ਔਰਤ ਨੂੰ ਮਿਲੇ ਸੁਫ਼ਨਿਆਂ ਵਾਲਾ ਸੰਪੂਰਨ ਸੰਸਾਰ

0
2
Dream For Woman

ਔਰਤ ਨੂੰ ਮਿਲੇ ਸੁਫ਼ਨਿਆਂ ਵਾਲਾ ਸੰਪੂਰਨ ਸੰਸਾਰ

ਸਿਰਜਣਹਾਰ ਦੀ ਕਲਾ ਦਾ ਇੱਕ ਬਿਹਤਰੀਨ ਤੋਹਫਾ, ਜਿਸ ਤੋਂ ਬਿਨਾਂ ਜੀਵਨ ਦਾ ਕੋਈ ਵੀ ਰਿਸ਼ਤਾ ਪੂਰਾ ਨਹੀਂ ਹੁੰਦਾ, ਅਤੇ ਜਿਸ ਨੂੰ ਪਰਮਾਤਮਾ ਨੇ ਕਈ ਨਿਆਮਤਾਂ ਨਾਲ ਨਿਵਾਜ਼ ਕੇ ਦੁਨੀਆ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੱਤੇ , ਨੂੰ ਔਰਤ ਦੇ ਨਾਂਅਨਾਲ ਜਾਣਿਆ ਜਾਂਦਾ ਹੈ।ਔਰਤ ਘਰ ਦੀ ਰੂਹ ਹੈ, ਸਮਾਜ ਦਾ ਸ਼ਿੰਗਾਰ ਅਤੇ ਦੇਸ਼ ਦੀ ਸ਼ਕਤੀ।ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਪਾਰ ਕਰਦੀ ਹੋਈ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਖੂਬਸੂਰਤੀ ਨਾਲ ਨਿਭਾਉਂਦੀ ਹੈ ਅਤੇ ਬਹੁਤੀ ਵਾਰ ਤਾਂ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਆਪਣੇ ਸੁਫਨੇ ਵੀ ਕੁਰਬਾਨ ਕਰ ਦਿੰਦੀ ਹੈ।

ਆਪਣੇ ਪਰਿਵਾਰ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਘਰੇਲੂ ਕੰਮਾਂ ਦੇ ਨਾਲ ਨੌਕਰੀ ਵੀ ਕਰਦੀ ਹੈ ਤਾਂ ਜੋ ਘਰ ਵਿੱਚ ਖੁਸ਼ਹਾਲੀ ਆ ਸਕੇ। ਸੀਮਿੰਟ, ਰੇਤ ਅਤੇ ਬੱਜਰੀ ਦੀ ਵਰਤੋਂ ਨਾਲ ਇੱਟਾਂ ਨੂੰ ਚਿਣ ਕੇ ਬਣੇ ਮਕਾਨ ਵਿੱਚ ਉਮੀਦਾਂ ਦੇ ਬੂਟੇ ਲਗਾ ਕੇ, ਮੁਹੱਬਤ ਨਾਲ ਇਨ੍ਹਾਂ ਨੂੰ ਸਿੰਜ ਕੇ ਮਕਾਨ ਨੂੰ ਘਰ ਬਣਾਉਣ ਲਈ ਪੂਰੀ ਵਾਹ ਲਾ ਦਿੰਦੀ ਹੈ।ਆਪਣੇ ਦਿ੍ਰੜ੍ਹ ਇਰਾਦੇ, ਲਗਨ, ਸਖਤ ਮਿਹਨਤ ਅਤੇ ਸਹਿਣ ਸ਼ਕਤੀ ਨਾਲ ਘਰ ਨੂੰ ਸਵਰਗ ਬਣਾਉਣ ਵਿੱਚ ਕੋਈ ਕਸਰ ਨਹੀਂ ਰਹਿਣ ਦਿੰਦੀ। ਉਸ ਦੀ ਲਿਆਕਤ ਦਾ ਕੋਈ ਤੋੜ ਨਹੀਂ।ਘਰ ਦੀ ਹਰ ਚੀਜ਼ ਨੂੰ ਸੰਵਾਰ ਕੇ ਰੱਖਣ ਅਤੇ ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਪਿਆਰ ਨੂੰ ਬਰਕਰਾਰ ਰੱਖਣ ਦਾ ਹੁਨਰ ਵੀ ਜਾਣਦੀ ਹੈ, ਔਰਤ।ਸਿਆਣੇ ਕਹਿੰਦੇ ਹਨ, ਜਿੱਥੇ ਨਾਰੀ ਦਾ ਉੱਚ ਸਥਾਨ ਹੈ, ਕੇਵਲ ਉੱਥੇ ਹੀ ਖੁਸ਼ੀਆਂ-ਖੇੜਿਆਂ ਦਾ ਵਾਸ ਹੁੰਦਾ ਹੈ।ਕਿਸੇ ਵੀ ਦੇਸ਼ ਦੀ ਸਮਾਜਿਕ ਸਥਿਤੀ ਦਾ ਅੰਦਾਜ਼ਾ ਉੱਥੋਂ ਦੀਆਂ ਔਰਤਾਂ ਦੀ ਹਾਲਤ ਤੋਂ ਸਹਿਜੇ ਹੀ ਲੱਗ ਜਾਂਦਾ ਹੈ।

