ਪੌਲੀਥੀਨ ਦਾ ਕੂੜਾ ਫੈਲਾਉਣ ਵਾਲਿਆਂ ਨੂੰ ਦੇਣਾ ਪਵੇਗਾ ਯੂਜਰ ਚਾਰਜ

0
33

ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਚੁੱਕਿਆ ਕਦਮ

ਅਬੋਹਰ, (ਸੁਧੀਰ ਅਰੋੜਾ) ਨਗਰ ਨਿਗਮ ਅਬੋਹਰ ਨੇ ਪੌਲੀਥੀਨ ਦੇ ਕੂੜੇ ਦੇ ਪ੍ਰਬੰਧਨ ਲਈ ਨਿਵੇਕਲੀ ਪਹਿਲ ਕਦਮੀ ਕਰਦਿਆਂ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ 2016 ਤਹਿਤ ਆਪਣੇ ਬਾਏ ਲਾਅਜ ਬਣਾਏ ਹਨ ਜਿਸ ਤਹਿਤ ਨਗਰ ਨਿਗਮ ਪਲਾਸਟਿਕ ਦੀ ਪੈਕਿੰਗ ਵਿੱਚ ਸਮਾਨ ਵੇਚਣ ਵਾਲਿਆਂ ਤੋਂ ਯੂਜਰ ਚਾਰਜ ਵਸੂਲ ਕਰ ਸਕੇਗੀ। ਇਸ ਤਰ੍ਹਾਂ ਦੀ ਅਨੋਖੀ ਪਹਿਲ ਕਦਮੀ ਕਰਨ ਵਾਲੀ ਅਬੋਹਰ ਪੰਜਾਬ ਦੀ ਪਹਿਲੀ ਨਗਰ ਨਿਗਮ ਬਣ ਗਈ ਹੈ।

ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਆਈ.ਏ.ਐਸ. ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡੀਆਂ ਕੰਪਨੀਆਂ ਵੱਲੋਂ ਵੇਚੇ ਜਾਂਦੇ ਸਮਾਨ ਦੀ ਪੈਕਿੰਗ ਪਲਾਸਟਿਕ ਦੀ ਹੁੰਦੀ ਹੈ ਜਿਸ ‘ਤੇ ਵਰਤੋਂ ਤੋਂ ਬਾਅਦ ਇਹ ਪਲਾਸਟਿਕ ‘ਤੇ ਪੌਲੀਥੀਨ ਕੂੜੇ ਦੇ ਰੂਪ ਵਿੱਚ ਨਗਰ ਨਿਗਮ ਦੀ ਜਿੰਮੇਵਾਰੀ ਬਣ ਜਾਂਦਾ ਹੈ। ਇਸ ਕੰਮ ‘ਤੇ ਨਗਰ ਨਿਗਮ ਨੂੰ ਹਰ ਮਹੀਨੇ 50 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ ਜਦ ਕਿ ਇਸ ਕੂੜੇ ਦੇ ਵਾਤਾਵਰਨ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਵੱਖਰੇ ਹਨ।

ਇਸ ਲਈ ਨਗਰ ਨਿਗਮ ਨੇ ਆਪਣੇ ਨਿਯਮ ਬਣਾਏ ਹਨ ਤਾਂ ਜੋ ਇਸ ਤਰ੍ਹਾਂ ਦਾ ਪਲਾਸਟਿਕ ਕੂੜਾ ਸ਼ਹਿਰ ਵਿੱਚ ਪੈਦਾ ਕਰਨ ਦਾ ਕਾਰਨ ਬਣਨ ਵਾਲੇ ਉਤਪਾਦ ਵਿਕ੍ਰੇਤਾਵਾਂ ਤੋਂ ਵਰਤੋਂ ਫੀਸ ਵਸੂਲ ਕੀਤੀ ਜਾਵੇ। ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਇਸ ਲਈ ਵੱਡੀਆਂ ਕੋਰੀਅਰ ਕੰਪਨੀਆਂ ਅਤੇ ਆਨ ਲਾਈਨ ਸਮਾਨ ਵਿਕ੍ਰੇਤਾਵਾਂ ਜਿਵੇਂ ਕਿ ਐਮਾਜੋਨ, ਫਿਲਪਕਾਰਟ, ਸਨੈਪਡੀਲ ਆਦਿ ਤੋਂ ਅਤੇ ਘਰਾਂ ਵਿੱਚ ਹੋਮ ਡਲਿਵਰੀ ਕਰਨ ਵਾਲੀਆਂ ਕੰਪਨੀਆਂ ਜਿਵੇਂ ਜੋਮੈਟੋ, ਸਵੀਗੀ ਆਦਿ ਤੋਂ ਪ੍ਰਤੀ ਡਲਿਵਰੀ 5 ਰੁਪਏ ਦਾ ਯੂਜਰ ਚਾਰਜ ਲਿਆ ਜਾਵੇਗਾ। ਇਸੇ ਤਰ੍ਹਾਂ ਮਲਟੀਲੇਅਰ ਪਲਾਸਟਿਕ ਪੈਕਿੰਗ ਵਿੱਚ ਸਮਾਨ ਵੇਚਣ ਵਾਲੀਆਂ ਕੰਪਨੀਆਂ ਜਿਵੇਂ ਕੋਕ, ਪੈਪਸੀ, ਹਿੰਦੁਸ਼ਤਾਨ ਯੂਨੀਲੀਵਰ, ਬਰਟਾਨੀਆਂ, ਆਦਿ ਤੋਂ ਹਰ ਉਸ ਵਸਤੂ ਜਿਸ ਦੀ ਵਿਕਰੀ ਕੀਮਤ 5 ਰੁਪਏ ਤੋਂ ਵੱਧ ਹੋਵੇਗੀ

