ਫਿਰੋਜ ਸ਼ਾਹ ਦੀ ਧਰਤੀ ’ਤੇ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਜੰਗ ਦੀ ਦਾਸਤਾਨ

0
4

ਫਿਰੋਜ ਸ਼ਾਹ ਦੀ ਧਰਤੀ ’ਤੇ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਜੰਗ ਦੀ ਦਾਸਤਾਨ

ਫਿਰੋਜਪੁਰ ਤੋਂ ਮੋਗਾ ਮੇਨ ਰੋਡ ਉੱਪਰ ਸਥਿਤ ਫਿਰੋਜਪੁਰ ਅਤੇ ਤਲਵੰਡੀ ਭਾਈ ਦੇ ਵਿਚਕਾਰ ਇਤਿਹਾਸਕ ਪਿੰਡ ਫਿਰੋਜਸ਼ਾਹ (ਫੇਰੂ ਸ਼ਹਿਰ) ਦੀ ਧਰਤੀ ਆਪਣੀ ਬੁੱਕਲ ਵਿੱਚ ਬਹੁਤ ਡੂੰਘਾ ਦਰਦਮਈ ਇਤਿਹਾਸ ਸੰਭਾਲੀ ਬੈਠੀ ਹੈ। ਇਸ ਧਰਤੀ ਦਾ ਜ਼ਰ੍ਹਾ-ਜ਼ਰ੍ਹਾ ਸ਼ਹੀਦਾਂ ਦੇ ਖੂਨ ਨਾਲ ਸਿੰਜਿਆ ਪਿਆ ਹੈ। ਇਸ ਧਰਤੀ ਨੇ ਪਹਿਲੇ ਅੰਗਰੇਜਾਂ ਤੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀਆਂ ਫੌਜਾਂ ਦੇ ਯੁੱਧ ਸਮੇਂ ਆਪਣੇ ਯੋਧੇ ਪੁੱਤਰਾਂ ਵੱਲੋਂ ਮਾਰੀਆਂ ਤਲਵਾਰਾਂ ਨਾਲ ਦੁਸ਼ਮਣਾਂ ਦੇ ਡਿੱਗਦੇ ਸਿਰ ਵੀ ਦੇਖੇ ਹਨ ਤੇ ਸਿੱਖ ਫੌਜਾਂ ਦੇ ਗੱਦਾਰ ਸੈਨਾਪਤੀਆਂ ਤੇਜ਼ ਸਿੰਘ ਅਤੇ ਲਾਲ ਸਿੰਘ ਦੁਆਰਾ ਸਿੱਖ ਰਾਜ ਦੀਆਂ ਫੌਜਾਂ (ਜਿਨ੍ਹਾਂ ਵਿੱਚ ਸਿੱਖ, ਮੁਸਲਿਮ, ਹਿੰਦੂ, ਪਠਾਨ ਅਤੇ ਡੋਗਰੇ ਸਨ) ਦੇ ਯੋਧਿਆਂ ਨਾਲ ਧੋਖਾ ਕਰਕੇ ਕਰਵਾਏ ਘਾਣ ਨੂੰ ਵੀ ਅੱਖੀਂ ਦੇਖਿਆ ਹੈ।

ਪੰਜਾਬੀਅਤ ਦੇ ਦਰਦੀ ਕਵੀ ਸ਼ਾਹ ਮੁਹੰਮਦ ਨੇ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਵਿੱਚ ਫਿਰੋਜ਼ਸ਼ਾਹ (ਫੇਰੂ ਸ਼ਹਿਰ) ਦੀ ਜੰਗ ਬਾਰੇ ਇਨ੍ਹਾਂ ਸਤਰਾਂ ਨਾਲ ਖਾਲਸਾ ਫੌਜ ਦੀ ਬਹਾਦਰੀ ਦਾ ਵਰਨਣ ਕੀਤਾ ਹੈ:-

  • ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ,
  • ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ।
  • ਸਿੰਘ ਸੂਰਮੇ ਆਣ ਮੈਦਾਨ ਲੱਥੇ,
  • ਗੰਜ ਲਾਹ ਸੁੱਟੇ ਉਨ੍ਹਾਂ ਗੋਰਿਆਂ ਦੇ।