Dream For Woman

The perfect dream world for a woman

ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਘਰ ਨੂੰ ਚਲਾਉਣ ਲਈ ਬਰਾਬਰ ਦਾ ਹੀ ਨਹੀਂ ਸਗੋਂ ਮਰਦਾਂ ਨਾਲੋਂ ਵੀ ਵੱਧ ਸਹਿਯੋਗ ਪਾਉਣ ਵਾਲੀ ਔਰਤ ਨੂੰ ਸਾਰੀ ਉਮਰ ਇਹ ਪਤਾ ਹੀ ਨਹੀਂ ਲੱਗਦਾ ਕਿ ਉਸ ਦਾ ਅਸਲੀ ਘਰ ਕਿਹੜਾ ਹੈ? ਕਿਸ ਘਰ ਨੂੰ ਉਹ ਆਪਣਾ ਸਮਝੇ? ਪਿਤਾ, ਪਤੀ ਜਾਂ ਪੁੱਤਰ ਦੇ ਘਰ ਨੂੰ।ਅੱਜ ਕਿਸੇ ਵੀ ਉਮਰ ਦੀ, ਕਿਸੇ ਵੀ ਔਰਤ ਨੂੰ ਜੇਕਰ ਪੁੱਛਿਆ ਜਾਵੇ ਕਿ ਉਸ ਦਾ ਘਰ ਕਿਹੜਾ ਹੈ? ਉਸ ਦਾ ਇੱਕ ਹੀ ਉੱਤਰ ਹੁੰਦਾ ਹੈ ਕਿ ਔਰਤ ਦਾ ਕੋਈ ਘਰ ਨਹੀਂ ਹੁੰਦਾ।

ਜਿਸ ਘਰ ਵਿਚ ਉਹ ਜਨਮ ਲੈਂਦੀ ਹੈ, ਨਾ ਉਹ ਉਸ ਦਾ ਘਰ ਹੁੰਦਾ ਹੈ ਅਤੇ ਨਾ ਹੀ ਉਹ, ਜਿਸ ਵਿਚ ਵਿਆਹ ਤੋਂ ਬਾਅਦ ਰਹਿੰਦੀ ਹੈ ਜਦੋਂ ਕਿ ਖਿਆਲ ਉਹ ਦੋਵਾਂ ਘਰਾਂ ਦਾ ਹੀ ਰੱਖਦੀ ਹੈ।ਕਿੰਨਾ ਅਜੀਬ ਹੈ ਕਿ ਜਿਸ ਘਰ ਵਿੱਚ ਔਰਤ ਨੇ ਜ਼ਿੰਦਗੀ ਦਾ ਅਹਿਮ ਹਿੱਸਾ ਗੁਜ਼ਾਰਿਆ ਹੋਵੇ, ਉਸ ਨੂੰ ਖੁਸ਼ਹਾਲ ਬਣਾਉਣ ਲਈ ਆਪਣੀ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕੀਤਾ ਹੋਵੇ, ਉਸ ਨੂੰ ਵੀ ਉਹ ਆਪਣਾ ਘਰ ਨਹੀਂ ਸਮਝ ਸਕਦੀ।

