…ਜਦੋਂ ਅਸੀਂ ਇੱਕ ਦੀ ਥਾਂ ਦੋ ਵਧਾਈਆਂ ਲਈਆਂ!

0
173

…ਜਦੋਂ ਅਸੀਂ ਇੱਕ ਦੀ ਥਾਂ ਦੋ ਵਧਾਈਆਂ ਲਈਆਂ!

ਬੀਤੇ ਸਮਿਆਂ ਵਿੱਚ ਵਿਆਹ-ਸ਼ਾਦੀ ਦੇ ਸਮਾਗਮ, ਖਰਚਿਆਂ ਦੀਆਂ ਗਿਣਤੀਆਂ-ਮਿਣਤੀਆਂ ਦੀ ਥਾਂ ਚਾਵਾਂ ਮਲ੍ਹਾਰਾਂ ਨਾਲ ਕੀਤੇ ਜਾਂਦੇ ਸਨ। ਉਦੋਂ ਦੇ ਰੀਤੀ-ਰਿਵਾਜ਼, ਰਸਮਾਂ, ਮੇਲ-ਗੇਲ ਅੱਜ ਨਾਲੋਂ ਬਹੁਤ ਭਿੰਨ ਸਨ। ਵਿਆਹ ਚਾਹੇ ਮੁੰਡੇ ਦਾ ਹੁੰਦਾ ਜਾ ਕੁੜੀ ਦਾ, ਰੌਣਕ ਬਰਾਬਰ ਦੀ ਹੁੰਦੀ। ਖਾਣਾ-ਪੀਣਾ ਹਸਣਾ-ਖੇਡਣਾ ਸਭ ਮਜ਼ੇਦਾਰ ਹੁੰਦਾ ਸੀ

ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਸੀ। ਅਸੀਂ ਬਰਾਤ ਜਾਣਾ ਸੀ ਰਾਮਪੁਰਾ ਫੂਲ। ਮੈਂ ਸੋਚਿਆ ਕਿ ਦਫਤਰ ਦੀ ਘੰਟਾ ਡੇਢ ਘੰਟਾ ਹਾਜ਼ਰੀ ਭਰ ਕੇ ਬਾਅਦ ਵਿੱਚ ਰਾਮਪੁਰਾ ਫੂਲ ਪਹੁੰਚਦਾ ਹਾਂ। ਉਂਜ ਵੀ ਬਰਾਤਾਂ ਅੱਜ-ਕੱਲ੍ਹ ਦੇਰੀ ਨਾਲ ਹੀ ਪਹੁੰਚਦੀਆਂ ਹਨ। ਮੈਂ ਉੱਥੋਂ ਜਲਦੀ ਵਾਪਸ ਆਉਣ ਦੇ ਖਿਆਲ ਨਾਲ ਆਪਣੇ ਮੋਟਰ ਸਾਈਕਲ ’ਤੇ ਹੀ ਮੈਰਿਜ ਪੈਲੇਸ, ਰਾਮਪੁਰਾ ਫੂਲ ਚਲਾ ਗਿਆ। ਉੱਥੇ ਪਕੌੜਿਆਂ ਨਾਲ ਚਾਹ-ਪਾਣੀ ਪੀਤਾ, ਲਲ-ਭਲ ਖਾਧਾ ਤੇ ਰੋਟੀ ਖਾਣ ਦੀ ਕੋਈ ਗੁੰਜਾਇਸ਼ ਨਹੀਂ ਰਹਿ ਗਈ ਸੀ। ਸੋ ਰੋਟੀ ਲੱਗਣ ਦਾ ਇੰਤਜ਼ਾਰ ਨਹੀਂ ਕੀਤਾ

