ਪਿੰਡਾਂ ਦੀਆਂ ਕੰਧਾਂ ਬਿਆਨਦੀਆਂ ਨੇ ਕਿਸਾਨੀ ਏਕੇ ਦੀ ਇਬਾਰਤ

0
47

ਕਿਸਾਨੀ ਸੰਘਰਸ਼ ਦਾ ਰੰਗ ਗੂੜ੍ਹਾ ਹੋਇਆ

ਸੰਗਰੂਰ, (ਗੁਰਪ੍ਰੀਤ ਸਿੰਘ) ਸਮੁੱਚਾ ਪੰਜਾਬ ਇਨ੍ਹੀਂ-ਦਿਨੀਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਸੰਘਰਸ਼ ‘ਚ ਜੁਟਿਆ ਹੋਇਆ ਹੈ ਪੰਜਾਬ ਦੇ ਪਿੰਡ-ਪਿੰਡ ਵਿੱਚੋਂ ਵੱਡੀ ਗਿਣਤੀ ਕਿਸਾਨ, ਮਜ਼ਦੂਰ ਤੇ ਹੋਰ ਸੰਘਰਸ਼ੀ ਲੋਕ ਦਿੱਲੀ ਨੇੜੇ ਵੱਖ-ਵੱਖ ਬਾਰਡਰਾਂ ‘ਤੇ ਇਕੱਠੇ ਹੋ ਰਹੇ ਹਨ ਸ਼ਹਿਰਾਂ ਨਾਲੋਂ ਪਿੰਡਾਂ ਵਿੱਚੋਂ ਇਸ ਸੰਘਰਸ਼ ਵਿੱਚ ਲੋਕ ਜੁੜ ਰਹੇ ਹਨ

ਅੱਜ ਅਜਿਹੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ ਲਗਭਗ ਅੱਧੀ ਦਰਜ਼ਨ ਪਿੰਡਾਂ ਦੇ ਹਾਲਾਤ ਲਗਭਗ ਇੱਕੋ ਜਿਹੇ ਦਿਖੇ ਕਿਸਾਨੀ ਸੰਘਰਸ਼ ਨੂੰ ਲੈ ਕੇ ਸਮੁੱਚੇ ਪਿੰਡ ਵਾਸੀਆਂ ਦੀ ਰਾਇ ਲਗਭਗ ਇੱਕੋ ਜਿਹੀ ਹੈ ਅਤੇ ਸਮੁੱਚੇ ਪਿੰਡ ਦੇ ਲੋਕ ਇਸ ਸੰਘਰਸ਼ਾਂ ਵਿੱਚ ਕੁੱਦ ਚੁੱਕੇ ਹਨ ਦਿੜ੍ਹਬਾ ਲਾਗੇ ਪਿੰਡ ਖਨਾਲ ਖੁਰਦ ਦੇ ਨੰਬਰਦਾਰ ਗੁਰਜੰਟ ਸਿੰਘ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚੋਂ ਹਫ਼ਤਾ ਪਹਿਲਾਂ 3 ਟਰਾਲੀਆਂ ਭਰ ਕੇ ਦਿੱਲੀ ਗਈਆਂ ਹੋਈਆਂ ਹਨ

ਇਸ ਪਿੱਛੋਂ ਲਗਭਗ ਤਿੰਨ ਦਿਨਾਂ ਬਾਅਦ ਉੱਧਰੋਂ ਇੱਕ ਟਰਾਲੀ ਪਿੰਡ ਆ ਜਾਂਦੀ ਹੈ ਅਤੇ ਨਵੇਂ ਮੈਂਬਰਾਂ ਨੂੰ ਲੈ ਕੇ ਚਲੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਦਿੱਲੀ ਜਾਣ ਦਾ ਉਤਸ਼ਾਹ ਤਾਂ ਬੇਸ਼ੱਕ ਸਾਰੀ ਉਮਰ ਦੇ ਲੋਕਾਂ ਨੂੰ ਹੈ ਪਰ ਜ਼ਿਆਦਾ ਬਜ਼ੁਰਗਾਂ ਅਤੇ ਬਿਮਾਰਾਂ ਨੂੰ ਪਿੰਡ ਵਿੱਚ ਰਹਿ ਕੇ ਹੀ ਸੇਵਾ ਕਰਨ ਲਈ ਕਿਹਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਇਸ ਮਾਮਲੇ ‘ਤੇ ਕਿਸਾਨ, ਮਜ਼ਦੂਰਾਂ ਦਾ ਪੂਰੀ ਤਰ੍ਹਾਂ ਇਕਜੁਟ ਹੈ ਪਿੰਡ ਦੇ ਨੌਜਵਾਨਾਂ ਨੇ ਕਿਸਾਨੀ ਏਕੇ ਦੇ ਨਾਅਰਿਆਂ ਨੂੰ ਕੰਧਾਂ ‘ਤੇ ਲਿਖਿਆ ਹੈ