ਔਰਤ ਨੂੰ ਮਿਲੇ ਸੁਫ਼ਨਿਆਂ ਵਾਲਾ ਸੰਪੂਰਨ ਸੰਸਾਰ

ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਔਰਤ ਨੂੰ ਉੱਪਰ ਚੁੱਕਣ ਲਈ ਅਧਿਕਾਰਾਂ ਦੇ ਨਾਲ-ਨਾਲ ਭਾਵੇਂ ਕਾਨੂੰਨੀ ਤੌਰ ’ਤੇ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਫਿਰ ਵੀ ਅਜੇ ਤੱਕ ਔਰਤ ਦੇ ਮਨ ’ਚੋਂ ਘਰ ਬਾਰੇ ਮਲਕੀਅਤ ਦਾ ਵਹਿਮ ਦੂਰ ਨਹੀਂ ਹੋਇਆ।ਇਸ ਸਬੰਧੀ ਔਰਤ ਦਾ ਤਰਕ ਹੈ ਕਿ ਉਸ ਦੇ ਬੱਚਾ ਹੋਣ ’ਤੇ ਉਸ ਦੇ ਮਾਪਿਆਂ ਵੱਲੋਂ ਬੱਚੇ ਦੇ ਨਾਲ-ਨਾਲ ਉਸ ਦੇ ਸਹੁਰਿਆਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤੋਹਫੇ ਦੇ ਕੇ ਨਿਵਾਜ਼ਣਾ ਪੈਂਦਾ ਹੈ ਅਤੇ ਅਜਿਹਾ ਨਾ ਹੋਣ ਦੀ ਸਥਿਤੀ ਵਿਚ ਉਸ ਔਰਤ ਦੇ ਨਾਲ ਉਸ ਦੇ ਮਾਪਿਆਂ ਨੂੰ ਵੀ ਘਟੀਆ ਦਰਜਾ ਦਿੱਤਾ ਜਾਂਦਾ ਹੈ ਜਦੋਂ ਕਿ ਔਰਤ ਦੇ ਬੱਚਾ ਹੋਣ ਨਾਲ ਖਾਨਦਾਨ ਉਸ ਦੇ ਸਹੁਰਿਆਂ ਦਾ ਹੀ ਵਧਦਾ ਹੈ।

ਇੱਥੋਂ ਤੱਕ ਕਿ ਉਸ ਦੇ ਸੱਸ ਜਾਂ ਸਹੁਰੇ ਨਾਲ ਕੋਈ ਮਾੜੀ ਘਟਨਾ ਵਾਪਰਣ ਤੋਂ ਬਾਅਦ ਵੀ ਉਸ ਦੇ ਮਾਪਿਆਂ ਨੂੰ ਉਸ ਦੇ ਸਹੁਰੇ ਪਰਿਵਾਰ ਦੇ ਬਹੁਤੇ ਮੈਂਬਰਾਂ ਨੂੰ ਵੱਖ-ਵੱਖ ਤੋਹਫੇ ਦੇਣੇ ਪੈਂਦੇ ਹਨ।ਇਸ ਦੇ ਨਾਲ ਉਸ ਨੂੰ ਇਹ ਵੀ ਗਿਲ੍ਹਾ ਹੈ ਕਿ ਵਿਆਹ ਤੋਂ ਬਾਅਦ, ਜਿਸ ਘਰ ਨੂੰ ਖੁਸ਼ਹਾਲ ਬਣਾਉਣ ਲਈ ਉਹ ਪੂਰੀ ਜ਼ਿੰਦਗੀ ਲਗਾ ਦਿੰਦੀ ਹੈ, ਉਸ ਘਰ ਵਿੱਚੋਂ ਉਸ ਦੇ ਇਸ ਸੰਸਾਰ ਤੋਂ ਵਿਦਾਈ ਸਮੇਂ ਲੋੜੀਂਦਾ ਸਾਮਾਨ ਵੀ ਉਸ ਨੂੰ ਸਹੁਰੇ ਘਰ ਵਿੱਚੋਂ ਨਸੀਬ ਨਹੀਂ ਹੁੰਦਾ।ਇਹ ਸਭ ਕੁਝ ਦਾ ਫਰਜ਼ ਵੀ ਉਸ ਦੇ ਪੇਕਿਆਂ ਨੂੰ ਹੀ ਨਿਭਾਉਣਾ ਪੈਂਦਾ ਹੈ।

