ਹੌਂਸਲੇ ਤੇ ਪਰਿਵਾਰ ਦੇ ਸਾਥ ਨਾਲ 70 ਸਾਲਾ ਜਸਵੀਰ ਕੌਰ ਨੇ ਘਰ ਰਹਿ ਕੇ ਹੀ ਹਰਾਇਆ ਕੋਰੋਨਾ

0
610

ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ ਦੇ ਬਾਵਜ਼ੂਦ ਕੋਰੋਨਾ ਕੀਤਾ ਚਿੱਤ

ਸੁਖਜੀਤ ਮਾਨ,  ਮਾਨਸਾ। ਕੋਰੋਨਾ ਮਹਾਂਮਾਰੀ ਦੇ ਇਸ ਕਹਿਰ ’ਚ ਰੋਜ਼ਾਨਾ ਹੀ ਅਨੇਕਾਂ ਮੌਤਾਂ ਹੋਣ ਦੇ ਅੰਕੜਿਆਂ ਨੇ ਭਾਵੇਂ ਹੀ ਦਹਿਸ਼ਤ ਫੈਲਾਈ ਹੋਈ ਹੈ ਪਰ ਹਕੀਕਤ ਇਹ ਵੀ ਹੈ ਕਿ ਲੱਖਾਂ ਲੋਕ ਇਸ ਬਿਮਾਰੀ ਨੂੰ ਹੌਂਸਲੇ ਤੇ ਪਰਿਵਾਰ ਦੇ ਸਾਥ ਨਾਲ ਹਰਾਉਣ ’ਚ ਵੀ ਸਫ਼ਲ ਹੋ ਰਹੇ ਹਨ। ਕੋਰੋਨਾ ਨੂੰ ਹਰਾਉਣ ਵਾਲੇ ਲੋਕਾਂ ਤੋਂ ਜੋ ਤਜ਼ਰਬੇ ਸਾਹਮਣੇ ਆਏ ਹਨ। ਉਸ ਮੁਤਾਬਿਕ ਕੋਰੋਨਾ ਦੇ ਨਾਂਅ ਦੀ ਦਹਿਸ਼ਤ ਨੂੰ ਸਿਰਫ ਦਿਮਾਗ ’ਚ ਬਿਠਾ ਕੇ ਡਰਨ ਦੀ ਨਹੀਂ ਸਗੋਂ ਦਿਲ ਤੇ ਦਿਮਾਗ ਨਾਲ ਇਸ ਬਿਮਾਰੀ ਦਾ ਟਾਕਰਾ ਕਰਕੇ ਉਸ ਤੋਂ ਨਿਜਾਤ ਪਾਈ ਜਾ ਸਕਦੀ ਹੈ।

ਮਾਨਸਾ ਵਾਸੀ 70 ਸਾਲਾ ਜਸਵੀਰ ਕੌਰ ਨੇ ਕੋਰੋਨਾ ਪਾਜ਼ਿਟਿਵ ਹੋਣ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਤੱਕ ਦੇ ਤਜ਼ਰਬੇ ਬਾਰੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਿਮਾਰੀ ਭਾਵੇਂ ਕੋਈ ਵੀ ਹੋਵੇ ਉਸ ਤੋਂ ਭੈਅ ਤਾਂ ਹੁੰਦਾ ਹੈ ਪਰ ਇਕੱਲੇ ਭੈਅ ਨੂੰ ਵਧਾ ਕੇ ਬਿਮਾਰੀ ਨੂੰ ਹਰਾਇਆ ਨਹੀਂ ਜਾ ਸਕਦਾ ਸਗੋਂ ਇਸ ਨਾਲ ਤਾਂ ਦਿਮਾਗੀ ਤੌਰ ’ਤੇ ਬਿਮਾਰੀ ’ਚ ਹੋਰ ਵੀ ਵਾਧਾ ਹੋ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ 17 ਅਪਰੈਲ ਨੂੰ ਬੁਖਾਰ ਹੋਣ ਕਰਕੇ ਉਨ੍ਹਾਂ ਆਪਣਾ ਕੋਰੋਨਾ ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ਿਟਿਵ ਆਈ। ਪਾਜ਼ਿਟਿਵ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੇ ਕੋਰੋਨਾ ਤੋਂ ਰਾਹਤ ਲਈ ਪੰਜਾਬ ਸਰਕਾਰ ਦੀ ਮੈਡੀਕਲ ਕਿਟ ‘ਫਤਿਹ ਕਿਟ’ ਸਿਵਲ ਹਸਪਤਾਲ ’ਚੋਂ ਲੈ ਕੇ ਆਪਣੇ ਘਰ ’ਚ ਹੀ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ।

