ਖੇਤੀ ਬਿਜਾਈ ਦੇ ਤਿੰਨ ਅਹਿਮ ਨੁਕਤੇ : ਪੋਰਾ ਬਾਦਸ਼ਾਹ, ਕੇਰਾ ਵਜ਼ੀਰ

0
927

ਖੇਤੀ ਬਿਜਾਈ ਦੇ ਤਿੰਨ ਅਹਿਮ ਨੁਕਤੇ : ਪੋਰਾ ਬਾਦਸ਼ਾਹ, ਕੇਰਾ ਵਜ਼ੀਰ

ਜੇਕਰ ਪੁਰਾਤਨ ਸਮਿਆਂ ਦੀ ਗੱਲ ਕਰੀਏ ਤਾਂ ਤਕਰੀਬਨ ਚਾਰ ਕੁ ਦਹਾਕੇ ਪਹਿਲਾਂ ਪੁਰਾਤਨ ਪਿੰਡਾਂ ਵਾਲੀ ਜਿੰਦਗੀ ਦੀ ਦਾਸਤਾਂ ਹੈ ਜਦੋਂ ਜਿਆਦਾਤਰ ਵਸੋਂ ਪਿੰਡਾਂ ਵਿੱਚ ਹੀ ਰਹਿੰਦੀ ਸੀ। ਉਨ੍ਹਾਂ ਸਮਿਆਂ ਵਿੱਚ ਖੇਤੀਬਾੜੀ ਊਠਾਂ, ਬਲਦਾਂ ਨਾਲ ਹੀ ਕੀਤੀ ਜਾਂਦੀ ਸੀ। ਖੂਹਾਂ ਤੋਂ ਖੇਤਾਂ ਨੂੰ ਪਾਣੀ ਲਾਇਆ ਜਾਂਦਾ ਸੀ। ਪਰ ਫਿਰ ਵੀ ਪੰਜਾਬ ਵਿੱਚ ਲਹਿਰਾਂ-ਬਹਿਰਾਂ ਸਨ। ਸਿਹਤਾਂ ਦਾ ਤਾਂ ਪੁੱਛੋ ਹੀ ਕੁੱਝ ਨਾ। ਬਹੁਤ ਵਧੀਆ ਜੁੱਸੇ ਵਾਲੇ ਇਨਸਾਨ ਅਤੇ ਪਹਿਲਵਾਨ ਹੋ ਚੁੱਕੇ ਹਨ ਪੰਜਾਬ ਵਿੱਚ। ਇਸ ਦਾ ਇੱਕੋ-ਇੱਕ ਹੀ ਰਾਜ਼ ਸੀ, ਹੱਥੀਂ ਮਿਹਨਤ ਕਰਨੀ, ਹਰ ਘਰ ਲਵੇਰਾ ਹੋਣਾ, ਔਰਗੈਨਿਕ ਖੇਤੀ ਭਾਵ ਖਾਦਾਂ ਸਪਰੇਆਂ ਤੋਂ ਬਿਨਾਂ ਸਿਰਫ ਰੂੜੀ ਦੀ ਖਾਦ ਹੀ ਖੇਤਾਂ ਵਿੱਚ ਪਾਈ ਜਾਂਦੀ ਕਰਕੇ ਹੀ ਇਹ ਸਭ ਸੰਭਵ ਸੀ। ਭਰਪੂਰ ਫਸਲਾਂ ਲਹਿਰਾਉਂਦੀਆਂ ਹੁੰਦੀਆਂ ਸਨ ਪੰਜਾਬ ਵਿੱਚ।

