆਰ ਕਰਕੇ ਆਪਣੀ ਨੇਕ ਨੀਅਤ ਦਾ ਸਬੂਤ ਦਿੱਤਾ ਹੈ।

ਜਿਸ ‘ਚ ਅੱਜ ਇਲਾਕੇ ਭਰ ਦੇ ਤਕਰੀਬਨ ਚਾਰ ਦਰਜਨ ਬੱਚੇ ਰੋਜਾਨਾਂ ਆਪ ਮੁਹਾਰੇ ਪੁੱਜ ਕੇ ਆਪਣਾ ਭਵਿੱਖ ਰੁਸਨਾਉਣ ਲਈ ਸਰੀਰਕ ਮਿਹਨਤ ਦੇ ਨਾਲ ਨਾਲ ਸੁੱਖਮਈ ਜਿੰਦਗੀ ਜਿਉਣ ਦੇ ਅਣਮੁੱਲੇ ਸਬਕ ਵੀ ਸਿੱਖ ਰਹੇ ਹਨ। ਇਸ ਖੇਡ ਗਰਾਊਂਡ ‘ਚ ਇਸ ਸਮੇਂ ਤਕਰੀਬਨ ਤਿੰਨ ਪਿੰਡਾਂ ਦੇ 60 ਤੋਂ ਵਧੇਰੇ ਬੱਚੇ ਸੁਵੱਖ਼ਤੇ ਹੀ ਆਉਂਦੇ ਹਨ ਤੇ ਆਪਣੇ ਪਸੰਸਦੀਦਾ ਖੇਡਾਂ ਤੋਂ ਇਲਾਵਾ ਸਰੀਰਕ ਤੇ ਮਾਨਸਿੱਕ ਤੰਦਰੁਸਤੀ ਲਈ ਮਨ ਲਗਾ ਕੇ ਮਿਹਨਤ ਕਰਦੇ ਹਨ। ਗਰਾਊਂਡ ਦੀਆਂ ਦੀਵਾਰਾਂ ‘ਤੇ ਮਹਾਨ ਖਿਡਾਰੀਆਂ ਦੀਆਂ ਬਣੀਆਂ ਤਸਵੀਰਾਂ ਜਿੰਦਗੀ ‘ਚ ਕੁੱਝ ਕਰ ਗੁਜ਼ਰਨ ਦਾ ਜੋਸ ਭਰਦੀਆਂ ਨਜ਼ਰ ਆਉਂਦੀਆਂ ਹਨ।

ਪਿੰਡ ਵਾਸੀਆਂ ਵੱਲੋਂ ਬੱਚਿਆਂ ਲਈ ਲੋੜ ਸਮਝਦਿਆਂ ਆਪਣੇ ਖ਼ਰਚੇ ‘ਤੇ ਇੱਕ ਕੋਚ ਵੀ ਨਿਯੁਕਤ ਕੀਤਾ ਹੈ ਜੋ ਰੋਜਾਨਾਂ ਐਥਲੈਟਿਸ ਦੇ ਨਾਲ ਨਾਲ ਸਰੀਰਕ ਮਿਹਨਤ ਦੇ ਢੰਗ- ਤਰੀਕਿਆਂ ਤੋਂ ਬੱਚਿਆਂ ਨੂੰ ਜਾਣੂੰ ਕਰਵਾਉਂਦਾ ਹੈ। ਗਰਾਊਂਡ ‘ਚ ਹੀ ਇੱਕ ਮਿੰਨੀ ਲਾਇਬ੍ਰੇਰੀ ਵੀ ਸਥਾਪਿਤ ਹੈ ਜੋ ਖੇਡਾਂ ਦੇ ਨਾਲ ਬੱਚਿਆਂ ਨੂੰ ਸਾਹਿਤ ਪੜਨ ਲਈ ਵੀ ਉਕਸਾਉਂਦੀ ਹੈ। ਪਿੰਡ ਦੇ ਹੀ ਅਗਾਂਹਵਧੂ ਸੋਚ ਵਾਲੇ ਜਗਸੀਰ ਬੜਿੰਗ, ਗੁਰਦੀਪ ਸਿੰਘ ਫ਼ੌਜੀ, ਬਲਰਾਜ ਸਿੰਘ ਢਿੱਲੋਂ, ਵਰਿੰਦਰ ਦੀਵਾਨਾ ਤੇ ਗੁਰਦੀਪ ਸਿੰਘ ਦੀਪਾ ਨੌਜਵਾਨਾਂ ਦੁਆਰਾ ‘ਦੀਵਾਨਾ ਗਰਾਊਂਡ’ ਦੇ ਨਾਂਅ ਹੇਠ ਇੱਕ ਫ਼ੇਸਬੁੱਕ ਪੇਜ ਬਣਾਇਆ ਹੈ,

