ਡਾਕੀਏ ਦੀ ਰਾਹ

0
461

ਡਾਕੀਏ ਦੀ ਰਾਹ

ਦੂਰ ਵਸੇਂਦਿਓ ਸੱਜਣੋਂ ! ਕੋਈ ਚਿੱਠੀ ਤਾਂ ਦਿਉ ਪਾ।
ਖੜ੍ਹ ਕੇ ਵਿਚ ਬਰੂਹਾਂ,ਤੱਕਦਾ ਮੈਂ ਡਾਕੀਏ ਦੀ ਰਾਹ।
ਉਂਝ ਤਾਂ ਰੋਜ਼ ਲਗਾਵੇ ਡਾਕੀਆ ਗਲੀ ਮੇਰੀ ਦਾ ਗੇੜਾ,
ਪਰ ਮੇਰੀ ਆਸ ਉਮੀਦ ਵਾਲਾ , ਨਾ ਕਰਕੇ ਜਾਵੇ ਨਿਬੇੜਾ,
ਲੰਘ ਜਾਂਦਾ ਹੈ ਦਰਾਂ ਮੂਹਰ ਦੀ ਘੰਟੀ ਨੂੰ ਖੜਕਾ।
ਦੂਰ…………………………………………।

ਮੰਨਿਆ ਹੈ ਕਿ ਚਿੱਠੀ ਲਿਖਣ ਦਾ ਯੁੱਗ ਨਹੀਂ ਹੁਣ ਰਿਹਾ,
ਮੋਬਾਇਲ ਫ਼ੋਨ ਦੇ ਉਪਰ ਹੀ ਹੈ ਜਾਂਦਾ ਸਭ ਕੁਝ ਕਿਹਾ,
ਚਿੱਠੀ ਵਾਲੇ ਲਿਫ਼ਾਫੇ ਤਾਈਂ ਈਮੇਲ ਗਈ ਖਾ।
ਦੂ੍ਰਰ………………………………………।

ਹਾਲ ਦਿਲਾਂ ਦਾ ਚਿੱਠੀ ਦੇ ਵਿਚ ਜਾਵੇ ਜਦੋਂ ਬਿਆਨਿਆ,
ਅੱਧੀ ਮੁਲਾਕਤ ਚਿੱਠੀ ਨੂੰ ਹੀ ਜਾਂਦਾ ਹੈ ਪ੍ਰਵਾਨਿਆ,
ਮੇਰੇ ਹਿੱਸੇ ਦੀ ਪ੍ਰਵਾਨਗੀ ਮੈਨੂੰ ਦਿਉ ਦਿਵਾ।
ਦੂਰ…………………………………….।

ਹੋ ਸਕਦਾ ਹੈ ਕੋਲ ਤੁਹਾਡੇ ਕਮੀ ਵਕਤ ਦੀ ਹੋਵੇਗੀ,
ਇਹ ਕਮੀ ਹੀ ਲਿਖਣ ਕਲਾ ਦੇ ਅੱਗੇ ਆ ਖਲ੍ਹੋਵੇਗੀ,
ਇਸਦੇ ਕਾਰਨ ਲਿਖਣ ਕਲਾ ਨਾ ਦੇਣੀ ਕਿਤੇ ਭੁਲਾ।
ਦੂਰ…………………………………….।

ਵਟਸ ਅੱਪ,ਟਵਿੱਟਰ,ਟਿੱਕ ਟਾਕ ਆਧੁਨਿਕਤਾ ਦੇ ਸੁਖ ਸਹੂਲਤ,
ਵਿਚ ਵਿਛੋੜੇ ਉਪਜੇ ਜਿਹੜਾ ਕਰੇ ਦੂਰ ਨਾ ਉਹ ਦੁੱਖ ਸਹੁਲਤ,
ਲਿਖਕੇ ਚਿੱਠੀ ਮਿੱਤਰ ਪਿਆਰਿਓ! ਇਸ ਦੁੱਖ ਨੂੰ ਲਉ ਵੰਡਾ।
ਦੂਰ……………………………………………………….।

ਚੰਬਾ, ਰੂੜੀਵਾਲਾ ਅਤੇ ਚੋਹਲਾ, ਜਦ ਚਿੱਠੀ ਵਿੱਚ ਬੋਲੂ,
ਬਚਪਨ ਦੀਆਂ ਬੈਠਕਾਂ ਵਾਲਾ ਭੇਤ ਕਈਆਂ ਦਾ ਖੋਲੂ,
‘ਰਮੇਸ਼ ਬੱਗੇ’ ਨੂੰ ਪੜ੍ਹ ਕੇ ਹੋਜੂ ਅਜੀਬ ਹੀ ਇੱਕ ਨਸ਼ਾ।
ਦੂਰ……………………………………………….।