The perfect dream world for a woman

ਜੇਕਰ ਥੋੜ੍ਹਾ ਜਿਹਾ ਇਨ੍ਹਾਂ ਰਸਮਾਂ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਪੁਰਾਣੇ ਸਮਿਆਂ ਵਿੱਚ ਲੜਕੀ ਦੇ ਵਿਆਹ ਬਾਰੇ ਰਿਸ਼ਤੇ ਦੀ ਗੱਲ ਪਿੰਡ ਦੇ ਲਾਗੀ ਵੱਲੋਂ ਹੀ ਤਹਿ ਕੀਤੀ ਜਾਂਦੀ ਸੀ।ਮਾਂ-ਬਾਪ ਲੜਕੀ ਦੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੜਕੀ ਦੇ ਘਰ ਜਾਣਾ ਅਤੇ ਉਸ ਘਰ ਦਾ ਪਾਣੀ ਪੀਣਾ ਵੀ ਪਾਪ ਸਮਝਦੇ ਸਨ।ਆਪਣੀ ਲੜਕੀ ਦੇ ਘਰ ਉਹ ਸਿਰਫ ਅਜਿਹੇ ਮੌਕਿਆਂ ’ਤੇ ਪਹੁੰਚਦੇ ਅਤੇ ਵੱਖ-ਵੱਖ ਵਹਿਮਾਂ-ਭਰਮਾਂ ਦੇ ਨਾਲ ਜੋੜੀਆਂ ਇਨ੍ਹਾਂ ਰਸਮਾਂ ਨੂੰ ਨਿਭਾਉਣਾ ਆਪਣਾ ਫਰਜ਼ ਸਮਝਣ ਲੱਗ ਪਏ।ਅੱਜ ਸਮਾਂ ਬਦਲ ਗਿਆ ਹੈ ਅਤੇ ਇਸ ਦੇ ਨਾਲ ਹੀ ਆਧੁਨਿਕਤਾ ਦੇ ਨਾਂਅ ਹੇਠ ਸਾਡੇ ਸੰਸਕਾਰ ਵੀ ਬਦਲ ਗਏ ਹਨ।ਕੱਲ੍ਹ ਤੱਕ ਆਪਣੀ ਬੇਟੀ ਦੇ ਸਹੁਰੇ ਘਰ ਦਾ ਪਾਣੀ ਵੀ ਨਾ ਪੀਣ ਵਾਲੇ ਮਾਂ-ਬਾਪ ਅਕਸਰ ਇਕੱਠੇ ਬੈਠਣਾ ਪਸੰਦ ਕਰਦੇ ਹਨ।