ਜਿਸ ਜ਼ਰੀਏ ਨਾ ਸਿਰਫ਼ ਲਾਗਲੇ ਪਿੰਡਾਂ ਦੇ ਹੋਰ ਬੱਚਿਆਂ ਨੂੰ ਇਸ ਗਰਾਊਂਡ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਸਗੋਂ ਹੋਰਨਾਂ ਪਿੰਡਾਂ ਨੂੰ ਵੀ ਅਜਿਹੇ ਸ਼ਲਾਘਾਯੋਗ ਉਪਰਾਲਿਆਂ ਲਈ ਇੱਕਜੁੱਟ ਹੋਣ ਦਾ ਵੀ ਸੱਦਾ ਦਿੱਤਾ ਜਾਂਦਾ ਹੈ। ਗਰਾਊਂਡ ਦੀ ਉਸਾਰੀ ਲਈ ਪ੍ਰਵਾਸੀ ਭਾਰਤੀਆਂ ਵੱਲੋਂ 9 ਲੱਖ ਰੁਪਏ, ਨਰੇਗਾ ਵੱਲੋਂ 17 ਲੱਖ, ਚੌਂਦਵੇਂ ਵਿੱਤ ਕਮਿਸ਼ਨ ਵੱਲੋਂ 4. 87 ਲੱਖ ਰੁਪਏ ਤੇ ਪਿੰਡ ਵਾਸੀਆਂ ਵੱਲੋਂ ਵੀ ਸਮੇਂ ਸਮੇਂ ‘ਤੇ ਤਨ ਤੇ ਧਨ ਨਾਲ ਭਰਪੂਰ ਸਹਿਯੋਗ ਪਾਇਆ ਗਿਆ ਹੈ।

ਪਿੰਡ ਦਾ ਸਰਵਪੱਖੀ ਵਿਕਾਸ, ਮੇਰਾ ਮੁਢਲਾ ਫ਼ਰਜ : ਸਰਪੰਚ

ਸਰਪੰਚ ਰਣਧੀਰ ਸਿੰਘ ਨੇ ਕਿਹਾ ਕਿ ਪਿੰਡ ਦਾ ਸਰਵਪੱਖੀ ਵਿਕਾਸ ਤੇ ਲੋੜੀਂਦੀਆਂ ਸਹੂਲਤਾਂ ਪਿੰਡ ‘ਚ ਲਿਆਉਣਾ ਉਨਾਂ ਦਾ ਮੁਢਲਾ ਫ਼ਰਜ ਹੈ, ਜਿਸ ਦੇ ਲਈ ਉਹ ਨਿਰੰਤਰ ਯਤਨਸ਼ੀਲ ਹਨ ਤੇ ਇਸ ਕਾਰਜ਼ ਲਈ ਪਿੰਡ ਵਾਸੀ ਵੀ ਉਨਾਂ ਦਾ ਪੂਰਨ ਸਹਿਯੋਗ ਕਰ ਰਹੇ ਹਨ। ਉਨਾਂ ਪਿੰਡ ਦੇ ਰਹਿੰਦੇ ਕੰਮਾਂ ਲਈ ਪੰਜਾਬ ਸਰਕਾਰ ਪਾਸੋਂ ਫੰਡਾਂ ਦੇ ਖੁੱਲੇ ਗੱਫ਼ੇ ਦੀ ਮੰਗ ਵੀ ਕੀਤੀ।

ਇਹ ਸਹੂਲਤਾਂ ਨੇ ਮੌਜ਼ੂਦ

ਪਿੰਡ ਦੀ ਗ੍ਰਾਮ ਪੰਚਾਇਤ ਦੁਆਰਾ ਪਿੰਡ ‘ਚ ਪੀਣ ਲਈ ਸ਼ੁੱਧ ਪਾਣੀ ਦਾ ਸੁਚੱਜਾ ਪ੍ਰਬੰਧ ਕੀਤੇ ਜਾਣ ਸਮੇਤ ਸਰਕਾਰੀ ਤੇ ਪ੍ਰਾਇਮਰੀ ਸਕੂਲ ਤੇ ਬੱਸ ਸਟੈਂਡਾਂ ਨੂੰ ਆਧੁਨਿਕ ਦਿੱਖ ਦਿੱਤੀ ਹੋਈ ਹੈ। ਪਿੰਡ ਅੰਦਰ ਮਿੰਨੀ ਪੀਐੱਚਸੀ ਤੇ ਪਸ਼ੂ ਹਸਪਤਾਲ ਵੀ ਮੌਜੂਦ ਹੈ ਤੇ ਭਾਈ ਘਨੱਈਆ ਸੇਵਾ ਸੁਸਾਇਟੀ ਦੁਆਰਾ ਐਬੂਲੈਂਸ ਸੇਵਾ ਤੇ ਯੁਵਕ ਸੇਵਾਵਾਂ ਕਲੱਬ ਵੱਲੋਂ ਸਹਾਰਾ ਲੈਬ ਵੀ ਚਲਾਈ ਜਾ ਰਹੀ ਹੈ ਜਿਸ ‘ਚ ਸ਼ਹਿਰ ਵਿਚਲੀਆਂ ਸਹੂਲਤਾਂ ਸ਼ਸਤੇ ਰੇਟਾਂ ‘ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ‘ਨੌਜਵਾਨਾਂ ਟੀਮ ਦੀਵਾਨਾ’ ਦੁਆਰਾ ਫਲੱਡ ਲਾਇਟਾਂ, ਸ਼ੀਸੇ, ਸਪੀਡ ਬਰੇਕਰ ਤੇ ਲਗਾਏ ਗਏ ਪੌਦੇ ਬੇਹੱਦ ਸ਼ੁੰਦਰ ਨਜ਼ਾਰਾ ਪੇਸ਼ ਕਰਦੇ ਹਨ।

