ਕੰਨਾਂ ਦੀਆਂ ਵਾਲੀਆਂ ਤੇ ਰਿਸ਼ਤਿਆਂ ਦਾ ਨਿੱਘ

0
84

ਕੰਨਾਂ ਦੀਆਂ ਵਾਲੀਆਂ ਤੇ ਰਿਸ਼ਤਿਆਂ ਦਾ ਨਿੱਘ

ਜਦੋਂ ਬੀਜੀ ਦਾ ਵਿਆਹ ਹੋਇਆ ਉਸ ਵੇਲੇ ਬੀਜੀ ਸਤਾਰਾਂ ਸਾਲਾਂ ਦੇ ਸਨ। ਵਿਆਹ ਬੜੀ ਦੂਰ ਹੋਇਆ ਸੀ। ਉੱਤੋਂ ਭਰਾ ਵੀ ਨਹੀਂ ਸੀ ਕੋਈ ਜੋ ਛੇਤੀਂ ਛੇਤੀ ਸਹੁਰਿਆਂ ਤੋਂਂ ਪੇਕੇ ਲੈਂ ਜਾਂਦਾ। ਅਲਵਰ  (ਰਾਜਸਥਾਨ ) ਤੋਂ ਸਰਸਾ ਬਹੁਤ ਦੂਰ ਹੋਣ ਕਰਕੇ ਕਦੀ ਛੇ ਮਹੀਨਿਆਂ ਬਾਦ ਮਿਲਣ ਜਾਂਦੀਆਂ ਸਨ ਤੇ ਕਦੀ ਸਾਲ ਵੀ ਲੰਘ ਜਾਂਦਾ ਸੀ। ਮੇਰੀ ਮਾਸੀ ਤੇ ਬੀਜੀ ਇੱਕੋ ਘਰ ਵਿਆਹੀਆਂ ਹੋਣ ਕਰਕੇ ਦੋਂਵੇ ਦੁੱਖ-ਸੁੱਖ ਦੀਆ ਸਾਥੀ ਰਹੀਆਂ। ਮੇਰੀ ਦਾਦੀ ਵੀ ਬੜੀ ਚੰਗੀ ਸੀ,ਨੂੰਹਾਂ ਨੂੰ ਧੀਆਂ ਵਾਂਗ ਰੱਖਦੀ ਸੀ।

ਮੇਰੇ ਨਾਨੇ ਤੇ ਦਾਦੀ ਦੀ ਪਹਿਲਾਂ ਵੀ ਪਰਿਵਾਰਕ ਰਿਸ਼ਤੇਦਾਰੀ ਸੀ ਵੰਡ ਤੋਂ ਪਹਿਲਾਂ ਦੀ ਸਾਂਝ ਸੀ ਜੋ ਇੱਧਰ ਆ ਕੇ ਹੋਰ ਵੀ ਪੀਡੀ ਹੋ ਗਈ ਸੀ। ਮੇਰੇ ਦਾਦੇ ਦਾ ਪਰਿਵਾਰ ਬੜਾ ਵੱਡਾ ਸੀ। ਵਾਹੀ ਦਾ ਕੰਮ ਸੀ। ਬੀਜੀ ਹੋਰੀ ਵੀ ਖੇਤੀ ਦੇ ਕੰਮ ਵਿੱਚ ਹੱਥ ਵਟਾਉਦੀਆਂ ਸਨ। ਬੀਜੀ ਦੇ ਮੁਕਲਾਵੇ ਤੋਂ ਦੋ ਮਹੀਨੇ ਬਾਅਦ ਪਹਿਲੀ ਵਾਰ ਨਾਨੇ ਦੀ ਚਿੱਠੀ ਆਈ ਕਿ ਉਹ ਕੁੜੀਆਂ ਨੂੰ ਲੈਣ ਆ ਰਿਹਾ ਹੈ। ਕੁਝ ਦਿਨਾਂ ਬਾਦ ਨਾਨਾ ਆਇਆ ਤੇ ਬੀਜੀ ਅਤੇ ਮਾਸੀ ਨੂੰ ਦਾਦੀ ਨੇ ਨਾਲ ਤੋਰਨ ਲਈ ਤਿਆਰ ਕਰ ਦਿੱਤਾ। ਮੇਰੇ ਦਾਦੇ ਨੇ ਨੂੰਹਾਂ ਨੂੰ ਸੋਨਾ ਬੜਾ ਪਾਇਆ ਸੀ। ਛੇ-ਛੇ ਬੁਗਤੀਆਂ ਵਾਲਾ ਕੈਂਠਾ,ਪੇਚਾਂ ਵਾਲ਼ੀਆਂ ਚੂੜੀਆਂ,ਦੋਹਰੇ ਕਾਂਟੇ,ਛਾਪਾਂ,ਅੱਧੇ-ਅੱਧੇ ਕਿੱਲੋ ਦੀਆਂ ਝਾਂਜਰਾਂ ਆਦਿ।

