ਧੁੰਦ ਦਾ ਕਹਿਰ : ਵੱਖ-ਵੱਖ ਥਾਵਾਂ ‘ਤੇ ਵਾਪਰੇ ਸੜਕੀ ਹਾਦਸੇ, ਦੋ ਮੌਤਾਂ, ਕਈ ਜ਼ਖਮੀ

0
32

ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ, ਵਾਹਨਾਂ ਦੀ ਰਫਤਾਰ ਵੀ ਘਟੀ

ਫਿਰੋਜ਼ਪੁਰ, (ਸਤਪਾਲ ਥਿੰਦ)। ਸਰਦ ਰੁੱਤ ਦੇ ਚੱਲਦੇ ਪਿਛਲੇ ਦਿਨਾਂ ਤੋਂ ਅਚਾਨਕ ਪੈਣ ਲੱਗੀ ਸੰਘਣੀ ਧੁੰਦ ਨੇ ਜਿੱਥੇ ਜਨਜੀਵਨ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਉੱਥੇ ਹੀ ਸੰਘਣੀ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਸੰਘਣੀ ਧੁੰਦ ‘ਚ ਜ਼ਿਆਦਾ ਦੂਰ ਤੱਕ ਦਿਖਾਈ ਨਾ ਦੇਣ ਕਾਰਨ ਆਵਾਜਾਈ ਪ੍ਰਭਾਵਿਤ ਤਾਂ ਹੁੰਦੀ ਹੀ ਹੈ ਨਾਲ ਹੀ ਕਈ ਭਿਆਨਕ ਸੜਕ ਹਾਦਸੇ ਵੀ ਵਾਪਰ ਰਹੇ ਹਨ। ਅਜਿਹਾ ਹੀ ਕਹਿਰ ਪਿਛਲੇ ਦਿਨਾਂ ਤੋਂ ਪੈਣੀ ਸ਼ੁਰੂ ਹੋਈ ਸੰਘਣੀ ਧੁੰਦ ਦਾ ਦੇਖਣ ਨੂੰ ਮਿਲ ਰਿਹਾ ਹੈ।

ਸੋਮਵਾਰ ਸਵੇਰੇ ਪਈ ਸੰਘਣੀ ਧੁੰਦ ਦੌਰਾਨ ਫਿਰੋਜ਼ਪੁਰ ‘ਚ ਵੱਖ-ਵੱਖ ਥਾਵਾਂ ‘ਤੇ ਸੜਕ ਹਾਦਸੇ ਵਾਪਰੇ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਬੱਚਿਆਂ ਸਮੇਤ ਕਈ ਲੋਕ ਜ਼ਖਮੀ ਵੀ ਹੋਏ। ਜਾਣਕਾਰੀ ਮੁਤਾਬਿਕ ਸਵੇਰ ਵਕਤ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਪਿੰਡ ਪੀਰ ਬਲਾਰ ਕੋਲ  ਫਿਰੋਜ਼ਪੁਰ ਤੋਂ ਜਲਾਲਬਾਦ ਵੱਲ ਬਾਸਮਤੀ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਨੂੰ ਪਹਿਲਾਂ ਤਾਂ ਪਿੱਛੋਂ ਇੱਕ ਟਰੱਕ ਵੱਲੋਂ ਜ਼ਬਰਦਸਤ ਟੱਕਰ ਮਾਰੀ ਗਈ, ਇਸ ਦੌਰਾਨ ਟਰੈਕਟਰ ਟਰਾਲੀ ਪਲਟਣ ਕਾਰਨ ਟਰੈਕਟਰ ਚਾਲਕ ਵਿਕਰਮ ਵਾਸੀ ਕੋਠੀ ਰਾਏ ਸਾਹਿਬ ਦੀ ਮੌਕੇ ‘ਤੇ ਮੌਤ ਹੋ ਗਈ, ਇਸ ਦੌਰਾਨ ਤਿੰਨ ਹੋਰ ਵਾਹਨ ਵੀ ਆਪਸ ‘ਚ ਟਕਰਾ ਗਏ।

ਇਸ ਤਰ੍ਹਾਂ ਫਿਰੋਜ਼ਪੁਰ-ਜ਼ੀਰਾ ਰੋਡ ‘ਤੇ ਕੁੱਲਗੜੀ ਨਜ਼ਦੀਕ ਵਾਪਰੇ ਸੜਕ ਹਾਦਸੇ ‘ਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਦੋ ਬੱਚਿਆਂ ਸਮੇਤ ਇੱਕ ਔਰਤ ਜ਼ਖਮੀ ਹੋਈ। ਜਾਣਕਾਰੀ ਅਨੁਸਾਰ ਪੀਬੀ 05 ਡਬਲਯੂ 4471 ਐਕਟਿਵਾ ਸਵਾਰ ਵਿਅਕਤੀ ਦੇ ਨਾਲ ਇੱਕ ਔਰਤ ਤੇ ਦੋ ਬੱਚੇ ਜਾ ਰਹੇ ਸਨ, ਇਸ ਦੌਰਾਨ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਐਕਟਿਵਾ ਚਾਲਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਤੇ ਐਕਟਿਵਾ ਸਵਾਰ ਬੱਚੇ ਸਮੇਤ ਔਰਤ ਜ਼ਖਮੀ ਹੋ ਗਈ।

