ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਬਹੁਤ ਜ਼ਰੂਰੀ

0
44

ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਬਹੁਤ ਜ਼ਰੂਰੀ

ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਇਹਨਾਂ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਨਾ ਕਰਨ ਕਾਰਨ ਪੰਜਾਬ ਵਿੱਚ ਮਨੁੱਖੀ ਜਾਨਾਂ ਜਾਣ ਦਾ ਖ਼ਤਰਾ ਦਿਨੋਂ-ਦਿਨ ਵਧ ਰਿਹਾ ਹੈ। ਜਿਸ ਕਾਰਨ ਪੂਰੇ ਸਮਾਜ ਵਿੱਚ ਡਰ ਦੀ ਭਾਵਨਾ ਪੈਦਾ ਹੋ ਗਈ ਹੈ। ਅੱਜ-ਕੱਲ੍ਹ ਹਰ ਇੱਕ ਵਿਅਕਤੀ ਅਵਾਰਾ ਪਸ਼ੂਆਂ ਤੋਂ ਬਹੁਤ ਪ੍ਰੇਸ਼ਾਨ ਹੈ। ਅਵਾਰਾ ਪਸ਼ੂ ਅਕਸਰ ਹੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਤੇ ਇਹਨਾਂ ਅਵਾਰਾ ਢੱਠਿਆਂ, ਕੁੱਤਿਆਂ, ਗਊਆਂ ਦੇ ਪਿੰਡਾਂ ਅਤੇ ਕਸਬਿਆਂ ਦੀਆਂ ਗਲੀਆਂ ਵਿਚ ਹਰਲ-ਹਰਲ ਘੁੰਮਣ ਨਾਲ ਜਿੱਥੇ ਹਰ ਕੋਈ ਭੈਅਭੀਤ ਜਿਹਾ ਰਹਿੰਦਾ ਹੈ, ਉੱਥੇ ਛੋਟੇ ਬੱਚੇ ਤੇ ਬਜ਼ੁਰਗ ਜ਼ਿਆਦਾ ਖੌਫਜਦਾ ਹੋ ਰਹੇ ਹਨ ਅਤੇ ਕਈ ਵਾਰ ਬੱਚਿਆਂ ਦਾ ਸ਼ਾਮ ਵੇਲੇ ਖੇਡਣਾ ਮੁਸ਼ਕਲ ਹੋਇਆ ਪਿਆ ਹੈ

Àੁੱਧਰ ਦੂਸਰੇ ਪਾਸੇ ਨਿੱਤ ਆਉਂਦੀਆਂ ਦਿਲ ਕੰਬਾਊ ਖਬਰਾਂ ਕਿ  ਹਲਕਾਏ ਤੇ ਅਵਾਰਾ ਕੁੱਤਿਆਂ ਦੇ ਵੱਢਣ ਨਾਲ ਅਤੇ ਅਵਾਰਾ ਪਸ਼ੂਆਂ ਦੇ ਹਮਲਿਆਂ ਨਾਲ ਹੁੰਦੀਆਂ ਮੌਤਾਂ ਅਤੇ ਕਈਆਂ ਦੇ ਜਖਮੀ ਹੋਣ ਸਬੰਧੀ ਸੁਣ ਕੇ ਦਿਲ ਕੰਬ ਉੱਠਦਾ ਹੈ, ਪਰ ਇਹਨਾਂ ਦੁਰਘਟਨਾਵਾਂ ਦੇ ਬਾਵਜੂਦ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਕੋਈ ਵੀ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ। ਅਵਾਰਾ ਪਸ਼ੂਆਂ ਦੀ ਭਰਮਾਰ ਦਿਨੋਂ-ਦਿਨ ਵਧ ਰਹੀ ਹੈ। ਦੂਜੇ ਪਾਸੇ ਬਹੁਤੇ ਲੋਕਾਂ ਦੀਆਂ ਇਹਨਾਂ ਆਵਾਰਾ ਪਸ਼ੂਆਂ ਪ੍ਰਤੀ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ ਸਾਨੂੰ ਉਹਨਾਂ ਦੀਆਂ ਭਾਵਨਾਵਾਂ ਦਾ ਵੀ ਸਤਿਕਾਰ ਕਰਦੇ ਹੋਏ ਇਸ ਸਮੱਸਿਆ ਦੇ ਬਦਲਵੇਂ ਹੱਲ ਲੱਭਣੇ ਚਾਹੀਦੇ ਹਨ।