ਉਨ੍ਹਾਂ ਦੱਸਿਆ ਕਿ ਕੋਰੋਨਾ ਮਰੀਜ਼ ਨੂੰ ਕੋਰੋਨਾ ਦੇ ਨਾਲ-ਨਾਲ ਹੋਰ ਬਿਮਾਰੀਆਂ ਹੋਣ ਕਰਕੇ ਭਾਵੇਂ ਇਹ ਸਮਝਿਆ ਜਾਂਦਾ ਹੈ ਕਿ ਛੇਤੀ ਠੀਕ ਹੋਣ ’ਚ ਮੁਸ਼ਕਲ ਆਉਂਦੀ ਹੈ ਪਰ ਉਸਨੇ ਤਾਂ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ ਹੋਣ ਦੇ ਬਾਵਜ਼ੂਦ ਕੋਰੋਨਾ ਨੂੰ ਟੱਕਰ ਦਿੱਤੀ। ਖੁਰਾਕ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਸਾਦੇ ਖਾਣੇ ਨੂੰ ਤਰਜੀਹ ਦਿੰਦੀ ਹੈ ਤੇ ਇਸ ਬਿਮਾਰੀ ਦੌਰਾਨ ਬੁਖਾਰ ਹੋਣ ’ਤੇ ਪਹਿਲੇ ਚਾਰ-ਪੰਜ ਦਿਨ ਤਾਂ ਥੋੜ੍ਹੀ ਘੱਟ ਭੁੱਖ ਲੱਗਦੀ ਸੀ ਪਰ ਬੁਖਾਰ ਠੀਕ ਹੋਣ ’ਤੇ ਉਹ ਆਮ ਦਿਨਾਂ ਦੀ ਤਰ੍ਹਾਂ ਦੁੱਧ, ਚਾਹ, ਕਾਫ਼ੀ ਤੇ ਦਾਲ-ਰੋਟੀ ਲੈਂਦੇ ਰਹੇ।

ਉਨ੍ਹਾਂ ਕੋਰੋਨਾ ਪੀੜਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਪਾਜ਼ਿਟਿਵ ਆ ਹੀ ਗਏ ਹੋ ਤਾਂ ਇਸ ਤੋਂ ਠੀਕ ਹੋਣ ਬਾਰੇ ਸੋਚਣਾ ਹੈ ਨਾ ਕਿ ਸਿਰਫ ਇਸੇ ਗੱਲ ਕਾਰਨ ਡਰਦੇ ਰਹਿਣਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਜੇਕਰ ਦਿਮਾਗ ’ਚ ਸਹੀ ਖਿਆਲਾਤ ਬਣਾ ਕੇ ਰੱਖਾਂਗੇ ਤਾਂ ਇਹ ਖਿਆਲ ਤੇ ਹੌਂਸਲਾ ਛੇਤੀ ਸਿਹਤਯਾਬ ਹੋਣ ’ਚ ਸਹਾਈ ਹੁੰਦੇ ਹਨ।

ਹੌਂਸਲੇ ਤੇ ਸਾਥ ਦਾ ਹੈ ਅਹਿਮ ਰੋਲ : ਮਾਹਲ

ਕੋਰੋਨਾ ਨੂੰ ਹਰਾਉਣ ਵਾਲੀ ਜਸਵੀਰ ਕੌਰ ਦੇ ਪੁੱਤਰ ਸਮਾਜ ਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਦਾ ਕਹਿਣਾ ਹੈ ਕਿ ਬਿਮਾਰੀ ਕੋਈ ਵੀ ਹੋਵੇ ਮਰੀਜ਼ ਖਾਸ ਕਰਕੇ ਬਜ਼ੁਰਗਾਂ ਨੂੰ ਹੌਂਸਲੇ ਤੇ ਸਾਥ ਦੀ ਲੋੜ ਹੁੰਦੀ ਹੈ। ਮਾਹਲ ਮੁਤਾਬਿਕ ਮਰੀਜ਼ ਨੂੰ ਅਜਿਹਾ ਹੌਂਸਲਾ ਦੇਣ ਵੇਲੇ ਮਾਸਕ ਆਦਿ ਜ਼ਰੂਰ ਲਾ ਕੇ ਰੱਖੋ ਤੇ ਬਾਅਦ ’ਚ ਆਪਣੇ-ਆਪ ਨੂੰ ਸੈਨੇਟਾਈਜ਼ ਕਰ ਲਓ ਤੇ ਉਹ ਇਸੇ ਤਰ੍ਹਾਂ ਹੀ ਕਰਦਾ ਰਿਹਾ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਮਾਤਾ ਕੋਰੋਨਾ ਨੂੰ ਹਰਾਉਣ ’ਚ ਸਫਲ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।