ਸੰਗਰੂਰ-ਸੁਨਾਮ ਰੋਡ ‘ਤੇ ਵਸੇ ਪਿੰਡ ਤੁੰਗਾਂ ਵਿੱਚ ਵੀ ਲਗਭਗ ਹਾਲਾਤ ਇਹੋ ਜਿਹੇ ਹੀ ਹਨ ਪਿੰਡਾਂ ਵਿੱਚ ਘੁੰਮਦਿਆਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਕੁਝ ਸਮਾਂ ਪਹਿਲਾਂ ਜਿਹੜੇ ਘਰਾਂ ਦੀਆਂ ਛੱਤਾਂ ਤੇ ਜਾਂ ਦੀਵਾਰਾਂ ਤੇ ਤੱਕੜੀ, ਪੰਜਾ, ਝਾੜੂ ਆਦਿ ਦੇ ਨਿਸ਼ਾਨ ਝੂਲਦੇ ਮਿਲਦੇ ਸੀ, ਉਨ੍ਹਾਂ ‘ਤੇ ਹੁਣ ਸਿਰਫ਼ ਹਰੇ ਤੇ ਪੀਲੇ ਰੰਗ ਦੇ ਝੰਡੇ ਲਹਿਰਾ ਰਹੇ ਹਨ ਪਿੰਡ ਵਾਸੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਵੀ ਕਾਫ਼ੀ ਲੋਕ ਟਰਾਲੀਆਂ ਤੇ ਆਪਣੇ ਸਾਧਨਾਂ ਰਾਹੀਂ ਗਏ ਹੋਏ ਹਨ

ਨੇੜਲੇ ਪਿੰਡ ਫਤਹਿਗੜ੍ਹ ਛੰਨਾ ਜਿਸ ਦੀ ਆਬਾਦੀ ਬੇਸ਼ੱਕ ਘੱਟ ਹੈ ਪਰ ਕਿਸਾਨੀ ਸੰਘਰਸ਼ ਵਿੱਚ ਇਸ ਪਿੰਡੋਂ ਵੀ ਕਾਫ਼ੀ ਕਿਸਾਨ ਤੇ ਮਜ਼ਦੂਰ ਗਏ ਹੋਏ ਹਨ ਪਿੰਡ ਦੇ ਮਜ਼ਦੂਰ ਵਰਗ ਨਾਲ ਸਬੰਧਿਤ ਕਾਮਰੇਡ ਸੁਖਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਵਿੱਚ ਜ਼ਿਮੀਂਦਾਰ ਤੇ ਮਜ਼ਦੂਰ ਵਿਚਾਲੇ ਕਾਫ਼ੀ ਏਕਤਾ ਹੈ ਪਿੰਡ ਦੇ ਮਜ਼ਦੂਰ ਭਾਵੇਂ ਆਰਥਿਕ ਤੌਰ ਤੇ ਕਾਫ਼ੀ ਕਮਜ਼ੋਰ ਹਨ ਪਰ ਇਸ ਦੀ ਪ੍ਰਵਾਹ ਨਾ ਕਰਦਿਆਂ ਉਹ ਦਿੱਲੀ ਗਏ ਹਨ ਉਨ੍ਹਾਂ ਕਿਹਾ ਕਿ ਮੈਂ ਖੁਦ ਕੱਲ੍ਹ ਨੂੰ ਦਿੱਲੀ ਜਾ ਰਿਹਾ ਹਾਂ ਉਸ ਨੇ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਅਸੀਂ ਮਜ਼ਦੂਰ ਕਿਸਾਨਾਂ ਵੱਲੋਂ ਇਸੇ ਤਰ੍ਹਾਂ ਇਕਮੁਠ ਰਹਿਣਗੇ ਪਿੰਡ ਵਿਚ ਵੀ ਕਾਫ਼ੀ ਘਰਾਂ ਦੇ ਬਾਹਰ ਕਿਸਾਨੀ ਸੰਘਰਸ਼ ਦੇ ਝੰਡੇ ਝੂਲਦੇ ਦਿਸੇ