ਕਿਸਾਨਾਂ ਤੇ ਆਮ ਲੋਕਾਂ ਲਈ ਅਵਾਰਾ ਪਸ਼ੂਆਂ ਦੀ ਸਮੱਸਿਆ:

ਅਵਾਰਾ ਪਸ਼ੂ ਕਿਸਾਨਾਂ ਦੇ ਖੇਤਾਂ ਵਿੱਚ ਚਲੇ ਜਾਂਦੇ ਹਨ ਜਿੱਥੇ ਉਹ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਦਾ ਭਾਰੀ ਨੁਕਸਾਨ ਕਰਦੇ ਹਨ। ਕਿਸਾਨ ਆਪਣੀਆਂ ਫ਼ਸਲਾਂ ਬਚਾਉਣ ਲਈ ਦਿਨੇ ਤੇ ਰਾਤਾਂ ਨੂੰ ਆਪਣੀ ਫਸਲ ਦੀ ਰਾਖੀ ਕਰਦੇ ਹਨ ਤਾਂ ਜੋ ਅਵਾਰਾ ਪਸ਼ੂਆਂ ਤੋਂ ਫਸਲ ਦੇ ਨੁਕਸਾਨ ਨੂੰ ਬਚਾਇਆ ਜਾ ਸਕੇ। ਪਰ ਇਸ ਮੁਸ਼ਕਿਲ ਦਾ ਕੋਈ ਠੋਸ ਹੱਲ ਨਹੀਂ ਨਿੱਕਲ ਰਿਹਾ ਤੇ ਅਵਾਰਾ ਪਸ਼ੂਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਹੁਣ ਇਹ ਪਸ਼ੂ ਬਜ਼ਾਰਾਂ, ਭੀੜ-ਭੜੱਕੇ ਵਾਲੀਆਂ ਥਾਵਾਂ, ਗਲੀਆਂ, ਮੁਹੱਲਿਆਂ ਵਿੱਚ ਆਮ ਅਵਾਰਾ ਘੁੰਮ ਰਹੇ ਹਨ। ਜਿਸ ਕਾਰਨ ਛੋਟੇ ਬੱਚਿਆਂ, ਬਜੁਰਗਾਂ, ਔਰਤਾਂ ਆਦਿ ਨੂੰ ਘਰੋਂ ਬਾਹਰ ਨਿੱਕਲਣ ਵਿੱਚ ਸਮੱਸਿਆ ਆਉਂਦੀ ਹੈ ਤੇ ਇਨ੍ਹਾਂ ਤੋਂ ਸੱਟ-ਫੇਟ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।

ਅਵਾਰਾ ਪਸ਼ੂਆਂ ਕਾਰਨ ਮੇਰੇ ਨਾਲ ਹੋਈਆਂ ਹੱਡਬੀਤੀਆਂ ਘਟਨਾਵਾਂ:

ਕੁਝ ਕੁ ਸਾਲ ਪਹਿਲਾਂ ਸਾਡਾ ਇੱਕ ਗੁਆਂਢੀ ਜੋ ਕਿ ਸਟੇਟ ਬੈਂਕ ਆਫ ਪਟਿਆਲਾ ਜੈਤੋ ਵਿਖੇ ਕੈਸ਼ੀਅਰ ਲੱਗਾ ਸੀ, ਆਪਣੇ ਸਕੂਟਰ ‘ਤੇ ਘਰ ਆ ਰਿਹਾ ਸੀ ਤਾਂ ਅਚਾਨਕ ਅਵਾਰਾ ਢੱਠੇ ਨੇ ਚੱਕ ਕੇ ਮਾਰਿਆ ਇੰਨੀ ਭਿਆਨਕ ਸੱਟ ਲੱਗੀ ਕਿ ਉਸ ਦੀ ਮੌਤ ਹੋ ਗਈ । ਇਸੇ ਤਰ੍ਹਾਂ ਕੁਝ ਕੁ ਮਹੀਨੇ ਪਹਿਲਾਂ ਜੈਤੋ ਵਿਖੇ ਹੀ ਮੇਰੀਆਂ ਅੱਖਾਂ ਸਾਹਮਣੇ ਬਾਜ਼ਾਰ ਵਿੱਚ ਇੱਕ ਅਵਾਰਾ ਢੱਠੇ ਨੇ ਤੁਰੇ ਜਾਂਦੇ ਨੌਜਵਾਨ ਨੂੰ ਪਿੱਛੋਂ ਦੀ ਸਿੰਗਾਂ ‘ਤੇ ਚੁੱਕ ਲਿਆ ਤੇ 50-60 ਗਜ ਦੂਰ ਚਲਾ ਕੇ ਮਾਰਿਆ ਬਾਅਦ ਵਿੱਚ ਉਸਦੇ ਪੇਟ ‘ਤੇ ਲੱਤ ਰੱਖਣ ਲੱਗਾ ਤਾਂ ਨੇੜਲੇ ਦੁਕਾਨਦਾਰਾਂ ਨੇ ਢੱਠੇ ਦੇ ਮੂੰਹ ਤੇ ਅੱਖਾਂ ‘ਤੇ ਪਾਣੀ ਪਾ ਕੇ, ਸੋਟੀਆਂ ਆਦਿ ਮਾਰ ਕੇ ਉਸ ਨੌਜਵਾਨ ਦੀ ਜਾਨ ਬਚਾਈ ਪਰ ਫਿਰ ਵੀ ਉਸ ਨੌਜਵਾਨ ਦੇ ਕਈ ਸੱਟਾਂ ਲੱਗ ਚੁੱਕੀਆਂ ਸਨ।