ਇਸ ਤੋਂ ਇਲਾਵਾ ਸੰਘਣੀ ਦੌਰਾਨ ਨੈਸ਼ਨਲ ਹਾਈਵੇ-54 ‘ਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਅੰਮ੍ਰਿਤਸਰ ਜਾ ਰਹੀ ਰੋਡਵੇਜ਼ ਬੱਸ ਕੋਟ ਕਰੋੜ ਟੋਲ ਪਲਾਜ਼ੇ ‘ਚ ਸਿੱਧੀ ਜਾ ਟਕਰਾਈ, ਜਿਸ ਹਾਦਸੇ ‘ਚ ਕਈ ਸਵਾਰੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ, ਜਿਹਨਾਂ ਨੂੰ ਤੁਰੰਤ ਨਜ਼ਦੀਕ ਹਸਪਤਾਲ ‘ਚ ਪਹੁੰਚਾਇਆ ਗਿਆ। ਇਸ ਤਰ੍ਹਾਂ ਸੋਮਵਾਰ ਨੂੰ ਸੰਘਣੀ ਧੁੰਦ ਕਾਰਨ ਫਿਰੋਜ਼ਪੁਰ ‘ਚ ਵੱਖ-ਵੱਖ ‘ਤੇ ਵਾਪਰੇ ਸਬੰਧੀ ਜਦੋਂ ਪੁਲਿਸ ਤੱਕ ਸੂਚਨਾ ਪਹੁੰਚੀ ਤਾਂ ਮੌਕੇ ਪਰ ਸਬੰਧਤ ਥਾਣਿਆਂ ਦੀ ਪੁਲਿਸ ਨੇ ਪਹੁੰਚ ਕੇ ਘਟਨਾਵਾਂ ਦਾ ਜਾਇਜ਼ਾ ਲਿਆ, ਜਿਸ ਮਗਰੋਂ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਰੇਲ ਦੀ ਰਫਤਾਰ ਵੀ ਘਟੀ, ਪੰਜਾਬ ਮੇਲ ਪਹੁੰਚੀ ਡੇਢ ਘੰਟਾ ਲੇਟ

ਸੰਘਣੀ ਧੁੰਦ ਸੜਕ ਆਵਾਜਾਈ ‘ਤੇ ਆਪਣੇ ਕਹਿਰ ਤਾਂ ਵਰਸਾ ਹੀ ਰਹੀ ਹੈ ਪਰ ਇਸ ਦੇ ਨਾਲ ਰੇਲਵੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਪਹਿਲਾ ਕਰੋਨਾ ਅਤੇ ਫਿਰ ਕਿਸਾਨ ਅੰਦੋਲਨ ਨੇ ਪਹਿਲਾ ਵੀ ਰੇਲਾਂ ਦੀਆਂ ਬ੍ਰੇਕਾਂ ਲਗਾ ਰੱਖੀਆਂ ਸਨ ਅਤੇ ਹੁਣ ਜਦੋਂ ਰੇਲਾਂ ਦੁਆਰਾ ਸ਼ੁਰੂ ਹੋਈਆਂ ਹਨ ਸਰਦ ਰੁੱਤ ਦੀ ਪੈਣ ਲੱਗੀ ਸੰਘਣੀ ਧੁੰਦ ਰੇਲਾਂ ਦੀ ਰਫਤਾਰ ਘਟਾ ਰਹੀ ਹੈ। ਜਾਣਕਾਰੀ ਮੁਤਾਬਿਕ ਅੱਜ ਪਈ ਸੰਘਣੀ ਧੁੰਦ ਕਾਰਨ ਫਿਰੋਜ਼ਪੁਰ ਸਟੇਸ਼ਨ ‘ਤੇ ਪੰਜਾਬ ਮੇਲ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ ਡੇਢ ਘੰਟਾ ਲੇਟ ਪਹੁੰਚੀ ਹੈ। ਦੱਸ ਦਈਏ ਕਿ ਅਜੇ ਰੇਲਵੇ ਵੱਲੋਂ ਸਾਰੀਆਂ ਰੇਲਾਂ ਵੀ ਬਹਾਲ ਨਹੀਂ ਕੀਤੀਆਂ ਗਈ, ਜਿਸ ਕਾਰਨ ਕੁੱਝ ਰੂਟਾਂ ‘ਤੇ ਰੇਲਾਂ ਚੱਲ ਰਹੀਆਂ ਹਨ ਪਰ ਮਾਲ ਗੱਡੀਆਂ ਲਗਾਤਾਰ ਢੋਆ ਢੋਆਈ ਕਰ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.