ਅੰਗਰੇਜਾਂ ਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ ਨੂੰ ਸਤਲੁਜ ਕੰਪੇਨ ਦਾ ਨਾਂਅ ਦਿੱਤਾ ਗਿਆ ਸੀ। ਇਸ ਤਹਿਤ ਪਹਿਲੀ ਲੜਾਈ ਮੁੱਦਕੀ ਦੇ ਸਥਾਨ ’ਤੇ ਸੰਨ 18 ਦਸੰਬਰ 1845 ਨੂੰ ਹੋਈ ।ਜਿਸ ਵਿੱਚ ਅੰਗਰੇਜਾਂ ਨੂੰ ਸਿੱਖਾਂ ਦੀ ਯੁੱਧ ਨੀਤੀ ਤੇ ਲੜਨ ਸ਼ਕਤੀ ਦਾ ਪਤਾ ਲੱਗਾ ਤਾਂ ਅੰਗਰੇਜ਼ ਅਫਸਰ ਭੈਭੀਤ ਹੋ ਗਏ ਕਿ ਸਿੱਖ ਇਸ ਤਰ੍ਹਾਂ ਹੀ ਅੱਗੇ ਜਾ ਕੇ ਲੜੇ ਤਾਂ ਇੱਕ ਵੀ ਅੰਗਰੇਜ਼ ਨਹੀਂ ਬਚ ਸਕੇਗਾ। ਸਿੱਖ ਫੌਜਾਂ ਦਾ ਇੱਕ ਬਹੁਤ ਵੱਡਾ ਕੈਂਪ ਫਿਰੋਜਸ਼ਾਹ ਵਿਖੇ ਪਿੰਡ ਇੱਟਾਂ ਵਾਲੀ ਵੱਲ, ਜਿਥੇ ਅੱਜ-ਕੱਲ੍ਹ ਸੈਕੰਡਰੀ ਸਕੂਲ ਹੈ, ਉੱਥੇ ਸੀ। ਸਾਰਾ ਗੋਲਾ ਬਾਰੂਦ ਤੇ ਵੱਡੀਆਂ ਤੋਪਾਂ ਇੱਥੇ ਹੀ ਫਿੱਟ ਸਨ।

ਇਸ ਜਗ੍ਹਾ ’ਤੇ ਪਾਣੀ ਦੀ ਇੱਕ ਬਹੁਤ ਵੱਡੀ ਢਾਬ ਸੀ। ਜਿਸ ਉੱਪਰ ਲਾਲ ਸਿੰਘ ਦੇ ਅਧੀਨ 20000 ਸਿੱਖ ਫੌਜ ਕਬਜਾ ਜਮਾਈ ਬੈਠੀ ਸੀ। ਤੇਜਾ ਸਿੰਘ ਸੈਨਾਪਤੀ ਦੇ ਅਧੀਨ 30 ਹਜਾਰ ਫੌਜ ਦਾ ਮੇਨ ਕੈਂਪ ਅਸਲਾ ਬਾਰੂਦ ਤੇ ਤੋਪਾਂ ਫਿਰੋਜਪੁਰ ਦੇ ਨਜਦੀਕ ਪਿੰਡ ਬੱਗੇ ਕੇ ਪਿੱਪਲ ਵਿਖੇ ਸੀ, ਜੋ ਲਿਟਲਰ ਦੀ 7000 ਫੌਜ ਦੀ ਨਿਗ੍ਹਾ ਰੱਖ ਰਿਹਾ ਸੀ। 18 ਦਸੰਬਰ 1845 ਨੂੰ ਮੁੱਦਕੀ ਦੀ ਲੜਾਈ ਤੋਂ ਬਾਅਦ ਸਿੱਖ ਫੌਜਾਂ ਆਪਣੇ ਮੇਨ ਕੈਂਪ ਫਿਰੋਜਸ਼ਾਹ ਵਿਖੇ ਆ ਗਈਆਂ। ਸੈਨਾਪਤੀ ਤੇਜਾ ਸਿੰਘ ਦੀ ਫੌਜ ਦਾ ਮੇਨ ਕੈਂਪ ਤਾਂ ਭਾਵੇਂ ਪਿੰਡ ਬੱਗੇ ਕੇ ਪਿੱਪਲ ਹੀ ਸੀ ਪਰ ਉਸਦੀ ਐਡਵਾਂਸ ਫੌਜ ਫਿਰੋਜਸ਼ਾਹ ਵਿਖੇ ਪਹੁੰਚ ਗਈ ਸੀ।

ਮੁੱਦਕੀ ਦੀ ਲੜਾਈ ਤੋਂ ਬਾਅਦ ਅੰਗਰੇਜ਼ ਅਫਸਰਾਂ ਦੇ ਹੌਂਸਲੇ ਪਸਤ ਹੋਏ ਪਏ ਸਨ। ਕਮਾਂਡਰ ਇਨ ਚੀਫ ਲਾਰਡ ਹੈਨਰੀ ਹਾਰਡਿੰਗ ਸਿੱਖਾਂ ਵੱਲੋਂ ਬਹਾਦਰੀ ਨਾਲ ਕੀਤੇ ਹਮਲੇ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹ ਉਨਾ ਚਿਰ ਹੋਰ ਮੁਸੀਬਤ ਨਹੀਂ ਸਹੇੜਨੀ ਚਾਹੁੰਦਾ ਸੀ ਜਿੰਨਾ ਚਿਰ ਵੱਡੀ ਗਿਣਤੀ ਵਿੱਚ ਫੌਜ ਫਿਰੋਜਸ਼ਾਹ ਨੇੜੇ ਇਕੱਠੀ ਨਹੀਂ ਹੋ ਜਾਂਦੀ। ਦੂਸਰੇ ਪਾਸੇ ਲਾਰਡ ਹੁਗ ਗਫ (ਹਿਊ ਗਫ) ਜੋ ਕਿ ਇਸ ਯੁੱਧ ਦੀ ਕਮਾਂਡ ਸੰਭਾਲ ਰਿਹਾ ਸੀ, ਜਲਦੀ ਹੀ ਹਮਲਾ ਕਰਨਾ ਚਾਹੁੰਦਾ ਸੀ। ਪਰ ਉਸਨੇ ਲਾਰਡ ਹਾਰਡਿੰਗ ਦੀ ਗੱਲ ਮੰਨ ਕੇ ਇਹ ਹਮਲਾ ਰੋਕ ਦਿੱਤਾ

ਉਧਰ ਸਿੱਖ ਫੌਜ ਵੀ ਪੂਰੇ ਗੁੱਸੇ ਵਿੱਚ ਇੱਕ ਆਰ-ਪਾਰ ਦੀ ਲੜਾਈ ਲੜਨਾ ਚਾਹੁੰਦੀ ਸੀ। ਅੰਗਰੇਜ਼ ਫੌਜ ਸਿੱਧੀ ਜੰਗ ਲੜਨੋਂ ਡਰਦੀ ਸੀ। ਅੰਗਰੇਜ਼ ਕਮਾਂਡਰਾਂ ਨੇ ਜਿੰਨਾ ਚਿਰ ਸਿੱਖ ਸੈਨਾਪਤੀਆਂ ਤੇਜਾ ਸਿੰਘ ਤੇ ਲਾਲ ਸਿੰਘ ਨਾਲ ਹੱਥ ਨਹੀਂ ਮਿਲਾ ਲਿਆ ਉਨਾ ਚਿਰ ਉਨ੍ਹਾਂ ਦਾ ਸਿੱਖ ਫੌਜ ਦੇ ਸਾਹਮਣੇ ਹੋਣ ਦਾ ਹੌਂਸਲਾ ਨਹੀਂ ਪਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ ਜੇਕਰ ਅੰਗਰੇਜ਼ ਫੌਜਾਂ ਇਨ੍ਹਾਂ ਜੰਗਾਂ ਵਿੱਚ ਹਾਰ ਜਾਂਦੀਆਂ ਤਾਂ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੀ ਹੋਣਾ ਸੀ। ਅੰਗਰੇਜਾਂ ਨੂੰ ਦੇਸ਼ ਛੱਡ ਕੇ ਭੱਜਣਾ ਵੀ ਪੈ ਸਕਦਾ ਸੀ। ਕਿਉਂਕਿ ਫਿਰ ਹੋਰ ਵੀ ਦੱਖਣ ਭਾਰਤੀ ਰਿਆਸਤਾਂ ਉਨ੍ਹਾਂ ਦੇ ਬਰਖਿਲਾਫ ਖੜ੍ਹੀਆਂ ਹੋ ਸਕਦੀਆਂ ਸਨ।