ਇਸੇ ਤਰ੍ਹਾਂ ਕੁਝ ਕੁ ਦਿਨ ਪਹਿਲਾਂ ਮੈਂ ਆਪਣੇ ਪਿਤਾ ਨਾਲ ਐਕਟਿਵਾ ‘ਤੇ ਆ ਰਿਹਾ ਸੀ ਤਾਂ ਸਾਹਮਣੇ ਤੋਂ ਦੋ ਢੱਠੇ ਲੜਦੇ ਹੋਏ ਸਾਡੇ ਅੱਗੇ ਆਉਣ ਲੱਗੇ ਉਹਨਾਂ ਤੋਂ ਬਚਣ ਲਈ ਮੈਂ ਨਾਲ ਦੀ ਗਲੀ ਵਿੱਚ ਵੜਨ ਲੱਗਾ ਤਾਂ ਡਿੱਗ ਕੇ ਕਈ ਸੱਟਾਂ ਮਰਵਾ ਲਈਆਂ।
ਹਰ ਰੋਜ਼ ਇਸ ਤਰ੍ਹਾਂ ਦੀਆਂ ਹੋਰ ਵੀ ਹਜ਼ਾਰਾਂ ਦੁਰਘਟਨਾਵਾਂ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਵਾਪਰ ਰਹੀਆਂ ਹਨ। ਅੱਜ-ਕੱਲ੍ਹ ਲੋਕ ਘਰੋਂ ਨਿੱਕਲਣ ਤੋਂ ਵੀ ਡਰਦੇ ਹਨ ਕਿ ਪਤਾ ਨਹੀਂ ਕਦੋਂ ਕੋਈ ਆਵਾਰਾ ਪਸ਼ੂ ਸਾਡਾ ਨੁਕਸਾਨ ਕਰ ਦੇਵੇ। ਡਰਦੇ ਮਾਰੇ ਲੋਕ ਆਪਣੇ ਘਰਾਂ ਦੇ ਦਰਵਾਜੇ ਵੀ ਬੰਦ ਰੱਖਦੇ ਹਨ।

ਅਵਾਰਾ ਪਸ਼ੂਆਂ ਦੇ ਡਰੋਂ ਲੋਕਾਂ ਨੇ ਗਲੀਆਂ ਵਿੱਚ ਬੈਠ ਕੇ ਦੁੱਖ-ਸੁੱਖ ਸਾਂਝੇ ਕਰਨੇ ਵੀ ਘਟਾ ਦਿੱਤੇ ਹਨ। ਸਾਡੇ ਸਮਾਜ ਦੇ ਲੋਕਾਂ ਵੱਲੋਂ ਇਸ ਸਮੱਸਿਆ ਦੇ ਸਥਾਈ ਹੱਲ ਲਈ ਕੀ ਕੀਤਾ ਜਾ ਰਿਹਾ ਹੈ? ਇਹ ਹਾਲੇ ਸਵਾਲ ਹੀ ਬਣਿਆ ਹੋਇਆ ਹੈ

ਕਿਉਂ ਵਧ ਰਹੇ ਹਨ ਅਵਾਰਾ ਪਸ਼ੂ?