ਰਮੇਸ਼ ਬੱਗਾ ਚੋਹਲਾ
-#1348/17/1 ਗਲੀ ਨੰ:8 ਹੈਬੋਵਾਲ ਖੁਰਦ (ਲੁਧਿਆਣਾ) ਮੋਬ:9463132719

ਗੱਲ ਸਾਡੀ ਹੋਂਦ ਮਿੱਟੀ ਦੀ ਆ
ਗੱਲ ਸਾਡੀ ਹੋਂਦ ਮਿੱਟੀ ਦੀ ਆ
ਬਾਪੂ ਦੀ ਹੋਈ ਦਾੜ੍ਹੀ ਚਿੱਟੀ ਦੀ ਆ
ਗੱਲ ਖੇਤ ਨੂੰ ਜਾਂਦੇ ਰਾਹ ਦੀ ਐ
ਫਸਲ ਪੱਕਣ ਦੇ ਚਾਅ ਦੀ ਐ
ਗੱਲ ਖੇਤ ਨੂੰ ਜਾਂਦੇ ਖਾਲ ਦੀ ਐ
ਮਾਂ ਦੇ ਖੁਸਣ ਦੇ ਮਲਾਲ ਦੀ ਆ
ਗੱਲ ਖੇਤਾਂ ਦੀਆਂ ਵੱਟਾਂ ਦੀ ਆ
ਸਿਰ ਚੜ੍ਹੇ ਕਰਜ਼ੇ ਦੇ ਸੱਟਾਂ ਦੀ ਆ
ਗੱਲ ਖੇਤ ’ਚ ਲੱਗੀ ਟਾਹਲੀ ਦੀ ਆ
ਦਾਦੇ ਪੜਦਾਦੇ ਦੀ ਪਾਲੀ ਦੀ ਆ
ਗੱਲ ਹਾੜ੍ਹੀ ਤੇ ਸਾਉਣੀ ਦੀ ਆ
ਆਈ ਵੱਤਰ ਤੇ ਰੌਣੀ ਦੀ ਆ
ਗੱਲ ਖੇਤ ਦੀ ਵਾਰੀ ਦੀ ਆ
ਅੰਨਦਾਤੇ ਨਾਲ ਕੀਤੀ ਮਾੜੀ ਦੀ ਆ
ਕਮਲ ਬਰਾੜ
ਪਿੰਡ ਕੋਟਲੀ ਅਬਲੂ।
9877870779

ਇਹ ਸਮਝੀਂ ਨਾ ਕਿ ਔਰਤ ਹਾਂ

ਇਸ ਸਮਝੀਂ ਨਾ ਕਿ ਔਰਤ ਹਾਂ ਜਿਗਰ ਕਮਜ਼ੋਰ ਰੱਖਦੀ ਹਾਂ
ਸਮੇਂ ਦੇ ਨਾਲ ਖਹਿ ਜਾਵਾਂ ਉਹ ਵੀ ਮੈਂ ਜ਼ੋਰ ਰੱਖਦੀ ਹਾਂ।

ਨਾ ਮੈਨੂੰ ਛੂਹ ਸਕੇਂ, ਨਾ ਫੜ ਸਕੇਂ, ਨਾ ਦੇਖ ਹੀ ਪਾਵੇਂ,
ਸਿਰਫ ਮਹਿਸੂਸ ਹੋਵਾਂਗੀ ਹਵਾ ਦੀ ਤੋਰ ਰੱਖਦੀ ਹਾਂ।

ਬੜੀ ਕਮਜ਼ੋਰ ਦਿਖਦੀ ਹਾਂ ਕਰਾਂ ਜਦ ਆਸ ਮੈਂ ਤੇਰੀ ,
ਕਦੋਂ ਮੂੰਹ ਮੋੜਨਾ ਚੰਨਾ ਇਹਦਾ ਵੀ ਗੌਰ ਰੱਖਦੀ ਹਾਂ।

ਤੇਰੀ ਤਹਿਜ਼ੀਬ ਦੀ ਚਾਦਰ ’ਚ ਮਰਜ਼ੀ ਨਾਲ ਹਾਂ ਬੈਠੀ
ਮਗਰ ਸੋਚਾਂ ਦੇ ਖੰਭਾਂ ’ਤੇ ਬਦਲਦਾ ਦੌਰ ਰੱਖਦੀ ਹਾਂ

ਜੇ ਹਾਂ ਆਖਾਂ ਤੇਰੀ ਹਾਂ ਵਿੱਚ ਸਮਝ ਲੈਂਦੈਂ ਕਿ ਰਾਜ਼ੀ ਹਾਂ
ਕਦੇ ਟੋਹ ਕੇ ਨਹੀਂ ਦੇਖੇਂ ਨਜ਼ਰ ਮੈਂ ਹੋਰ ਰੱਖਦੀ ਹਾਂ।

ਖ਼ੁਸ਼ੀ ਨੂੰ ਆਪਣੀ ਮੈਂ ਦਫ਼ਨ ਕਰ ਤੈਨੂੰ ਖੁਸ਼ੀ ਦਿੱਤੀ
ਇਹ ਕਿਉਂ ਫਿਰ ਵੀ ਲੱਗੇ ਤੈਨੂੰ ਕਿ ਦਿਲ ਵਿੱਚ ਚੋਰ ਰੱਖਦੀ ਹਾਂ।

ਹਿਮਾਲਾ ਬਣ ਜੇ ਟੱਕਰੇਂ ਤਾਂ ਤੇਰੇ ਕਦਮਾਂ ’ਚ ਮੈਂ ਬਰਸਾਂ
ਛੁਪਾ ਨੈਣਾਂ ’ਚ ਸਭ ਕੋਲੋਂ ਘਟਾ ਘਨਘੋਰ ਰੱਖਦੀ ਹਾਂ।
ਜੋਗਿੰਦਰ ਨੂਰਮੀਤ
98143-55992
ਸਮਾਜਿਕ ਸਿੱਖਿਆ ਮਿਸਟ੍ਰੈਸ
ਅਜੀਤਸਰ ਸ.ਕੰ.ਸ.ਸ.ਸ.ਸ
ਰਾਏਕੋਟ (ਲੁਧਿਆਣਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.