21 ਦਸੰਬਰ 1845 ਨੂੰ ਅੰਗਰੇਜ਼ ਫੌਜਾਂ ਨੇ ਜਰਨੈਲੀ ਸੜਕ ਰਾਹੀਂ ਫਿਰੋਜਸ਼ਾਹ ਵੱਲ ਕੂਚ ਕੀਤਾ। ਲਾਰਡ ਗਫ ਨੇ ਜੌਹਨ ਲਿਟਲਰ ਦੀ ਫੌਜ ਨੂੰ ਨਾਲ ਰਲਾਉਣ ਲਈ ਉਡੀਕ ਕੀਤੀ ਜੋ ਫਿਰੋਜਪੁਰ ਤੋਂ ਆਉਣੀ ਸੀ। ਦੋਵੇਂ ਅੰਗਰੇਜੀ ਫੌਜਾਂ ਪਿੰਡ ਮਿਸ਼ਰੀ ਵਾਲੇ ਦੇ ਨਜਦੀਕ ਦੁਪਹਿਰ ਇੱਕ ਵਜੇ ਇਕੱਠੀਆਂ ਹੋ ਗਈਆਂ। 22 ਦਸੰਬਰ ਸ਼ਾਮ ਦੇ 4 ਵਜੇ ਦੇ ਲਗਭਗ ਜੰਗੀ ਤਰਾਨੇ ਵੱਜੇ। ਤੋੜੇਦਾਰ ਬੰਦੂਕਾਂ ਨੇ ਹਰਕਤ ਕੀਤੀ। ਦੋਹਾਂ ਪਾਸਿਆਂ ਦੇ ਤੋਪਖਾਨੇ ਦੀਆਂ ਤੋਪਾਂ ਨੇ ਮੂੰਹ ਉੱਪਰ ਚੁੱਕ ਕੇ ਸਲਾਮੀ ਦਿੱਤੀ। 23 ਦਸੰਬਰ ਨੂੰ ਘਮਸਾਣ ਦੀ ਜੰਗ ਹੋਈ। ਜਾਰਜ ਬਰੂਸ ਲਿਖਦਾ ਹੈ ਕਿ 18000 ਫੌਜ ਤਿਆਰ ਖੜ੍ਹੀ ਉਡੀਕ ਰਹੀ ਸੀ।

ਇਹ ਜੰਮ ਕੇ ਲੜੀ ਜਾਣ ਵਾਲੀ ਲੜਾਈ ਸੀ। ਫੌਜੀ ਇਹ ਅਰਦਾਸਾਂ ਕਰ ਰਹੇ ਸਨ ਕਿ ਉਹ ਇੱਥੋਂ ਜਿਉਂਦੇ ਬਚ ਕੇ ਨਿੱਕਲ ਸਕਣ। ਲੜਾਈ ਵਿੱਚ ਜਦੋਂ ਸਿੱਖ ਫੌਜਾਂ ਦਾ ਪੱਲੜਾ ਭਾਰੀ ਹੋ ਗਿਆ ਤਾਂ ਇਸ ਸਮੇਂ ਗੱਦਾਰ ਤੇਜਾ ਸਿੰਘ ਸੈਨਾਪਤੀ ਨੇ ਬਿਗਲਰਾਂ ਨੂੰ ਹੁਕਮ ਦਿੱਤਾ ਕਿ ਪਿਛਾਂਹ ਹਟਣ ਦਾ ਬਿਗਲ ਵਜਾਇਆ ਜਾਵੇ। ਬਿਗਲ ਸੁਣ ਕੇ ਸਿੱਖ ਘੋੜ ਸਵਾਰ ਅਤੇ ਪੈਦਲ ਫੌਜ ਕੁਝ ਦੇਰ ਲਈ ਪਿਛਾਂਹ ਹਟ ਗਏ। ਅੰਗਰੇਜ਼ ਸਿਪਾਹੀ ਇਹ ਦੇਖ ਕੇ ਬੜੇ ਖੁਸ਼ ਹੋਏ ਕਿ ਸਾਡੀ ਹਾਰ ਜਿੱਤ ਵਿੱਚ ਬਦਲ ਗਈ ਹੈ। ਸ਼ਾਹ ਮੁਹੰਮਦ ਨੇ ਵੀ ਦੁਖੀ ਮਨ ਨਾਲ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਘਾਟ ਮਹਿਸੂਸ ਕਰਦਿਆਂ ਲਿਖਿਆ ਹੈ ਕਿ:-