ਪਿੰਡ ਦੀ ਸ਼ਾਨ ‘ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ’ —

2011 ਤੋਂ ਚੱਲ ਰਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ‘ਚ ਲਾਗਲੇ 30 ਪਿੰਡਾਂ ਦੇ ਪਾਠਕਾਂ ਦਾ ਆਉਣਾ- ਜਾਣਾ ਹੈ। ਇਸ ਦੇ ਨਾਲ ਹੀ ਲਾਇਬ੍ਰੇਰੀ ਪ੍ਰਬੰਧਕਾਂ ਦੁਆਰਾ ਸਮੇਂ ਸਮੇਂ ‘ਤੇ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਬਾਲ ਸਮਰ ਕੈਂਪ, ਪ੍ਰੇਰਣਾਦਾਇਕ ਫ਼ਿਲਮਾਂ ਵਿਖਾਉਣਾ, ਕਿਤਾਬਾਂ ਦੇ ਰੀਵਿਊ ਲਿਖਾਉਣਾ, ਸੁੰਦਰ ਲਿਖਾਈ ਤੇ ਗਿਆਨ ਮੁਕਾਬਲੇ ਕਰਵਾਏ ਜਾਂਦੇ ਹਨ। ਲਾਇਬ੍ਰੇਰੀ ਪ੍ਰਬੰਧਕਾਂ ਵੱਲੋਂ ਹੁਣੇ ਹੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਨਤਕ ਥਾਵਾਂ ‘ਤੇ ਸਾਹਿਤਕ ਵਾਲ ਪੇਟਿੰਗਾਂ ਬਣਵਾਈਆਂ ਗਈ ਹਨ ਜੋ ਇਲਾਕੇ ਸਮੇਤ ਦੇਸ਼ ਵਿਦੇਸ਼ ‘ਚ ਚਰਚਾ ‘ਚ ਹਨ।

ਇੰਨਾਂ ਕੰਮਾਂ ਲਈ ਫ਼ੰਡਾਂ ਦੀ ਹੈ ਘਾਟ–

ਸਕੂਲ ਨੂੰ ਅੱਪਡੇਟ ਕਰਕੇ ਬਾਰਵੀਂ ਤੱਕ ਕਰਨ, ਪਾਰਕ, ਆਂਗਣਵਾੜੀ ਸੈਂਟਰ, ਲਾਇਬ੍ਰੇਰੀ ਤੇ ਡਾਕਖਾਨੇ ਦੀ ਇਮਾਰਤ ਲਈ, ਗਰਾਊਂਡ ਲਈ ਓਪਨ ਜਿੰਮ, ਜਿੰਮ ਹਾਲ, ਖੇਡਾਂ ਦਾ ਸਮਾਨ ਤੇ ਬਾਸਕਟਬਾਲ ਆਦਿ ਦੀ ਘਾਟ ਹੈ ਤਾਂ ਜੋ ਪਿੰਡ ਦੀ ਦਿੱਖ ਸੰਵਾਰਨ ਦੇ ਨਾਲ ਨਾਲ ਪਿੰਡ ਵਾਸੀਆਂ ਤੇ ਬੱਚਿਆਂ ਨੂੰ ਸਮੁੱਚੀਆਂ ਸਹੂਲਤਾਂ ਪਿੰਡ ਅੰਦਰ ਹੀ ਪ੍ਰਾਪਤ ਹੋ ਸਕਣ। ਪਿੰਡ ਦੀ ਮਿੰਨੀ ਪੀਐਚਸੀ ‘ਚ ਰੈਗੂਲਰ ਡਾਕਟਰ ਦੀ ਘਾਟ ਵੀ ਪਿੰਡ ਵਾਸੀਆਂ ਨੂੰ ਰੜਕਦੀ ਹੈ।

ਲੋਕਾਂ ‘ਚ ਪੈ ਰਹੀ ਹੈ ਨਵੀਂ ਪਿਰਤ

ਇਲਾਕੇ ਦੇ ਲੋਕ ਨਵੀਂ ਪਿਰਤ ਪਾਉਂਦੇ ਹੋਏ ਆਪਣੇ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ- ਸ਼ਾਦੀ ਦੇ ਮੌਕੇ ‘ਤੇ ‘ਦੀਵਾਨਾ ਗਰਾਊਂਡ’ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਲੱਗੇ ਹਨ ਤਾਂ ਜੋ ਦੂਰ ਦੁਰਾਡੇ ਨਾ ਜਾ ਸਕਣ ਵਾਲੇ ਬੱਚੇ ਇੱਥੇ ਮਿਹਨਤ ਕਰਕੇ ਆਪਣੇ ਸੁਪਨਿਆਂ ਨੂੰ ਸ਼ਾਕਾਰ ਕਰ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.