ਸਵੇਰੇ ਚਾਰ ਵਜੇ ਉੱਠ ਕੇ ਹਾਲ਼ੀਆਂ ਨੇ ਬਲਦਾਂ ਦੀ ਜੋੜੀ ਖੇਤਾਂ ਵੱਲ ਹੱਕ ਲੈਣੀ, ਤੇ ਟੱਲੀਆਂ ਦੀ ਖੜਕਾਹਟ, ਜੋ ਬਲਦਾਂ ਗਲੀਂ ਹੁੰਦੀਆਂ ਸਨ, ਨੇ ਫਿਜਾਵਾਂ ਵਿੱਚ ਅਨੋਖਾ ਹੀ ਰਾਗ ਛੇੜ ਦੇਣਾ। ਬੀਬੀਆਂ ਨੇ ਚਾਟੀ ਵਿੱਚ ਮਧਾਣੀ ਖੜਕਾ ਦੇਣੀ। ਖੇਤੀਂ ਸਿਰਾਂ ’ਤੇ ਭੱਤਾ ਲੈ ਕੇ ਜਾਣਾ, ਵਾਪਸੀ ’ਤੇ ਰੁੱਤ ਮੁਤਾਬਿਕ ਖੇਤਾਂ ’ਚੋਂ ਸਾਗ, ਸਬਜੀ ਘਰ ਲੈ ਆਉਣੀ ਤੇ ਆਉਣ ਸਾਰ ਹੀ ਤਾਜ਼ੀ ਸਬਜੀ ਸ਼ਾਮਾਂ ਲਈ ਬਣਾ ਲੈਣੀ।
ਬਲਦਾਂ ਨਾਲ ਖੇਤ ਵਧੀਆ ਤਿਆਰ ਕਰਕੇ ਇੱਕ ਪੋਰ ਹਲ਼ ਦੇ ਨਾਲ ਬੰਨ੍ਹ ਕੇ ਵਾਹਣ ਬੀਜ ਦੇਣਾ। ਕਦੇ-ਕਦੇ ਤਿੰਨ ਪੋਰੇ ਹਲ ਨਾਲ ਵੀ ਖੇਤ ਬੀਜਣਾ, ਬਲਦਾਂ ਜਾਂ ਫਿਰ ਊਠ ਮਗਰ ਇਹ ਹਲ ਪਾ ਲੈਣੇ ਤੇ ਵਧੀਆ ਬਿਜਾਈ ਕਰ ਲੈਣੀ। ਮੱਕੀ, ਜਵਾਰ, ਬਾਜਰਾ, ਛੋਲੇ, ਕਣਕ ਆਦਿ ਸਾਰੀਆਂ ਫਸਲਾਂ ਪੋਰ ਨਾਲ ਹੀ ਬੀਜੀਆਂ ਜਾਂਦੀਆਂ ਰਹੀਆਂ ਹਨ।

ਕਿਉਂਕਿ ਇਹੀ ਪੁਰਾਤਨ ਪੰਜਾਬ ਦੀਆਂ ਅਹਿਮ ਫਸਲਾਂ ਹੁੰਦੀਆਂ ਸਨ। ਜੇਕਰ ਤਿ੍ਰਫਾਲੀ ’ਚੋਂ ਇੱਕ ਸੁਰਾਖ ਕਿਤੇ ਅਚਨਚੇਤ ਬੰਦ ਹੋ ਜਾਣਾ ਤਾਂ ਉਸ ਨੂੰ ਸੁਰਾਖ ਮੋਖਿਆ ਗਿਆ ਕਿਹਾ ਜਾਂਦਾ ਸੀ। ਫਸਲ ਉੱਗਣ ਤੋਂ ਬਾਅਦ ਉਸ ਦਾ ਜਿਉਂ ਦਾ ਤਿਉਂ ਪਤਾ ਲੱਗ ਜਾਂਦਾ ਸੀ। ਕਿਉਂਕਿ ਉੱਥੇ ਫਸਲ ਉੱਗਦੀ ਹੀ ਨਹੀਂ ਸੀ। ਪਰ ਪੋਰ ਨਾਲ ਬੀਜੀ ਫਸਲ ਸੌ ਪ੍ਰਤੀਸ਼ਤ ਉੱਗਦੀ ਸੀ। ਇਸੇ ਕਰਕੇ ਪੋਰ ਨਾਲ ਬੀਜੀ ਫਸਲ ਨੂੰ ਬਾਦਸ਼ਾਹ ਕਿਹਾ ਜਾਂਦਾ ਰਿਹਾ ਹੈ। ਕਈ ਐਸੀਆਂ ਫਸਲਾਂ ਵੀ ਸਨ ਜਿਨ੍ਹਾਂ ਨੂੰ ਕੇਰ ਕੇ ਬੀਜਿਆ ਜਾਂਦਾ ਸੀ ਭਾਵ ਗੰਨੇ ਦੀ ਫਸਲ ਸਿਆੜ ਕੱਢ ਕੇ ਮਗਰ-ਮਗਰ ਘੁੰਮ ਕੇ ਸਿਆੜਾਂ ਵਿਚ ਕੇਰ ਕੇ ਬੀਜੀ ਜਾਂਦੀ ਸੀ। ਗੰਨੇ ਦੀ ਪੋਰੀ ਵਿੱਚ ਜੋ ਫੋਟ ਭਾਵ ਅੱਖ ਹੁੰਦੀ ਸੀ ਉਸ ਨੂੰ ਉੱਪਰ ਵਾਲੇ ਪਾਸੇ ਕਰਕੇ ਸਿਆੜ ਵਿਚ ਕੇਰਦੇ ਜਾਣਾ, ਜਦੋਂ ਸਾਰੀ ਫਸਲ ਬੀਜ ਦੇਣੀ ਤਾਂ ਉੱਪਰ ਹਲਕਾ ਜਿਹਾ ਸੁਹਾਗਾ ਫੇਰ ਕੇ ਪਾਣੀ ਲਾ ਦੇਣਾ ਥੋੜੇ੍ਹ ਦਿਨਾਂ ਬਾਅਦ ਸਾਰੀ ਫੋਟ ਬਾਹਰ ਨਿੱਕਲ ਆਉਣੀ। ਇਸ ਬਿਜਾਈ ਨੂੰ ਕੇਰਾ ਕਿਹਾ ਜਾਂਦਾ ਰਿਹਾ ਹੈ