  • ਸ਼ਾਹ ਮੁਹੰਮਦਾ, ਇੱਕ ਸਰਕਾਰ ਬਾਝੋਂ,
  • ਫੌਜਾਂ ਜਿੱਤ ਕੇ, ਅੰਤ ਨੂੰ ਹਾਰੀਆਂ ਨੇ।

ਅੰਗਰੇਜਾਂ ਦੀ ਵੀ ਇਹ ਜਿੱਤ ਬੜੀ ਮਹਿੰਗੀ ਸੀ ਜਿਸ ਵਿੱਚ ਅੰਗਰੇਜਾਂ ਦੇ 2 ਬਿ੍ਰਗੇਡੀਅਰ ਸਖਤ ਜਖਮੀ ਹੋਏ ਅਤੇ ਇੱਕ ਮਾਰਿਆ ਗਿਆ ।ਗਵਰਨਰ ਜਨਰਲ ਦੇ ਸਟਾਫ ਵਿੱਚੋਂ ਵੀ 2 ਮਰੇ ਅਤੇ 5 ਫੱਟੜ ਹੋਏ। ਅੰਗਰੇਜਾਂ ਦੇ ਕੁੱਲ 2415 ਸਿਪਾਹੀਆਂ ਦਾ ਨੁਕਸਾਨ ਹੋਇਆ 21 ਤੇ 22 ਦਸੰਬਰ ਦੋ ਦਿਨ ਚੱਲੀ ਇਸ ਲੜਾਈ ਵਿੱਚ ਅੰਗਰੇਜਾਂ ਦਾ 25 ਸਾਲਾ ਬਹਾਦਰ ਲੈਫਟੀਨੈਂਟ ਪੀਟਰ ਕਲੋਨੈਟ ਲੈਬਾਰਡ ਸਖਤ ਜਖਮੀ ਹੋ ਗਿਆ ਸੀ ਤੇ ਨਾਲ ਦੇ ਪਿੰਡ ਮਿਸ਼ਰੀ ਵਾਲਾ ਵਿਖੇ ਫੌਜੀ ਕੈਂਪ ਵਿੱਚ ਉਸਦੀ ਮੌਤ ਹੋ ਗਈ। ਪਿੰਡ ਮਿਸ਼ਰੀ ਵਾਲਾ ਵਿਖੇ ਉਸਦੀ ਯਾਦਗਾਰ ਬਣੀ ਹੈ।

ਸਿੱਖ ਫੌਜਾਂ ਦੇ ਅੰਦਾਜਨ 8000 ਸਿਪਾਹੀ ਤੇ ਅਫਸਰ ਨੁਕਸਾਨੇ ਗਏ। ਇਨ੍ਹਾਂ ਵਿੱਚੋਂ ਸ਼ਹੀਦ ਹੋਇਆਂ ਤੇ ਫੱਟੜ ਹੋਇਆ ਦੀ ਗਿਣਤੀ ਦਾ ਕੋਈ ਪੁਖਤਾ ਰਿਕਾਰਡ ਪ੍ਰਾਪਤ ਨਹੀਂ ਹੋਇਆ ਅਤੇ ਨਾ ਹੀ ਸੈਨਿਕਾਂ ਦੇ ਨਾ ਪਤੇ ਅਤੇ ਪਿੰਡਾਂ ਬਾਰੇ ਕੋਈ ਵੇਰਵੇ ਪ੍ਰਾਪਤ ਹੋਏ। ਬਾਅਦ ’ਚ ਜਦੋਂ ਕਰਮ ਸਿੰਘ ਹਿਸਟੋਰੀਅਨ ਪਿੰਡ ਫਿਰੋਜ਼ਸ਼ਾਹ ਆਏ ਤਾਂ ਉਨ੍ਹਾਂ ਨੇ ਪਿੰਡ ਦੇ ਬਜੁਰਗ ਬਾਬਾ ਅਤਰ ਸਿੰਘ ਤੇ ਸਾਥੀਆਂ ਤੋਂ ਲੜਾਈ ਦਾ ਅੱਖੀਂ ਡਿੱਠਾ ਹਾਲ ਸੁਣ ਕੇ ਕਲਮ ਬੰਦ ਕੀਤਾ। ਪਿੰਡ ਫਿਰੋਜ਼ਸ਼ਾਹ ਦੇ ਵਾਸੀ ਅੱਜ ਵੀ ਇਨ੍ਹਾਂ ਕੌਮੀ ਪਰਵਾਨਿਆਂ ਨੂੰ ਦਿਲ ਵਿੱਚ ਵਸਾ ਕੇ ਸਿਜਦਾ ਕਰਦੇ ਹਨ।ਉਨ੍ਹਾਂ ਦੀ ਯਾਦ ਵਿੱਚ ਸਥਾਪਿਤ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਇਸ ਦਿਨ ’ਤੇ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ।
ਫਿਰੋਜ਼ਸ਼ਾਹ , ਮੋ. 97819-25629
ਮਾਸਟਰ ਰਜਿੰਦਰ ਸਿੰਘ ਰਾਜਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.