ਸੰਗਰੂਰ ਧੂਰੀ ਰੋਡ ‘ਤੇ ਵਸੇ ਪਿੰਡ ਲੱਡਾ ਦੀ ਕਹਾਣੀ ਵੀ ਲਗਭਗ ਦੂਜੇ ਪਿੰਡਾਂ ਵਰਗੀ ਹੀ ਹੈ ਇਸ ਪਿੰਡ ਵਿੱਚੋਂ ਵੀ ਵੱਡੀ ਗਿਣਤੀ ਕਿਸਾਨ, ਮਜ਼ਦੂਰ ਦਿੱਲੀ ਨੂੰ ਕੂਚ ਕਰ ਗਏ ਹਨ ਪਿੰਡ ਦੇ ਵਸਨੀਕ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਕਿਸਾਨੀ ਸੰਘਰਸ਼ ਦੀ ਸ਼ੁਰੂਆਤ ਹੋਈ ਹੈ ਤਾਂ ਉਨ੍ਹਾਂ ਦਾ ਪਿੰਡ ਇਸ ਮਾਮਲੇ ਵਿਚ ਕਾਫ਼ੀ ਸਰਗਰਮ ਰਿਹਾ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਾਸੀਆਂ ਦੀ ਡਿਊਟੀ ਟੋਲ ਪਲਾਜ਼ੇ ਤੇ ਵੀ ਲੱਗੀ ਹੋਈ ਹੈ, ਇਸ ਦੇ ਬਾਵਜੂਦ ਹਰ ਰੋਜ਼ 20 ਤੋਂ 25 ਵਿਅਕਤੀ ਦਿੱਲੀ ਲਈ ਜਾਂਦੇ ਹਨ ਅਤੇ ਓਨੇ ਹੀ ਮੁੜ ਕੇ ਆਉਂਦੇ ਹਨ ਪਿੰਡ ਵਾਸੀ ਗੁਰਦੇਵ ਸਿੰਘ ਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਅੜੀ ਦਿਖਾਈ ਜਾ ਰਹੀ ਹੈ, ਉਹ ਲੋਕਤੰਤਰ ਵਿੱਚ ਠੀਕ ਨਹੀਂ ਹੁੰਦੀ ਉਨ੍ਹਾਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਵੀ ਆਪਣੀਆਂ ਮਨਵਾ ਕੇ ਹੀ ਦਮ ਲੈਣਗੇ

ਘਰਾਂ ਤੇ ਖੇਤਾਂ ਵਿੱਚ ਬੀਬੀਆਂ ਦਾ ਕੰਮ ਵਧਿਆ

ਕਿਸਾਨਾਂ ਦੇ ਦਿੱਲੀ ਜਾਣ ਕਰਕੇ ਘਰਾਂ ਤੇ ਖੇਤਾਂ ਵਿੱਚ ਮਹਿਲਾਵਾਂ ਨੇ ਕੰਮ ਸਾਂਭੇ ਹੋਏ ਹਨ ਮੁਖਤਿਆਰ ਕੌਰ ਨੇ ਦੱਸਿਆ ਉਨ੍ਹਾਂ ਦੇ 3 ਪਰਿਵਾਰਕ ਮੈਂਬਰ ਦਿੱਲੀ ਗਏ ਹੋਏ ਹਨ ਜਿਸ ਕਾਰਨ ਘਰ ਅਤੇ ਖੇਤਾਂ ਦਾ ਕੰਮ ਵਗੈਰਾ ਉਨ੍ਹਾਂ ਨੂੰ ਵੇਖਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਕਣਕਾਂ ਨੂੰ ਪਾਣੀ ਤੇ ਰੇਹ ਵਗੈਰਾ ਪਵਾਉਣ ਦਾ ਕੰਮ ਉਹ ਮਜ਼ਦੂਰਾਂ ਤੋਂ ਕਰਵਾ ਰਹੇ ਹਨ ਅਤੇ ਕਾਫ਼ੀ ਕੰਮ ਜਿਹੜਾ ਘਰ ਦੇ ਬੰਦਿਆਂ ਵੱਲੋਂ ਕੀਤੇ ਜਾਂਦੇ ਸੀ, ਉਨ੍ਹਾਂ ਨੂੰ ਕਰਨੇ ਪੈ ਰਹੇ ਹਨ ਉਨ੍ਹਾਂ ਕਿਹਾ ਕਿ ਸਾਨੂੰ ਇਸ ਦਾ ਕੋਈ ਗਿਲਾ ਨਹੀਂ ਅਤੇ ਅਸੀਂ ਖੁਦ ਹੀ ਉਨ੍ਹਾਂ ਨੂੰ ਦਿੱਲੀ ਭੇਜਿਆ ਹੈ ਤੇ ਮੋਰਚੇ ਫਤਹਿ ਕਰਨ ਤੱਕ ਉੱਥੇ ਹੀ ਰਹਿਣ ਲਈ ਹੱਲਾਸ਼ੇਰੀ ਦਿੱਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.