ਕੀ ਕਿਸਾਨ ਸੰਘਰਸ਼ ਸਥਾਪਿਤ ਕਰੇਗਾ ਕੋਈ ਨਵਾਂ ਸਿਆਸੀ ਮੀਲ ਪੱਥਰ?

0
4

ਕੀ ਕਿਸਾਨ ਸੰਘਰਸ਼ ਸਥਾਪਿਤ ਕਰੇਗਾ ਕੋਈ ਨਵਾਂ ਸਿਆਸੀ ਮੀਲ ਪੱਥਰ?

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੂਬਾ ਪੰਜਾਬ ਦੇ ਕਿਸਾਨਾਂ ਵੱਲੋਂ ਪਹਿਲ-ਕਦਮੀ ਕਰਕੇ ਕੀਤਾ ਗਿਆ ਸੰਘਰਸ਼ ਸਿਰਫ ਕਿਸਾਨਾਂ ਦਾ ਸੰਘਰਸ਼ ਨਾ ਹੋ ਕੇ ਸਾਰੇ ਵਰਗਾਂ ਦਾ ਸੰਘਰਸ਼ ਬਣ ਗਿਆ ਹੈ। ਇਸ ਸੰਘਰਸ਼ ਵਿਚ ਪੰਜਾਬ ਦੇ ਨਾਲ-ਨਾਲ ਦੂਸਰੇ ਸੂਬੇ ਹਰਿਆਣਾ, ਰਾਜਸਥਾਨ, ਮਹਾਂਰਾਸ਼ਟਰ, ਤਾਮਿਲਨਾਡੂ ਆਦਿ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਕਿਸਾਨਾਂ ਸਮੇਤ ਇਸ ਸੰਘਰਸ਼ ਵਿਚ ਆਪਣਾ ਅਹਿਮ ਯੋਗਦਾਨ ਪਾ ਕੇ ਇਸ ਨੂੰ ਰਾਸ਼ਟਰੀ ਸੰਘਰਸ਼ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚੋਂ ਵੀ ਇਸ ਸੰਯੁਕਤ ਕਿਸਾਨ ਸੰਘਰਸ਼ ਨੂੰ ਭਰਵਾਂ ਸਾਥ ਮਿਲ ਰਿਹਾ ਹੈ।

ਕੜਾਕੇ ਦੀ ਸਰਦੀ ਵਿੱਚ ਦਿੱਲੀ ਦੀਆਂ ਸੜਕਾਂ ’ਤੇ ਸ਼ਾਂਤਮਈ ਅਤੇ ਅਨੁਸ਼ਾਸਿਤ ਤਾਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਜਿੱਥੇ ਸਿਜਦਾ ਕਰਨ ਨੂੰ ਦਿਲ ਕਰਦਾ ਹੈ, ਉੱਥੇ ਹੁਣ ਇਸ ਸੰਘਰਸ਼ ਨੇ ਤਿੱਖਾ ਰੂਪ ਅਖਤਿਆਰ ਕਰ ਲਿਆ ਹੈ। ਦਿੱਲੀ ਦੀਆਂ ਸੜਕਾਂ ’ਤੇ ਪਿਛਲੇ 33 ਦਿਨਾਂ ਤੋਂ ਲੱਖਾਂ ਦੀ ਤਦਾਦ ਵਿੱਚ ਬੈਠੇ ਕਿਸਾਨਾਂ ਦੀ ਅਵਾਜ ਮੋਦੀ ਸਰਕਾਰ ਦੇ ਕੰਨ ਤੱਕ ਨਾ ਪਹੁੰਚਣਾ, ਤਾਨਾਸ਼ਾਹੀ ਸਰਕਾਰ ਹੋਣ ਦਾ ਇਸ਼ਾਰਾ ਕਰਦਾ ਹੈ।

ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੇ ਜਿਵੇਂ ਹੀ ਵਿਸ਼ਾਲ ਰੂਪ ਧਾਰਨਾ ਸ਼ੁਰੂ ਕੀਤਾ ਤਾਂ ਜਿਹੜੀਆਂ ਸਿਆਸੀ ਪਾਰਟੀਆਂ ਇਸ ਬਿੱਲ ਦੇ ਹੱਕ ਵਿੱਚ ਸਨ ਉਹਨਾਂ ਨੇ ਵੀ ਆਪਣੇ ਬਿਆਨਾਂ ਤੋਂ ਯੂ-ਟਰਨ ਲੈਂਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ। ਪਰੈਤੂ ਸਮੂਹ ਕਿਸਾਨ ਜਥੇਬੰਦੀਆਂ ਇਸ ਵਕਤ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਮੂੰਹ ਨਹੀਂ ਲਗਾ ਰਹੀਆਂ ਅਤੇ ਕਿਸਾਨ ਆਗੂ ਸਿਆਸੀ ਪਾਰਟੀਆਂ ਨੂੰ ਵਾਰ-ਵਾਰ ਸਾਫ ਤੌਰ ’ਤੇ ਇਹੀ ਅਪੀਲ ਕਰਦੇ ਨਜਰ ਆ ਰਹੇ ਹਨ ਕਿ ਕੋਈ ਵੀ ਸਿਆਸੀ ਆਗੂ ਇਹਨਾਂ ਕਿਸਾਨੀ ਧਰਨਿਆਂ ਦੀ ਸਟੇਜ ਤੋਂ ਬੋਲਣਾ ਤਾਂ ਦੂਰ ਦੀ ਗੱਲ ਸਟੇਜ ’ਤੇ ਆ ਕੇ ਬੈਠ ਵੀ ਨਹੀਂ ਸਕਦਾ ਅਤੇ ਨਾ ਹੀ ਕੋਈ ਸਿਆਸੀ ਆਗੂ ਆਪਣੀ ਪਾਰਟੀ ਦਾ ਝੰਡਾ ਜਾਂ ਬੈਨਰ ਲਾ ਕੇ ਇਸ ਸੰਘਰਸ਼ ਵਿੱਚ ਸ਼ਾਮਿਲ ਹੋ ਸਕਦਾ ਹੈ।

ਉੱਧਰ ਨਗਰ ਪੰਚਾਇਤ ਅਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਅਤੇ ਕਿਸਾਨਾਂ ਦਾ ਦਿੱਲੀ ਵਿਚ ਲੱਗਿਆ ਹੋਇਆ ਮਹਾਂਕੁੰਭ ਵੇਖ ਕੇ ਕਈ ਰਾਜਨੀਤਿਕ ਪਾਰਟੀਆਂ ਦੇ ਆਗੂ ਇਸ ਮੌਕੇ ਦਾ ਫਾਇਦਾ ਲੈਣ ਲਈ ਉਤਾਵਲੇ ਹੋਏ ਫਿਰਦੇ ਹਨ, ਪ੍ਰੰਤੂ ਕਿਸਾਨ ਧਰਨਾਕਾਰੀ ਕਿਸੇ ਵੀ ਸਿਆਸੀ ਆਗੂ ਨੂੰ ਇਸ ਦੇ ਨੇੜੇ-ਤੇੜੇ ਨਹੀਂ ਲੱਗਣ ਦੇ ਰਹੇ ਜੋ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸੂਝ-ਬੂਝ ਦਾ ਨਤੀਜਾ ਹੈ। ਕਿਸਾਨ ਸੰਘਰਸ਼ ਜੋ ਕਿ ਇੱਕ ਇਤਿਹਾਸਕ ਸੰਘਰਸ਼ ਬਣ ਚੁੱਕਿਆ ਹੈ ਅਤੇ ਕਿਸਾਨੀ ਨਾਲ ਸਬੰਧ ਰੱਖਦਾ ਹਰੇਕ ਵਿਅਕਤੀ ਇਸ ਵਿਚ ਆਪਣੀ ਹਾਜਰੀ ਲਵਾਉਣਾ ਜਰੂਰੀ ਸਮਝਦਾ ਹੈ ਤਾਂ ਜੋ ਇਸ ਨਵੇਂ ਸਿਰਜੇ ਜਾ ਰਹੇ ਇਤਿਹਾਸ ਵਿਚ ਉਹਨਾਂ ਦਾ ਵੀ ਨਾਂਅ ਸ਼ਾਮਲ ਹੋ ਸਕੇ ।