ਏਨੇ ਵਿੱਚ ਮੇਰਾ ਮਾਮਾ ਮਿਲ ਗਿਆ ਤੇ ਕਹਿਣ ਲੱਗਿਆ, ‘‘ਭਾਣਜੇ ਕਾਹਦੇ ’ਤੇ ਆਇਆਂ ਹੈਂ?’’ ਉਸਨੂੰ ਪਤਾ ਸੀ ਕਿ ਦਫ਼ਤਰੀ ਪੇਸ਼ਾ ਹੋਣ ਕਰਕੇ ਮੇਰੇ ਕੋਲ ਵੀ, ਮੇਰੇ ਪਾਪਾ ਵਾਂਗ ਸਮੇਂ ਦੀ ਘਾਟ ਰਹਿੰਦੀ ਹੈ। ‘‘ਆਪਾਂ ਚਲੀਏ, ਬਠਿੰਡੇ ਹੁਣੇ ਹੀ। ਤੇਰੀ ਮਾਸੀ ਕੋਲੋਂ ਵਧਾਈ ਲੈਂਦੇ ਹਾਂ।’’ ਜਦੋਂ ਮੈਂ ਉਸਨੂੰ ਦੱਸਿਆ ਕਿ ਮਾਮਾ ਮੈਂ ਤਾਂ ਮੋਟਰਸਾਈਕਲ ’ਤੇ ਆਇਆ ਹਾਂ, ਉਸ ਦੀਆਂ ਵਾਛਾਂ ਖਿੜ ਗਈਆਂ। ਮੈਂ ਤਾਂ ਪਹਿਲਾਂ ਹੀ ਕਾਹਲੀ ਨਾਲ ਆਉਣਾ ਸੀ। ਚਾਰ ਛਿੱਲੜਾਂ ਦੇ ਲਾਲਚ ਨੇ ਮੈਨੂੰ ਹੋਰ ਕਾਹਲਾ ਕਰ ਦਿੱਤਾ

ਅੱਜ ਵੀ ਸ਼ਾਇਦ ਇਹ ਰੀਤ ਪ੍ਰਚੱਲਿਤ ਹੈ ਕਿ ਲੜਕਾ ਲੜਕੀ ਦੇ ਫੇਰੇ ਜਾਂ ਆਨੰਦ ਕਾਰਜ ਦੀ ਰਸਮ ਪੂਰੀ ਹੋਣ ਤੋਂ ਬਾਅਦ, ਜੋ ਬਾਰਾਤੀ ਸਭ ਤੋਂ ਪਹਿਲਾਂ ਲੜਕੇ ਵਾਲਿਆਂ ਦੇ ਘਰ ਆ ਕੇ ਵਧਾਈ ਦਿੰਦਾ ਹੈ, ਉਸ ਨੂੰ ਇਨਾਮ-ਸ਼ਨਾਮ ਮਿਲਦੇ ਨੇ ਅਸੀਂ ਮਾਮਾ ਭਾਣਜਾ ਇਕੱਲੇ-ਇਕੱਲੇ ਕਰਕੇ ਮੈਰਿਜ ਪੈਲੇਸ ਵਿੱਚੋਂ ਖਿਸਕ ਆਏ, ਤਾਂ ਕਿ ਕਿਸੇ ਹੋਰ ਨੂੰ ਸਾਡੇ ਬਾਰੇ ਭਿਣਕ ਨਾ ਪੈ ਜਾਏ। ਮੈਂ ਮੋਟਰਸਾਈਕਲ ਬਾਹਰ ਕੱਢਿਆ ਤੇ ਥੋੜ੍ਹੀ ਦੂਰ ਆ ਕੇ ਮਾਮੇ ਨੂੰ ਬਿਠਾ ਕੇ ਮੋਟਰਸਾਈਕਲ ਨੂੰ ਸ਼ਤਾਬਦੀ ਐਕਸਪ੍ਰੈਸ ਬਣਾ ਦਿੱਤਾ। ਪਿੱਛੇ ਬੈਠਾ ਮਾਮਾ ਥੋੜ੍ਹੀ-ਥੋੜ੍ਹੀ ਦੇਰ ਬਾਅਦ ਕਿਹਾ ਕਰੇ, ‘‘ਭਾਣਜੇ, ਦੱਬੀ ਚੱਲ, ਕਿਤੇ ਪੱਕੀ ਕਣਕ ’ਤੇ ਗੜੇ ਨਾ ਪੈ ਜਾਣ। ਕਿਤੇ ਕੋਈ ਕਾਰ ਵਾਲਾ ਬਾਰਾਤੀ ਪਹਿਲਾਂ ਪਹੁੰਚ ਗਿਆ ਤੇ ਆਪਣੀ ਤਾਂ ਵਧਾਈ ਗਈ ਸਮਝ।’’

