ਚੋਰਾਂ ਨੇ ਦਿਨ-ਦਿਹਾੜੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ

0
28

3 ਤੋਲੇ ਸੋਨਾ ਤੇ ਢਾਈ ਗ੍ਰਾਮ ਚਾਂਦੀ ਸਮੇਤ ਕੀਮਤੀ ਕੱਪੜੇ ਲੈ ਕੇ ਹੋਏ ਫ਼ਰਾਰ

ਬਰਨਾਲਾ, (ਜਸਵੀਰ ਸਿੰਘ ਗਹਿਲ) ਸਥਾਨਕ ਬਠਿੰਡਾ ਟੀ- ਪੁਆਇੰਟ ‘ਤੇ ਅੱਜ ਸਵੇਰ ਸਮੇਂ ਹੀ ਚੋਰਾਂ ਨੇ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਕੇ ਘਰ ਅੰਦਰ ਪਿਆ ਤਿੰਨ ਤੋਲੇ ਸੋਨਾਂ, ਢਾਈ ਗ੍ਰਾਮ ਚਾਂਦੀ ਤੇ ਕੀਮਤੀ ਕੱਪੜੇ ਲੈ ਕੇ ਮੌਕੇ ‘ਤੋਂ ਫ਼ਰਾਰ ਹੋ ਗਏ। ਪਰਿਵਾਰਕ ਮੈਂਬਰਾਂ ਦੁਆਰਾ ਮਿਲੀ ਸੂਚਨਾ ਪਿੱਛੋਂ ਪੁਲਿਸ ਨੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਪੁੱਤਰ ਹਿੰਮਤ ਸਿੰਘ ਨੇ ਦੱਸਿਆ ਕਿ ਉਸ ਤੋਂ ਬਿਨਾਂ ਉਸ ਦੇ ਸਾਰੇ ਪਰਿਵਾਰਕ ਮੈਂਬਰ ਕਿਸੇ ਰਿਸ਼ਤੇਦਾਰ ਵਿੱਚ ਗਏ ਹੋਏ ਸਨ, ਜਦ ਕਿ ਉਹ ਅੱਜ ਸਵੇਰ ਤਕਰੀਬਨ ਸਾਢੇ 8 ਕੁ ਵਜੇ ਖ਼ਰਾਬ ਹੋਈ ਆਪਣੀ ਕਾਰ ਦੀ ਮੁਰੰਮਤ ਕਰਵਾਉਣ ਲਈ ਸਥਾਨਕ ਸ਼ਹਿਰ ਵਿਖੇ ਆਇਆ ਹੋਇਆ ਸੀ।

ਇਸ ਪਿੱਛੋਂ ਹੀ ਚੋਰਾਂ ਨੇ ਉਸ ਦੇ ਘਰ ਨੂੰ ਨਿਸ਼ਾਨਾ ਬਣਾਇਆ ਤੇ ਘਰ ਦੇ ਇੱਕ ਕਮਰੇ  ਵਿੱਚ ਪਈ ਅਲਮਾਰੀ ਤੇ ਪੇਟੀ ਦੀ ਤੋੜਭੰਨ ਕਰਕੇ ਇੱਕ ਮੁੰਦੀ, ਇੱਕ ਵਾਲੀਆਂ ਦਾ ਸੈੱਟ ਤੇ ਟੌਪਸ ਸਮੇਤ ਕੁੱਲ ਤਿੰਨ ਤੋਲੇ ਸੋਨਾ, ਪੰਜੇਬਾਂ ਤੇ ਚਾਂਦੀ ਕੁੱਝ ਸਿੱਕਿਆਂ ਸਮੇਤ ਢਾਈ ਗ੍ਰਾਮ ਚਾਂਦੀ ਤੇ ਕੀਮਤੀ ਕੱਪੜੇ ਚੁਰਾ ਲਏ। ਜਿਸ ਦਾ ਪਤਾ ਉਸਨੂੰ ਦੋ ਕੁ ਘੰਟਿਆ ਬਾਅਦ ਹੀ ਸਾਢੇ ਕੁ 10 ਕੁ ਵਜੇ ਘਰ ਆਉਣ ‘ਤੇ ਲੱਗਾ

ਜਦ ਉਸਨੇ ਘਰ ਦੇ ਮੇਨ ਕਮਰੇ ਦਾ ਸਮਾਨ ਇੱਧਰ- ਉੱਧਰ ਖਿਲਰਿਆ ਪਿਆ ਦੇਖਿਆ ਤੇ ਤੁਰੰਤ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਮੰਗ ਕੀਤੀ ਕਿ ਅਣਪਛਾਤੇ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਚੋਰੀ ਹੋਇਆ ਸਮਾਨ ਬਰਾਮਦ ਕਰਵਾਇਆ ਜਾਵੇ। ਉਨਾਂ ਦੱਸਿਆ ਕਿ ਚਾਰ ਕੁ ਦਿਨ ਪਹਿਲਾਂ ਵੀ ਉਨ੍ਹਾਂ ਦੇ ਗੁਆਂਢੀ ਇੱਕ ਦੁਕਾਨਦਾਰ ਦੀ ਦੁਕਾਨ ਨੂੰ ਪਿਛਲੇ ਪਾਸਿਓਂ ਪਾੜ ਲਗਾਇਆ ਸੀ ਪਰ ਕੈਂਚੀ ਗੇਟ ਲੱਗਿਆ ਹੋਣ ਕਾਰਨ ਬਚਾਅ ਰਹਿ ਗਿਆ।  ਇਸ ਸਬੰਧੀ ਥਾਣਾ ਸਿਟੀ- 2 ਦੇ ਐਸਐਚਓ ਬਲਜੀਤ ਸਿੰਘ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਨ੍ਹਾਂ ਵੱਲੋਂ ਡਾਗ ਸੁਕਆਡ ਦੀ ਸਹਾਇਤਾ ਨਾਲ ਘਟਨਾ ਸਥਾਨ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਲਾਗਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ, ਜਿਸ ਤੋਂ ਮਿਲੇ ਸੁਰਾਗਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.