ਇੱਕ ਰੁਪਏ ਪ੍ਰਤੀ ਪੈਕੇਟ ਵਰਤੋਂ ਚਾਰਜ ਨਗਰ ਨਿਗਮ ਵਸੂਲ ਕਰੇਗੀ ਤਾਂ ਜੋ ਇੰਨ੍ਹਾਂ ਤੋਂ ਸ਼ਹਿਰ ਵਿੱਚ ਫੈਲਣ ਵਾਲੇ ਪਲਾਸਟਿਕ ਕਚਰੇ ਦਾ ਨਿਪਟਾਰਾ ਕੀਤਾ ਜਾ ਸਕੇ। ਕਮਿਸ਼ਨਰ ਨੇ ਹੋਰ ਦੱਸਿਆ ਕਿ 2000 ਰੁਪਏ ਤੋਂ ਵੱਧ ਦੀ ਕੀਮਤ ਦੇ ਇਲੈਕਟ੍ਰੋਨਿਕ ਸਮਾਨ ‘ਤੇ 50 ਰੁਪਏ, ਮੋਟਰ ਵਹੀਕਲ ਦੀ ਵਿਕਰੀ ‘ਤੇ 100 ਰੁਪਏ ਅਤੇ ਚਾਰ ਪਹੀਆ ਵਾਹਨ ਦੀ ਵਿਕਰੀ ‘ਤੇ 500 ਰੁਪਏ, ਦੇਸ਼ ਵਿੱਚ ਬਣੀ ਸ਼ਰਾਬ ਦੀ ਬੋਤਲ ਦੀ ਵਿਕਰੀ ‘ਤੇ 2 ਰੁਪਏ ਅਤੇ ਵਿਦੇਸ਼ ਵਿੱਚੋਂ ਬਣੀ ਸ਼ਰਾਬ ਦੀ ਵਿਕਰੀ ‘ਤੇ 10 ਰੁਪਏ ਪ੍ਰਤੀ ਬੋਤਲ ਯੂਜਰ ਚਾਰਜ ਵੀ ਨਗਰ ਨਿਗਮ ਵਸੂਲ ਕਰੇਗੀ।

ਯੂਜਰ ਚਾਰਜ ਦੇਣ ਵਿੱਚ ਦੇਰੀ ‘ਤੇ 10 ਫੀਸਦੀ ਦੀ ਦਰ ਨਾਲ ਜੁਰਮਾਨਾ ਲਗਾਉਣ ਅਤੇ 2 ਮਹੀਨੇ ਤੱਕ ਯੂਜਰ ਚਾਰਜ ਨਾ ਦੇਣ ‘ਤੇ ਸਬੰਧਤ ਉਤਪਾਦ ਦੀ ਵਿਕਰੀ ਨਗਰ ਨਿਗਮ ਦੀ ਹਦੂਦ ਅੰਦਰ ਰੋਕ ਦੇਣ ਦੀਆਂ ਸ਼ਕਤੀਆਂ ਵੀ ਨਗਰ ਨਿਗਮ ਕੋਲ ਰਾਖਵੀਆਂ ਹੋਣਗੀਆਂ।
ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਨੇ ਕਿਹਾ ਕਿ ਨਿਗਮ ਨੇ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ ਤਹਿਤ ਇਹ ਨਿਯਮ ਬਣਾਏ ਹਨ ਕਿਉਂਕਿ ਜੋ ਵਪਾਰਕ ਅਦਾਰਾ ਪਲਾਸਟਿਕ ਪੈਦਾ ਕਰਕੇ ਸ਼ਹਿਰ ਵਿਚ ਸੁੱਟ ਰਹੀ ਹੈ ਉਸਦਾ ਨਿਪਟਾਰਾ ਕਰਨਾ ਉਸਦੀ ਜਿੰਮੇਵਾਰੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦ੍ਰਿੜ ਨਿਸ਼ਚਾ ਹੈ ਕਿ ਸ਼ਹਿਰ ਨੂੰ ਸਾਫ ਸੁਥਰਾ ਅਤੇ ਉਤੱਮ ਨਗਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਚੋਖੋ ਅਬੋਹਰ ਪ੍ਰੋਜੈਕਟ ਤਹਿਤ ਸ਼ਹਿਰ ਦੀ ਤਸਵੀਰ ਜਲਦੀ ਬਦਲੀ ਨਜਰ ਆਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.