ਮੇਰੇ ਪਾਪਾ ਨੇ ਵੀ ਪਹਿਲਾਂ ਦੋ-ਤਿੰਨ ਵਾਰ ਇਸ ਤਰ੍ਹਾਂ ਦੀ ਵਧਾਈ ਲਈ ਸੀ। ਮੈਂ ਵੀ ਕਈ ਵਾਰ ਇਸ ਤਰ੍ਹਾਂ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਅੱਜ ਮੈਂ ਵੀ ਮਾਮੇ ਦੀ ਸ਼ਹਿ ’ਤੇ ‘‘ਅਖੇ ਸ਼ੇਰ ਬਣ, ਸ਼ੇਰ!’’ ਸ਼ੇਰ ਹੀ ਬਣਨਾ ਚਾਹੁੰਦਾ ਸੀ। ਕੋਈ ਪੌਣੇ ਘੰਟੇ ਦੀ ਵਾਟ ਮੈਂ ਅੱਧੇ ਘੰਟੇ ਵਿਚ ਨਬੇੜ ਲਈ। ਮਾਸੀ ਦੇ ਘਰੇ ਪਹੁੰਚ ਕੇ ਮੈਂ ਤਾਂ ਅਜੇ ਮੋਟਰਸਾਈਕਲ ਦਾ ਸਟੈਂਡ ਹੀ ਲਗਾਉਂਦਾ ਰਹਿ ਗਿਆ ਤਾਂ ਮਾਮਾ ਮੋਟਰਸਾਈਕਲ ਤੋਂ ਉੁਤਰ ਕੇ ਸਿੱਧਾ ਅੰਦਰ ਵੜ ਗਿਆ ਤੇ ਜਾਣ ਸਾਰ ਇੱਕ ਪਾਸੇ ਪਈ ਲੋਹੇ ਦੀ ਇੱਕ ਪੁਰਾਣੀ ਜਿਹੀ ਬਾਲਟੀ ਚੁੱਕ ਕੇ ਕੰਧ ਨਾਲ ਮਾਰੀ ਤੇ ਨਾਲੇ ਕਰਾਰੀ ਜਿਹੀ ਗਾਲ੍ਹ ਕੱਢੀ।

ਅਖੇ, ਕੀਹਨੇ ਬਾਲਟੀ ਵਿਚਾਲੇ ਰੱਖੀ ਆ। ਇੰਨਾ ਹਨੇ੍ਹਰਾ ਕੀਤਾ ਪਿਆ, ਇੰਨਾ ਚਿੱਕੜ ਕਰ ਛੱਡਿਆ ਤੇ ਕੰਧ ਨਾਲ ਖੜ੍ਹੇ ਇੱਕ ਪੁਰਾਣੇ ਜਿਹੇ ਟੋਕਰੇ ਵੱਲ ਇਸ਼ਾਰਾ ਕਰ ਕੇ ਅੱਖਾਂ ਨਾਲ ਹੀ ਮੈਨੂੰ ਕੁਝ ਕਹਿਣ ਲੱਗਿਆ ਤੇ ਮੈਂ ਝੱਟ ਸਮਝ ਗਿਆ ਕਿ ਮਾਮਾ ਕੀ ਕਹਿੰਦਾ ਹੈ। ਮੈਂ ਵੀ ਟੋਕਰਾ ਚੁੱਕ ਕੇ ਕੰਧ ਨਾਲ ਮਾਰਿਆ, ‘‘…ਲੱਤਾਂ ਵਿਚ ਵੱਜਦਾ।’’ ਇੰਨੇ ਵਿੱਚ ਰੌਲਾ ਸੁਣ ਕੇ ਮਾਸੀ ਆ ਗਈ ਤੇ ਕਹਿਣ ਲੱਗੀ, ‘‘ਭਾਂਡੇ ਨਾ ਭੰਨੋ, ਵਧਾਈ ਲੈ ਲਓ!’’ ਅਸੀਂ ਹੋਰ ਕੀ ਚਾਹੁੰਦੇ ਸੀ ਸਾਨੂੰ ਵਧਾਈ ਦੇ ਕੇ ਮਾਸੀ ਕਹਿੰਦੀ, ‘‘ਚੰਗਾ ਹੋ ਗਿਆ ਤੁਸੀਂ ਪਹਿਲਾਂ ਆ ਗਏ। ਗੈਸ ਸਿਲੰਡਰ ਮੁੱਕ ਗਿਆ, ਮੇਰੀ ਜਠਾਣੀ ਦੇ ਘਰੋਂ ਭਰਿਆ ਸਿਲੰਡਰ ਲਿਆ ਕੇ ਦੇਵੋ।’’

ਅਸੀਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਾਸੀ ਦੀ ਜਠਾਣੀ ਦੇ ਘਰ ਵੱਲ ਰਵਾਨਾ ਹੋ ਗਏ। ਰਸਤੇ ਵਿਚ ਮੋਟਰਸਾਈਕਲ ਦੀ ਪਿੱਛੇ ਬੈਠੇ ਮਾਮੇ ਨੇ ਮੇਰਾ ਲੱਕ ਘੁੱਟ ਕੇ ਕਿਹਾ, ‘‘ਭਾਣਜੇ ਤੂੰ ਬੋਲੀਂ ਨਾ, ਇੱਥੋਂ ਵੀ ਆਪਾਂ ਵਧਾਈ ਲਵਾਂਗੇ।’’ ਮੇਰੇ ਲਈ ਪੈਸੇ ਲੈ ਕੇ ਕਿਸੇ ਦੇ ਹੱਕ ਵਿੱਚ, ਜਾਂ ਖ਼ਿਲਾਫ਼ ਬੋਲਣਾ ਔਖਾ ਹੈ, ਪਰ ਅੱਜ ਤਾਂ ਚੁੱਪ ਰਹਿਣ ਕਰਕੇ ਹੀ ਇਨਾਮ ਮਿਲਣਾ, ਇਸ ਲਈ ਚੁੱਪ ਰਹਿਣਾ ਮੇਰੇ ਲਈ ਕੋਈ ਮੁਸ਼ਕਲ ਕੰਮ ਨਹੀਂ ਸੀ। ਮਾਮੇ ਨੇ ਇੱਥੇ ਵੀ ਉਸੇ ਤਰ੍ਹਾਂ ਦਾ ਕੁਝ ਕੀਤਾ। ਘਰ ਦੇ ਪਹਿਲਾਂ ਤੋਂ ਹੀ ਖੁੱਲ੍ਹੇ ਦਰਵਾਜੇ ਵਿੱਚ ਦੋ-ਤਿੰਨ ਲੱਤਾਂ ਮਾਰ ਕੇ ਕਹਿੰਦਾ, ‘‘ਕਿੱਧਰ ਗਏ ਸਾਰੇ ਵਧਾਈ ਦੇਣ ਦੇ ਮਾਰੇ।’’ ‘‘ਹਾੜਾ ਵੀਰੇ, ਦਰਵਾਜਾ ਨਾ ਭੰਨ੍ਹ।’’ ਮਾਸੀ ਦੀ ਜਠਾਣੀ ਭੱਜ ਕੇ ਬਾਹਰ ਆਈ। ‘‘ਮੈਂ ’ਕੱਲਾ ਥੋੜ੍ਹੀ ਹਾਂ, ਅਸੀਂ ਦੋ ਜਣੇ ਹਾਂ।’’ ਮਾਮੇ ਨੇ ਸੋਚਿਆ ਕਿ ਕਿਤੇ ਭਾਣਜੇ ਨਾਲ ਵਧਾਈ ਨਾ ਵੰਡਣੀ ਪੈ ਜਾਏ।

ਇਸ ਲਈ ਪਹਿਲਾਂ ਹੀ ਪੱਕੇ ਕਰਕੇ ਦੋ ਵਧਾਈਆਂ ਲੈ ਲਓ। ਇਹ ਕੋਈ ਜ਼ਿਆਦਾ ਪੁਰਾਣੀ ਘਟਨਾ ਨਹੀਂ ਹੈ, ਬੱਸ ਇਹੀ ਕੋਈ ਪੰਜ-ਸੱਤ ਸਾਲ ਬੀਤੇ ਹੋਣਗੇ। ਅੱਜ-ਕੱਲ੍ਹ ਵੀ ਲੋਕ ਬਾਰਾਤ ਵਿੱਚੋਂ ਰੋਟੀ ਖਾਣ ਸਾਰ ਜਾਂ ਫਿਰ ਪਹਿਲਾਂ ਹੀ ਚਲੇ ਜਾਂਦੇ ਹਨ, ਵਧਾਈ ਲੈਣ ਨਹੀਂ, ਉਹਨਾਂ ਕੋਲ ਜ਼ਿਆਦਾ ਵਕਤ ਨਹੀਂ ਹੁੰਦਾ। ਜਿਵੇਂ ਮਸ਼ੀਨ, ਸਿਰਫ ਚੱਲਦੀ ਹੈ, ਨਾ ਉਹ ਹੱਸਦੀ, ਨਾ ਉਹ ਖੇਡਦੀ ਹੈ, ਨਾ ਉਹ ਰੋਂਦੀ ਹੈ, ਨਾ ਉਸਨੂੰ ਕਿਸੇ ਨਾਲ ਕੋਈ ਲਗਾਅ ਹੁੰਦਾ ਹੈ।
ਇਹੀ ਹਾਲ ਅੱਜ ਦੇ ਇਨਸਾਨ ਦਾ ਹੈ। ਸਾਰਾ ਦਿਨ ਜਰਬਾਂ ਤਕਸੀਮਾਂ ਕਰਦਾ ਰਹਿੰਦਾ ਹੈ
ਬਠਿੰਡਾ ਮੋ. 99889-95533
ਜਗਸੀਰ ਸਿੰਘ ਤਾਜ਼ੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.