ਦਾਦੀ ਨੇ ਬੀਜੀ ਹੋਰਾਂ ਨੂੰ ਸਾਰੀਆਂ ਟੂੰਮਾਂ ਹੱਥੀ ਪਾ ਕੇ ਪੇਕੇ ਜਾਣ ਲਈ ਤਿਆਰ ਕੀਤਾ। ਨਾਨੇ ਨੇ ਗਲ ਪਾਈਆਂ ਐਨੀਆਂ ਟੂੰਮਾਂ ਵੇਖ ਕੇ ਆਖਿਆ ‘ਕੁੜੀਓ ਇਹ ਸਾਰੀਆਂ ਟੂੰਮਾਂ ਏਥੇ ਹੀ ਪਾਇਆ ਕਰੋ। ਆਪਣਾ ਸਫ਼ਰ ਬੜਾ ਲੰਮਾ ਏ। ਟੂੰਮਾਂ ਲਾਹ ਕੇ ਸੱਸ ਨੂੰ ਫੜਾ ਦਿਓ। ਮੇਰੀ ਦਾਦੀ ਨੇ ਸਾਰੀਆਂ ਟੂੰਮਾਂ ਫੜ ਲਈਆਂ ਪਰ ਕੰਨਾਂ ਦੇ ਕਾਂਟੇ ਨਾ ਫੜੇ ਕਿ ਵਿਆਹ ਤੋਂ ਬਾਦ ਕੰਨੋਂ ਬੁੱਚੇ ਨਹੀਂ ਰਹੀਦਾ ਤੇ ਬੀਜੀ ਹੋਰੀਂ ਕਾਂਟੇ ਪਾ ਕੇ ਪੇਕੇ ਗਈਆਂ। ਜਦੋਂ ਰੇਲ ਗੱਡੀ ਰਿਵਾੜੀ ਪਹੁੰਚੀ ਤਾਂ ਟੀਟੀ ਆ ਗਿਆ। ਨਾਨੇ ਨੇ ਟਿਕਟਾਂ ਬੀਜੀ ਨੂੰ ਫੜਾਈਆਂ ਸਨ। ਟਿਕਟਾਂ ਬੀਜੀ ਕੋਲੋਂ ਗੁਆਚ ਗਈਆਂ। ਨਾਨੇ ਨੇ ਟੀਟੀ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਜੁਰਮਾਨਾ ਭਰ ਦਿੱਤਾ। ਅਲਵਰ ਪਹੁੰਚ ਕੇ ਜਦੋਂ ਸ਼ਟੇਸਨ ਤੇ ਉੱਤਰਣ ਲੱਗੇ ਤਾਂ ਟਿਕਟਾਂ ਬੀਜੀ ਦੀ ਗੁਰਗਾਬੀ ਵਿੱਚੋਂ ਮਿਲੀਆ।

ਮੇਰੇ ਨਾਨੇ ਦਾ ਘਰ ਪਿੰਡ ਦੇ ਵਿਚਕਾਰ ਸੀ। ਆਸਪਾਸ ਤਾਂ ਘਰ ਸਨ ਪਰ ਪਿਛਲੇ ਪਾਸੇ ਕੋਈ ਘਰ ਨਹੀਂ ਸੀ। ਇੱਕ ਦਿਨ ਸੰਨ ਲਾ ਕੇ ਚੋਰ ਸਾਰਾ ਸਮਾਨ ਚੋਰੀ ਕਰਕੇ ਕੇ ਲੈ ਗਏ। ਬੀਜੀ ਹੋਰਾਂ ਦੇ ਦਾਜ,ਵਰੀ ਦੇ ਸੂਟ ਤੇ ਦੋਵਾਂ ਭੈਣਾਂ ਦੇ ਕਾਂਟੇ ਵੀ ਲੈ ਗਏ ਪਰ ਨਾਨੇ ਦੀ ਸਿਆਣਪ ਕਾਰਨ ਟੂੰਮਾਂ ਸਹੁਰੇ ਘਰ ਛੱਡ ਜਾਣ ਕਾਰਨ ਬਚ ਗਈਆ। ਨਾਨੇ ਨੇ ਬੀਜੀ ਹੋਰਾਂ ਨੂੰ ਕੰਨੋਂ ਬੁੱਚੀਆਂ ਸਹੁਰੇ ਨਾ ਘੱਲਿਆ। ਕੱਲਾ ਹੀ ਕਮਾਉਣ ਵਾਲਾ ਸੀ ਫਿਰ ਵੀ ਤੋਲੇ-ਤੋਲੇ ਦੀਆਂ ਵਾਲ਼ੀਆਂ ਬਣਾ ਕੇ ਕੰਨੀ ਪਵਾ ਕੇ ਤੋਰਿਆ।

ਇਹ ਵਾਲ਼ੀਆਂ ਬੀਜੀ ਕੋਲ ਅੱਜ ਵੀ ਹਨ। ਇਹ ਵਾਲ਼ੀਆਂ ਮੈਨੂੰ ਬਹੁਤ ਪਸੰਦ ਨੇ,ਜਦੋਂ ਜੀਅ ਕਰਦਾ ਏ ਬੀਜੀ ਤੋਂ ਲੈ ਕੇ ਪਾ ਲੈਨੀ ਆਂ।  ਕਈ ਸਾਲ ਪਹਿਲਾਂ ਮੈਂ ਭਾਪਾ ਜੀ ਨੂੰ ਆਖਿਆ ਕਿ ਨਾਨੇ ਨੇ ਬੜੀਆਂ ਹੀ ਸੋਹਣੀਆਂ ਵਾਲ਼ੀਆਂ ਦਿੱਤੀਆਂ ਸਨ ਬੀਜੀ ਨੂੰ,ਭਾਪਾ ਜੀ ਕਹਿੰਦੇ ਤੂੰ ਵੀ ਪਾ ਲੈਨੀਂ ਏ,ਤੇਰੀ ਮਾਂ ਨਾਲ਼ੋਂ ਜ਼ਿਆਦਾ ਤੇ ਤੇਰੇ ਕੰਨੀਂ ਹੁੰਦੀਆਂ ਨੇ ਇਹ ਵਾਲੀਆਂ,ਮੈਂ ਕਿਹਾ ਮੈਨੂੰ ਬਹੁਤ ਪਸੰਦ ਨੇ ਤਾਂ ਹੀ ਮੈਂ ਪਾਈ ਰੱਖਦੀ ਹਾਂ ਜਦੋਂ ਵੀ ਪੇਕੇ ਆਵਾਂ।

