ਜ਼ੀਰਕਪੁਰ ਦਾ ਫਲਾਈਓਵਰ ਸਸਤੀ ਮਸ਼ਹੂਰੀ ਕਾਰਨ ਪੈ ਸਕਦੈ ‘ਮਹਿੰਗਾ’

0
34

ਫਲਾਈਓਵਰ ਦੇ ਹੇਠਾਂ ਲੱਗੇ ਪੋਸਟਰਾਂ ਕਾਰਨ ਵਾਪਰ ਸਕਦੇ ਨੇ ਸੜਕ ਹਾਦਸੇ

ਜ਼ੀਰਕਪੁਰ, (ਕੁਲਵੰਤ ਕੋਟਲੀ) ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਵਿੱਚੋਂ ਨਿਕਲਦੇ ਚੰਡੀਗੜ੍ਹ ਦਿੱਲੀ ਕੌਮੀ ਸ਼ਾਹਰਾਹ ