ਹੁਣ ਤੁਸੀਂ ਕਿੱਥੇ ਓਂ ਮਾਸਟਰ ਜੀ!

0
1577

ਹੁਣ ਤੁਸੀਂ ਕਿੱਥੇ ਓਂ ਮਾਸਟਰ ਜੀ!

ਮਨੁੱਖੀ ਜਿੰਦਗੀ ਅੱਜ ਇੱਕ ਅਣਕਿਆਸੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸਭ ਕੋਲ ਵਿਹਲ ਹੈ।ਵੀਰਾਨ ਸੜਕਾਂ ’ਤੇ ਸਾਈਰਨ ਵਾਲੀਆਂ ਗੱਡੀਆਂ ਹਨ, ਟੀਵੀ ਸਕਰੀਨ ’ਤੇ ਵਧਦੇ ਅੰਕੜਿਆਂ ਦਾ ਗ੍ਰਾਫ ਹੈ।ਹਰ ਫੋਨ ਕਾਲ ਇਸ ਭਿਆਨਕ ਲਾਗ ਤੋਂ ਬਚਾਅ ਦੇ ਕੁਝ ਉਪਾਅ ਦੱਸ ਜਾਂਦੀ ਹੈ। ਇੰਜ ਲਗਦੈ ਜਿਵੇਂ ਕੋਈ ਨਕਾਬਪੋਸ਼ ਪ੍ਰਜਾਤੀ ਕਿਸੇ ਹੋਰ ਗ੍ਰਹਿ ਤੋਂ ਧਰਤੀ ਤੇ ਆਬਾਦ ਹੋਣ ਲਈ ਆਈ ਹੋਵੇ। ਇੱਕ ਦੁਸ਼ਮਨ ਬੇਲਗਾਮ ਘੁੰਮ ਰਿਹਾ ਹੈ ਪਰ ਦਿਖਾਈ ਨਹੀਂ ਦਿੰਦਾ।

ਨੀਲੇ ਅਸਮਾਨ ਵਿੱਚ ਉੱਡਦੇ ਪਰਿੰਦੇ ਇੱਕ ਉਮੀਦ ਨੂੰ ਹਲੂਣਾ ਦਿੰਦੇ ਹਨ।ਇੱਕ ਪਾਸੇ ਜ਼ਾਇਕਿਆਂ ਦੀ ਖੁਸ਼ਬੂ ਅਤੇ ਦੂਜੇ ਪਾਸੇ ਬੇਵਤਨਗੀ ਨੂੰ ਭੁੱਖ ਦੀ ਮਾਰ। ਆਖਰ ਜ਼ਿੰਦਗੀ ਕਦੋਂ ਅਤੇ ਕਿਵੇਂ ਪਹਿਲਾਂ ਵਾਂਗ ਹੋਵੇਗੀ, ਪ੍ਰਸ਼ਨ ਦਾ ਜਵਾਬ ੳਡੀਕਦਿਆਂ ਚੇਤਿਆਂ ਵਿੱਚ ਸਮਾਈ ਇੱਕ ਯਾਦ ਉੱਭਰ ਆਉਂਦੀ ਹੈ ਜਦੋਂ ਮੈਂ ਹਾਈ ਸਕੂਲ ਦੀ ਵਿਦਿਆਰਥਣ ਸਾਂ।ਸਕੂਲ ਦੇ ਇੱਕ ਵੱਡੇ ਹਾਲ ਕਮਰੇ ਨੂੰ ਵਿਚਕਾਰ ਅਲਮਾਰੀਆਂ ਲਗਾ ਕੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ।

ਅਲਮਾਰੀਆਂ ਨਾਲ ਬਣੀ ਇਸ ਅਸਥਾਈ ਕੰਧ ਵਿਚਕਾਰ ਥੋੜ੍ਹਾ ਜਿਹਾ ਇੱਧਰ ਉੱਧਰ ਜਾਣ ਲਈ ਰਸਤਾ ਰੱਖਿਆ ਹੋਇਆ ਸੀ। ਇਨ੍ਹਾਂ ਵਿੱਚੋਂ ਇੱਕ ਵਿਗਿਆਨ ਪ੍ਰਯੋਗਸ਼ਾਲਾ ਸੀ ਜਿੱਥੇ ਸਾਡੀ ਜਮਾਤ ਦਾ ਪੀਰੀਅਡ ਲੱਗਾ ਹੋਇਆ ਸੀ ਅਤੇ ਦੂਜੇ ਪਾਸੇ ਨੌਵੀਂ ਜਮਾਤ ਦਾ ਪੀਰੀਅਡ ਸੀ।ਮਾਸਟਰ ਜੀ ਸਾਨੂੰ ਹਾਈਡ੍ਰੋਜਨ ਗੈਸ ਤਿਆਰ ਕਰਕੇ ਦਿਖਾ ਰਹੇ ਸਨ। ਉਪਕਰਨ ਸੈੱਟ ਕਰਨ ਤੋਂ ਬਾਅਦ ਮਾਸਟਰ ਜੀ ਨੂੰ ਕਿਸੇ ਜ਼ਰੂਰੀ ਕੰਮ ਲਈ ਪ੍ਰਯੋਗਸ਼ਾਲਾ ਤੋਂ ਬਾਹਰ ਜਾਣਾ ਪੈ ਗਿਆ ਅਤੇ ਉਹ ਸਾਨੂੰ ਪ੍ਰਯੋਗ ਨਾਲ ਕਿਸੇ ਤਰ੍ਹਾਂ ਦੀ ਛੇੜ ਛਾੜ ਨਾ ਕਰਨ ਦੀ ਸਖਤ ਹਦਾਇਤ ਦੇ ਗਏ।