ਇਸ ਬੀਜੀ ਫਸਲ ਵਿਚੋਂ ਕਈ ਵਾਰ ਪੂਰੀ ਫਸਲ ਨਾ ਉੱਗਣ ਕਰਕੇ ਹੀ ਇਸ ਨੂੰ ਕਿਸਾਨੀ ਭਾਸ਼ਾ ਵਿੱਚ ਵਜੀਰ ਬਿਜਾਈ ਕਿਹਾ ਜਾਂਦਾ ਰਿਹਾ ਹੈ। ਕਮਾਦ ਤੋਂ ਬਿਨਾਂ ਭਾਵੇਂ ਹੋਰ ਵੀ ਫਸਲਾਂ ਇਸ ਤਰ੍ਹਾਂ ਬੀਜੀਆਂ ਜਾਂਦੀਆਂ ਸਨ ਪਰ ਮੁੱਖ ਤੌਰ ’ਤੇ ਕਮਾਦ ਦੀ ਫਸਲ ਨੂੰ ਹੀ ਕੇਰ ਕੇ ਬੀਜਿਆ ਜਾਂਦਾ ਰਿਹਾ ਹੈ। ਇਸ ਤੋਂ ਬਾਅਦ ਛੱਟਾ ਦੇ ਕੇ ਬੀਜੀਆਂ ਜਾਣ ਵਾਲੀਆਂ ਫਸਲਾਂ ਵਿੱਚ ਮੁੱਖ ਤੌਰ ’ਤੇ ਸੇਂਜੀ, ਬਰਸੀਮ ਜਾਂ ਜੌਂ ਦੀਆਂ ਫਸਲਾਂ ਆਉਂਦੀਆਂ ਸਨ ਜੋ ਛੱਟਾ ਦੇ ਕੇ ਬੀਜੀਆਂ ਜਾਂਦੀਆਂ ਸਨ ਤੇ ਇਨ੍ਹਾਂ ਦੇ ਉੱਗਣ ਦਾ ਪੱਕਾ ਭਰੋਸਾ ਨਹੀਂ ਸੀ ਹੁੰਦਾ ਕਿ ਉੱਗਣਗੀਆਂ ਵੀ ਕਿ ਨਹੀਂ।

ਉਪਰੋਕਤ ਨਾਵਾਂ ਤੋਂ ਭਲੀ-ਭਾਂਤ ਪਤਾ ਲੱਗਦਾ ਹੈ ਤੇ ਇਸ ਤਰ੍ਹਾਂ ਦੇ ਨਾਂਅ ਉਨ੍ਹਾਂ ਸਮਿਆਂ ਵਿੱਚ ਸਾਡੇ ਪੁਰਖਿਆਂ ਨੇ ਇਹ ਕਿਉਂ ਰੱਖੇ ਸਨ ਇਸ ਦੀ ਵੀ ਸਾਡੇ ਜਿਹਨ ਵਿੱਚ ਤਸਵੀਰ ਸਾਹਮਣੇ ਉੱਭਰ ਕੇ ਆਉਂਦੀ ਹੈ। ਸੋ ਹੁਣ ਪਾਠਕਾਂ/ਸਰੋਤਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਪੋਰਾ ਬਾਦਸ਼ਾਹ, ਕੇਰਾ ਵਜੀਰ ਤੇ ਛੱਟਾ ਫਕੀਰ ਕਿਉਂ ਕਿਹਾ ਜਾਂਦਾ ਸੀ ਤੇ ਕਿਸ-ਕਿਸ ਫਸਲ ਨੂੰ ਕਿਹੜੇ-ਕਿਹੜੇ ਢੰਗ ਨਾਲ ਬੀਜਿਆ ਜਾਂਦਾ ਸੀ। ਅੱਜ ਅਸੀਂ ਨਵੀਂ ਟੈਕਨਾਲੋਜੀ ਵਿਚ ਦਾਖਲ ਹੋ ਚੁੱਕੇ ਹਾਂ ਤੇ ਇਨ੍ਹਾਂ ਨਾਵਾਂ ਨੂੰ ਵੀ ਭੁੱਲਦੇ ਜਾ ਰਹੇ ਹਾਂ। ਨਵੇਂ-ਨਵੇਂ ਮਿੱਤ ਪੁਰਾਣੇ ਕੀਹਦੇ ਚਿੱਤ। ਸੋ ਕਦੇ-ਕਦੇ ਪੁਰਖਿਆਂ ਨੂੰ ਚੇਤੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਆਪਾਂ ਆਪਣੇ ਅਤੀਤ ਦੇ ਨਾਲ ਜੁੜੇ ਰਹੀਏ ਤੇ ਓਹਨਾਂ ਦੀ ਯਾਦ ਤਾਜਾ ਕਰਦੇ ਰਹੀਏ।
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.