ਪੁਰਾਣੇ ਸਮਿਆਂ ਵਿੱਚ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਤੇ ਵੱਛੇ ਵਾਲੀ ਗਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਮਸ਼ੀਨੀ ਯੁੱਗ ਆਉਣ ਨਾਲ ਬਲਦਾਂ ਅਤੇ ਗਾਂ ਦੀ ਮੂਲੋਂ ਹੀ ਕਦਰ ਘਟ ਗਈ ਦੂਸਰਾ ਦੇਸੀ ਗਾਂ ਦਾ ਦੁੱਧ ਵਲੈਤੀ ਗਾਂ ਦੇ ਦੁੱਧ ਮੁਕਾਬਲੇ ਬਹੁਤ ਘੱਟ ਹੁੰਦਾ ਹੈ। ਇਹੀ ਕਾਰਨ ਹੈ ਕਿ ਲੋਕ ਫੰਡਰ ਗਾਂ ਨੂੰ ਸੋਟੀ ਮਾਰ ਕੇ ਘਰੋਂ ਕੱਢ ਦਿੰਦੇ ਹਨ ਜੋ ਕਿ ਲੋਕਾਂ ਦੀ ਜਾਨ ਦਾ ਖਤਰਾ ਬਣਦੀਆਂ ਹਨ। ਇਨ੍ਹਾਂ ਗਊਆਂ ਦੀ ਸਾਂਭ-ਸੰਭਾਲ ਲਈ ਬਣਾਈਆਂ ਗਊਸ਼ਾਲਾਂ ਵਿੱਚ ਵੀ ਜ਼ਿਆਦਾਤਰ ਉਹੀ ਪਸ਼ੂ ਰੱਖੇ ਜਾਂਦੇ ਹਨ ਜੋ ਦੁੱਧ ਦਿੰਦੇ ਹਨ, ਅਵਾਰਾ ਪਸ਼ੂਆਂ ਨੂੰ ਦਰਨਿਕਾਰ ਕਰ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਦਿਨੋਂ ਦਿਨ ਅਵਾਰਾ ਪਸ਼ੂ ਵਧਦੇ ਜਾ ਰਹੇ ਹਨ।

ਅਵਾਰਾ ਤੇ ਬਿਮਾਰ ਪਸ਼ੂਆਂ ਦਾ ਇਲਾਜ ਵੀ ਜਰੂਰੀ:

ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਪਸ਼ੂਆਂ ਨਾਲ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ ਇਨ੍ਹਾਂ ਦਾ ਵੀ ਧਿਆਨ ਰੱਖਣਾ ਜਰੂਰੀ ਹੈ। ਬਿਮਾਰ ਤੇ ਜਖਮੀ ਅਵਾਰਾ ਪਸ਼ੂਆਂ ਦੇ ਇਲਾਜ ਲਈ ਵੀ ਯੋਗ ਪ੍ਰਬੰਧ ਹੋਣੇ ਚਾਹੀਦੇ ਹਨ।

ਅਵਾਰਾ ਪਸ਼ੂਆਂ ਦੇ ਹੱਲ ਲਈ ਕੁਝ ਸੁਝਾਅ:

ਇਨ੍ਹਾਂ ਅਵਾਰਾਂ ਪਸ਼ੂਆਂ ਦੀ ਸਾਂਭ-ਸੰਭਾਲ ਕਰਨਾ ਸਰਕਾਰ ਦੀ ਵੱਡੀ ਜਿੰਮੇਵਾਰੀ ਹੈ ਕਿਉਂਕਿ ਸਰਕਾਰ ਦੁਆਰਾ ਲੋਕਾਂ ਤੋਂ ਇਸ ਕੰਮ ਲਈ ਗਊ ਸੈੱਸ ਦੇ ਤੌਰ ‘ਤੇ ਟੈਕਸ ਇਕੱਠਾ ਕੀਤਾ ਜਾਂਦਾ ਹੈ। ਸਰਕਾਰ ਨੇ ਨਵੀਂ ਚਾਰ ਪਹੀਆ ਗੱਡੀ ‘ਤੇ ਇੱਕ ਹਜ਼ਾਰ ਰੁਪਏ, ਦੋ ਪਹੀਆ ਵਾਹਨ ‘ਤੇ ਦੋ ਸੌ ਰੁਪਏ, ਸੀਮੈਂਟ ਦੀ ਇੱਕ ਬੋਰੀ ‘ਤੇ ਇੱਕ ਰੁਪਈਆ, ਏਸੀ ਮੈਰਿਜ਼ ਪੈਲੇਸ ਬੁੱਕ ਕਰਨ ‘ਤੇ ਇੱਕ ਹਜ਼ਾਰ ਰੁਪਏ, ਨਾਨ ਏ ਸੀ ਮੈਰਿਜ਼ ਪੈਲੇਸ ਬੁੱਕ ਕਰਨ ‘ਤੇ ਪੰਜ ਸੌ ਰੁਪਏ, ਤੇਲ ਦੇ ਟੈਂਕਰ ਦੇ ਇੱਕ ਰਾਊਂਡ ‘ਤੇ ਸੌ ਰੁਪਏ, ਬਿਜਲੀ ਦੇ ਬਿਲ ‘ਤੇ 2 ਪੈਸੇ ਪ੍ਰਤੀ ਯੂਨਿਟ ਗਊ ਸੈੱਸ ਲਾ ਕੇ ਲੋਕਾਂ ਤੋਂ ਵਸੂਲ ਕੀਤਾ ਜਾਂਦਾ ਹੈ। ਇਨ੍ਹਾਂ ਪੈਸਿਆਂ ਨਾਲ ਸਰਕਾਰ ਨੂੰ ਅਵਾਰਾ ਪਸ਼ੂਆਂ ਲਈ ਢੁੱਕਵੇਂ ਪ੍ਰਬੰਧ ਕਰਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।