ਸ਼ਰਾਰਤੀ ਬਾਲ ਮਨ ਨਸੀਹਤਾਂ ਦੀ ਪ੍ਰਵਾਹ ਕਦੋਂ ਕਰਦਾ ਹੈ? ਸਾਰੇ ਬੱਚਿਆਂ ਦੇ ਦਿਮਾਗ ਵਿੱਚ ਇੱਕੋ ਹੀ ਸਵਾਲ ਸੀ ਕਿ ਜੇ ਗੈਸ ਜਾਰ ਵਿੱਚ ਗੈਸ ਬਣੀ ਹੁੰਦੀ ਤਾਂ ਦਿਖਾਈ ਦੇਣੀ ਸੀ।ਇਹ ਤਾਂ ਪਹਿਲਾਂ ਦੀ ਤਰ੍ਹਾਂ ਹੀ ਖਾਲੀ ਹੀ ਲੱਗਦਾ ਸੀ ਅਤੇ ਉਂਜ ਵੀ ਉਸ ਸਮੇਂ ਅਣੂਆਂ ਪ੍ਰਮਾਣੂਆਂ ਦੀ ਸੂਖਮ ਦੁਨੀਆਂ ਸਿਰਫ ਕਿਤਾਬਾਂ ਦੀਆਂ ਹੱਦਬੰਦੀਆਂ ਤੱਕ ਹੀ ਸੀਮਿਤ ਲੱਗਦੀ ਸੀ। ਸਿੱਟੇ ਦੇ ਸੰਭਾਵੀ ਖਤਰੇ ਤੋਂ ਅਣਜਾਣ ਇਸ ਦੀ ਪਰਖ ਕਰਨ ਲਈ ਮੈਂ ਇੱਕ ਸੁਲਘਦੀ ਤੀਲੀ ਇਸ ਦੇ ਨੇੜੇ ਕਰ ਦਿੱਤੀ।ਗੈਸ ਜਾਰ ਧਮਾਕੇ ਨਾਲ ਟੁੱਟ ਗਿਆ।ਪ੍ਰਯੋਗਸ਼ਾਲਾ ਦੀਆਂ ਦੀਆਂ ਖਿੜਕੀਆਂ ਅਤੇ ਦਰਵਾਜੇ ਖੜਕਣ ਲੱਗ ਪਏ। ਕੁੱਝ ਵਿਦਿਆਰਥੀ ਦਰਵਾਜੇ ਰਾਹੀਂ ਬਾਹਰ ਨਿੱਕਲ ਗਏ ਅਤੇ ਕਈਆਂ ਨੇ ਲਾਗਵਂੇ ਕਮਰੇ ਵਿੱਚ ਬਣੇ ਝਰੋਖੇ ਰਾਹੀਂ ਬਾਹਰ ਨਿੱਕਲਣਾ ਚਾਹਿਆ। ਪਰ ਨੌਵੀਂ ਜਮਾਤ ਵਿੱਚ ਸੁੱਖੇ ਨਾਮੀ ਇੱਕ ਲੜਕੇ ਨੇ ਅੱਗੇ ਮੇਜ਼ ਲਗਾ ਕੇ ਰਸਤਾ ਬੰਦ ਕਰ ਦਿੱਤਾ।

ਇਸ ਭਿਆਨਕ ਕਾਰਨਾਮੇ ਲਈ ਸਜ਼ਾ ਮਿਲਣੀ ਤਾਂ ਤੈਅ ਸੀ।ਦੋਸ਼ੀਆਂ ਦੀ ਸੂਚੀ ਵਿੱਚ ਮੇਰਾ ਨਾਂਅ ਸਭ ਤੋਂ ਉਪਰ ਸੀ।ਆਖਰ ਸਾਨੂੰ ਦਫਤਰ ਵਿੱਚ ਪੇਸ਼ ਹੋਣ ਲਈ ਬੁਲਾਵਾ ਅਇਆ।ਵੱਖ-2 ਅਧਿਆਪਕਾਂ ਵੱਲੋਂ ਡਾਂਟ ਪਈ ਅਤੇ ਝਿੜਕਾਂ ਮਿਲੀਆਂ। ਭਦੌੜ ਵਾਲੇ ਸਾਗਰ ਮਾਸਟਰ ਜੀ ਨੇ ਬੜੇ ਪਿਆਰ ਭਰੇ ਲਹਿਜੇ ਵਿੱਚ ਮੇਰੇ ਕੋਲੋਂ ਇਸ ਦਾ ਕਾਰਨ ਜਾਣਨਾ ਚਾਹਿਆ ਕਿ ਮੈਂ ਆਖਰ ਅਜਿਹਾ ਕਿਉਂ ਕੀਤਾ? ਮੇਰਾ ਜਵਾਬ ਸਪਸ਼ਟ ਸੀ ਕਿ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਗੈਸ ਜਾਰ ਵਿੱਚ ਗੈਸ ਹੋ ਸਕਦੀ ਹੈ।ਉਨ੍ਹਾਂ ਦਾ ਦੂਜਾ ਸਵਾਲ ਸੁੱਖੇ ਲਈ ਸੀ ਕਿ ਉਸ ਨੇ ਮੇਜ਼ ਲਗਾ ਕੇ ਰਸਤਾ ਕਿਉਂ ਰੋਕ ਦਿੱਤਾ? ਸੁੱਖਾ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ।

ਆਖਰ ਵਿੱਚ ਮਾਸਟਰ ਜੀ ਨੇ ਜੋ ਸਮਝਾਇਆ ਉਸ ਦੀ ਸਾਰਥਿਕਤਾ ਅੱਜ ਵੀ ਓਨੀ ਹੀ ਜਾਪਦੀ ਹੈ ਜਿੰਨੀ ਕਈ ਦਹਾਕੇ ਪਹਿਲਾਂ ਸੀ।ਉਨ੍ਹਾਂ ਦੱਸਿਆ ਕਿ ਅਸੀਂ ਇੱਕ ਸੂਖਮ ਸੰਸਾਰ ਵਿੱਚ ਵੀ ਵਿਚਰ ਰਹੇ ਹਾਂ ਜੋ ਮਨੁੱਖੀ ਅੱਖ ਲਈ ਤਾਂ ਦਿ੍ਰਸ਼ਟੀਗੋਚਰ ਨਹੀਂ ਹੈ, ਪਰ ਵਿਗਿਆਨ ਉਸ ਦੇ ਸਾਰੇ ਨਿਯਮਾਂ ਤੋਂ ਜਾਣੂ ਹੈ। ਉਸ ਨਾਲ ਦੁਸ਼ਮਨੀ ਜਾਂ ਦੋਸਤੀ ਕਰਨੀ ਮਨੁੱਖ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ। ਹੁਣ ਸੁੱਖੇ ਦੀ ਵਾਰੀ ਸੀ। ਫਿਰ ਉਨ੍ਹਾਂ ਸੁੱਖੇ ਨੂੰ ਡਾਂਟਦੇ ਹੋਏ ਕਿਹਾ ਕਿ ਜਦੋਂ ਮਨੁੱਖੀ ਜਿੰਦਗੀ ਖਤਰੇ ਵਿੱਚ ਹੋਵੇ ਤਾਂ ਕੰਧਾਂ ਕੰਧਾਂ ਨਹੀਂ ਰਹਿਣਿਆਂ ਚਾਹੀਦੀਆਂ, ਸਗੋਂ ਇਨ੍ਹਾਂ ਦੇ ਪੁਲ ਬਣ ਜਾਣੇ ਚਾਹੀਦੇ ਨੇ।

ਮਾਸਟਰ ਜੀ! ਅੱਜ ਇੱਕ ਅਣਦਿੱਖ ਸੰਸਾਰ ਦਾ ਸੂਖਮ ਵਿਸ਼ਾਣੂ ਸਮੁੱਚੇ ਵਿਸ਼ਵ ਲਈ ਖੌਫ ਬਣਿਆ ਹੋਇਆ ਹੈ। ਮਨੁੱਖਤਾ ਨੂੰ ਇੱਕਜੁੱਟ ਹੋ ਕੇ ਇਸ ਨਾਲ ਲੜਨ ਦੀ ਲੋੜ ਹੈ,ਪਰੰਤੂ ਮਜ਼ਹਬਾਂ ਅਤੇ ਕੌਮਾਂ ਦਰਮਿਆਨ ਉਸਰ ਰਹੀਆਂ ਕੰਧਾਂ ਇਸ ਨੂੰ ਖਦੇੜਣ ਲਈ ਅੜਿੱਕਾ ਤਾਂ ਨਹੀਂ ਬਣ ਜਾਣਗੀਆਂ? ਤੁਹਾਡੀਆਂ ਉਨ੍ਹਾਂ ਨਸੀਹਤਾਂ ਦੀ ਅਜੋਕੇ ਸਮੇਂ ਨੂੰ ਬਹੁਤ ਜ਼ਰੂਰਤ ਹੈ।ਹੁਣ ਤੁਸੀਂ ਕਿੱਥੇ ਓਂ ਮਾਸਟਰ ਜੀ!
ਪੁਸ਼ਪਿੰਦਰ ਮੋਰਿੰਡਾ,
ਮੋ: 94170-51627

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.