ਇੱਕ ਦਿਨ ਅਚਾਨਕ ਆਏ ਤੇ ਜੇਬ ਵਿੱਚੋਂ ਵਾਲ਼ੀਆਂ ਦਾ ਜੋੜਾ ਕੱਢ ਕੇ ਮੈਨੂੰ ਫੜਾਇਆ ਤੇ ਕਹਿਣ ਲੱਗੇ ਲੈ ਫੜ ਆਪਣੀ ਮਾਂ ਵਰਗੀਆਂ ਵਾਲੀਆਂ। ਮੈਂ ਤੇਰੇ ਲਈ ਆਪ ਬਣਵਾ ਕੇ ਲਿਆਇਐ, ਮੈਨੂੰ ਚਾਅ ਚੜ ਗਿਆ ਵਾਲੀਆਂ ਵੇਖਕੇ, ਮੈਂ ਘੁੱਟ ਕੇ ਚੰਬੜ ਗਈ ਭਾਪਾ ਜੀ ਨੂੰ,ਐਨਾ ਮੋਹ ਬਾਪ ਹੀ ਕਰ ਸਕਦਾ ਹੈ। ਇਨਾਂ ਵਾਲ਼ੀਆਂ ਨਾਲ ਮੇਰੀ ਬੀਜੀ ਵਾਂਗ ਮੈਨੂੰ ਵੀ ਬੜਾ ਮੋਹ ਹੈ ਕਿਉਂਕਿ ਬੀਜੀ ਨੂੰ ਇਹ ਉਹਨਾਂ ਦੇ ਬਾਪ ਨੇ ਦਿੱਤੀਆਂ ਸਨ ਤੇ ਮੈਨੂੰ ਮੇਰੇ ਬਾਪ ਨੇ, ਪਿੱਛੇ ਜਿਹੇ ਸਾਡੇ ਘਰ ਵੀ ਚੋਰੀ ਹੋਈ ਤੇ ਭਾਪਾ ਜੀ ਦੀਆ ਦਿੱਤੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਚੋਰੀ ਹੋ ਗਈਆ ਪਰ ਇਹ ਵਾਲੀਆਂ ਬਚ ਗਈਆਂ।

ਜੇ ਉਹ ਜਿਉਂਦੇ ਹੁੰਦੇ ਤੇ ਮੈਨੂੰ ਸਾਰੀਆਂ ਚੀਜ਼ਾਂ ਦੁਬਾਰਾ ਬਣਵਾ ਕੇ ਦਿੰਦੇ, ਖ਼ੈਰ! ਮੋਏ ਤੇ ਵਿਛੜੇ ਕੌਣ ਮੇਲੇ, ਏਥੇ ਚੀਜ਼ਾਂ ਦੀ ਮੁਨਿਆਦ ਹੈ ਜੀਆਂ ਦੀ ਨਹੀਂ,ਅੱਜ ਚਾਰ ਸਾਲ ਹੋ ਗਏ ਨੇ ਜੱਗੋਂ ਗਿਆਂ ਨੂੰ,ਸਾਰੇ ਕੰਮ ਹੋ ਰਹੇ ਨੇ,ਰੱਬ ਨੇ ਸਾਰੇ ਸੁਖ ਦਿੱਤੇ ਨੇ ਪਰ ਉਹਨਾਂ ਦੀ ਕਮੀ ਹਮੇਸ਼ਾ ਰਹਿੰਦੀ ਹੈ। ਲੋਕ ਕਹਿੰਦੇ ਨੇ ਸਮਾ ਪਾ ਕੇ ਹਰ ਦੁੱਖ ਭੁੱਲ ਜਾਂਦਾ ਹੈ ਤੇ ਫੇਰ ਮੈਨੂੰ ਕਿਉਂ ਨਹੀਂ ਭੁੱਲਦਾ ਇਹ ਦੁੱਖ।
ਸਰਸਾ
94679-10187
ਛਿੰਦਰ ਕੌਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.