 

ਕਈ ਗਊਸ਼ਾਲਾਵਾਂ ਦੇ ਨਾਂਅ ਕਾਫੀ ਜਮੀਨ ਹੈ ਉਸ ਜਮੀਨ ਨੂੰ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਲਈ ਵਰਤਿਆ ਜਾਵੇ। ਦੁੱਧ ਦੇਣ ਵਾਲੀਆਂ ਗਾਵਾਂ ਦੇ ਦੁੱਧ ਤੋਂ ਮੱਖਣ, ਪਨੀਰ, ਘਿਉ ਆਦਿ ਪ੍ਰੋਡਕਟ ਤਿਆਰ ਕਰਕੇ ਵੇਚੇ ਜਾਣ ਤੇ ਹੋਣ ਵਾਲੀ ਆਮਦਨ ਨੂੰ ਇਨ੍ਹਾਂ ਪਸ਼ੂਆਂ ਦੀ ਸਾਂਭ ਸੰਭਾਲ ਲਈ ਖਰਚਿਆ ਜਾਵੇ। ਜਿਨ੍ਹਾਂ ਗਊਸ਼ਾਲਾਵਾਂ ਕੋਲ ਜ਼ਮੀਨ ਨਹੀਂ ਹੈ ਉਥੇ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਨੂੰ ਇਸ ਕੰਮ ਲਈ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਲੋਕਾਂ ਨੂੰ ਇਸ ਅਵਾਰਾ ਪਸ਼ੂਆਂ ਦੀ ਭਿਆਨਕ ਸਮੱਸਿਆ ਤੋਂ ਬਚਾਇਆ ਜਾ ਸਕੇ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਵੀ ਖਿਆਲ ਰੱਖਿਆ ਜਾ ਸਕੇ।

ਗਊਸ਼ਾਲਾਵਾਂ ਕੋਲ ਆਪਣੀ ਬਹੁਤ ਜਗ੍ਹਾ ਹੈ ਪੰਜਾਬ ਸਰਕਾਰ ਉਸ ਜਗ੍ਹਾ ਉਪਰ ਗੋਬਰ ਗੈਸ ਪਲਾਂਟ ਲਾਵੇ, ਗੋਬਰ ਤੋਂ ਖਾਦ ਤਿਆਰ ਕੀਤੀ ਜਾ ਸਕਦੀ ਹੈ ਅਤੇ ਉਹ ਕੰਟਰੋਲ ਰੇਟ ‘ਤੇ ਅੱਗੇ ਕਿਸਾਨਾਂ ਨੂੰ ਵੇਚੀ ਜਾ ਸਕਦੀ ਹੈ। ਇਨ੍ਹਾਂ ਤਰੀਕਿਆਂ ਨਾਲ ਗਊਸ਼ਾਲਾਵਾਂ ਆਤਮ ਨਿਰਭਰ ਹੋ ਸਕਦੀਆਂ ਹਨ ਤੇ ਅਵਾਰਾ ਪਸ਼ੂਆਂ ਨੂੰ ਸੰਭਾਲਨ ਤੇ ਕਾਬੂ ਕਰਨ ‘ਚ ਯੋਗਦਾਨ ਪਾਇਆ ਜਾ ਸਕਦਾ ਹੈ।
ਜੈਤੋ ਮੰਡੀ, ਫਰੀਦਕੋਟ
ਮੋ. 98550-31081
ਪ੍ਰਮੋਦ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.