ਔਰਤ ਨੂੰ ਮਿਲੇ ਸੁਫ਼ਨਿਆਂ ਵਾਲਾ ਸੰਪੂਰਨ ਸੰਸਾਰ

ਜੇਕਰ ਆਧੁਨਿਕਤਾ ਦੇ ਨਾਂਅ ਹੇਠ ਇਹ ਸਭ ਕੁਝ ਜਾਇਜ਼ ਹੈ ਤਾਂ ਵੱਖ-ਵੱਖ ਵਹਿਮਾਂ ਨਾਲ ਜੁੜੀਆਂ ਰਸਮਾਂ ਨੂੰ ਉਖਾੜ ਸੁੱਟਣਾ ਵੀ ਆਧੁਨਿਕਤਾ ਹੀ ਹੋਵੇਗੀ।ਇੱਥੇ ਇਹ ਕਹਿਣਾ ਵੀ ਅੱਤਕਥਨੀ ਨਹੀਂ ਹੋਵੇਗੀ ਕਿ ਇਨ੍ਹਾਂ ਰਸਮਾਂ ਲਈ ਵੀ ਔਰਤਾਂ ਹੀ ਜ਼ਿੰਮੇਵਾਰ ਹਨ ਮਰਦ ਨਹੀਂ।ਕਈ ਕਿਸਮ ਦੇ ਅੰਧਵਿਸ਼ਵਾਸਾਂ ਨਾਲ ਜੋੜ ਕੇ ਪੇਕੇ ਘਰ ਨੂੰ ਇਨ੍ਹਾਂ ਰਸਮਾਂ ਨੂੰ ਨਿਭਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ।ਹਰ ਘਰ ਵਿਚ ਔਰਤ ਹੁੰਦੀ ਹੈ ਭਾਵੇਂ ਉਹ ਧੀ ਦੇ ਰੂਪ ਵਿਚ ਹੋਵੇ ਜਾਂ ਨੂੰ੍ਹਹ ਦੇ।ਇਨ੍ਹਾਂ ਰਸਮਾਂ ਨੂੰ ਬਦਲਣ ਲਈ ਮਰਦਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਹੰਭਲਾ ਮਾਰਨ ਦੀ ਲੋੜ ਹੈ।

ਇਸ ਲਈ ਆਓ, ਸਾਰੇ ਰਲ-ਮਿਲ ਕੇ ਇਨ੍ਹਾਂ ਇਤਰਾਜ਼ਯੋਗ ਰੀਤੀ-ਰਿਵਾਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਤਾਂ ਜੋ ਔਰਤ ਨੂੰ ਅਹਿਸਾਸ ਹੋ ਸਕੇ ਕਿ ਵਿਆਹ ਤੋਂ ਬਾਅਦ, ਜਿਸ ਘਰ ਵਿਚ ਉਸ ਨੇ ਜ਼ਿੰਦਗੀ ਦਾ ਬਾਕੀ ਸਾਰਾ ਸਮਾਂ ਗੁਜ਼ਾਰਿਆ ਹੈ, ਜਿਸ ਘਰ ਵਿਚ ਉਹ ਮਾਂ ਬਣੀ, ਫਿਰ ਦਾਦੀ ਤੇ ਫਿਰ ਇਸ ਤੋਂ ਅਗਲੇ ਰਿਸ਼ਤੇ ਵੀ, ਜਿਸ ਘਰ ਦੇ ਅਨੁਸਾਰ ਆਪਣੇ ਆਪ ਨੂੰ ਢਾਲਦੇ ਹੋਏ ਉਸ ਨੂੰ ਖੁਸ਼ਹਾਲ ਬਣਾਉਣ ਲਈ ਉਸ ਨੇ ਤਨ-ਮਨ ਤੇ ਧਨ ਨਾਲ ਯਤਨ ਕੀਤੇ ਅਤੇ ਜਿੱਥੇ ਆਪਣੇ ਪਤੀ ਅਤੇ ਬੱਚਿਆਂ ਨਾਲ ਰਹਿੰਦੀ ਹੋਈ ਨੇ ਉਨ੍ਹਾਂ ਦੇ ਹਰ ਦੁੱਖ-ਸੁੱਖ ਦਾ ਧਿਆਨ ਰੱਖਿਆ ਸੀ, ਉਹ ਹੀ ਉਸ ਦਾ ਅਸਲੀ ਘਰ ਹੈ।
ਕੈਲਾਸ਼ ਚੰਦਰ ਸ਼ਰਮਾ
459, ਡੀ ਬਲਾਕ, ਰਣਜੀਤ ਐਵੀਨਿਊ, ਅੰਮ੍ਰਿਤਸਰ, ਫੋਨ ਨੰ: 9877466607

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.