ਕਿਸਾਨ ਆਗੂਆਂ ਵੱਲੋਂ ਇਸ ਵੱਡੇ ਸੰਘਰਸ਼ ਨੂੰ ਪੂਰੀ ਸੂਝ-ਬੂਝ ਅਤੇ ਸੁਚੱਜੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ । ਇਸ ਧਰਨੇ ਤੋਂ ਲੋਕਾਂ ਦਾ ਮੰਨਣਾ ਹੈ ਕਿ ਜਿਵੇਂ ਅੰਨਾ ਹਜ਼ਾਰੇ ਵੱਲੋਂ ਚਲਾਏ ਅੰਦੋਲਨ ਵਿਚੋਂ ਇੱਕ ਨਵੀਂ ਕਿਰਨ ਲੋਕਾਂ ਨੂੰ ਦਿਖਾਈ ਦਿੱਤੀ ਸੀ। ਜੋ ਕਿ ਉਸ ਅੰਦੋਲਨ ਵਿਚੋਂ ਨਵੀਂ ਰਾਜਨੀਤਿਕ ਆਮ ਆਦਮੀ ਪਾਰਟੀ ਦਾ ਜਨਮ ਹੋਇਆ। ਕਈ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਉਸੇ ਤਰ੍ਹਾਂ ਇਸ ਕਿਸਾਨੀ ਸੰਘਰਸ਼ ਵਿਚੋਂ ਵੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਦੂਰ ਰੱਖੇ ਜਾਣ ਤੋਂ ਇਹ ਗੱਲ ਝਲਕਦੀ ਹੈ ਕਿ ਇਸ ਸੰਘਰਸ਼ ਵਿਚੋਂ ਵੀ ਇੱਕ ਕਿਸਾਨਾਂ ਦੀ ਨਵੀਂ ਕ੍ਰਾਂਤੀ (ਸਿਆਸੀ ਪਾਰਟੀ) ਪੈਦਾ ਹੋਵੇਗੀ

ਕਿਉਂਕਿ ਇਸ ਸੰਘਰਸ਼ ਵਿਚ ਕਿਸਾਨੀ ਨਾਲ ਸਬੰਧ ਰੱਖਣ ਵਾਲੇ ਨੌਜਵਾਨ, ਬੁੱਧੀਜੀਵੀ, ਲਿਖਾਰੀ, ਸਮਾਜ ਸੇਵਕ, ਗਾਇਕ, ਪੱਤਰਕਾਰ ਅਤੇ ਵਕੀਲ ਜੋ ਕਿ ਸਾਰੇ ਕਿਸਾਨੀ ਪਰਿਵਾਰਾਂ ਵਿਚੋਂ ਹਨ ਅਤੇ ਭਲੀਭਾਂਤ ਜਾਣਦੇ ਹਨ ਕਿ ਜੇਕਰ ਅਸੀਂ ਭਵਿੱਖ ਵਿਚ ਕਿਸਾਨੀ ਹੱਕ ਲੈਣੇ ਹਨ ਤਾਂ ਸਾਨੂੰ ਸੱਤਾ ਵਿਚ ਆਉਣਾ ਹੀ ਹੋਵੇਗਾ ।

ਲੋਕ ਸੱਥਾਂ ਵਿਚ ਇਹ ਆਮ ਚਰਚਾ ਹੈ ਕਿ ਇਸ ਮਹਾਂ ਕਿਸਾਨੀ ਸੰਘਰਸ਼ ’ਚ ਫਤਿਹ ਪਾਉਣ ਤੋਂ ਬਾਅਦ ਇਸ ਵਿਚੋਂ ਵੀ ਇੱਕ ਕਿਸਾਨੀ ਲਹਿਰ ਪੈਦਾ ਹੋਵੇਗੀ ਜੋ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਾਤ ਦਿੰਦੀ ਹੋਈ ਸੱਤਾ ਤੱਕ ਪਹੁੰਚੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਸਮਾਂ ਕਿਸ ਪਾਸੇ ਕਰਵਟ ਲੈਂਦਾ ਹੈ ਅਤੇ ਕਿਹੜੇ-ਕਿਹੜੇ ਕਿਸਾਨੀ ਚਿਹਰੇ ਨਵੇਂ ਆਗੂਆਂ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ!
ਮਮਦੋਟ, ਫਿਰੋਜਪੁਰ
ਮੋ. 94171-65230
ਬਲਦੇਵ ਰਾਜ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.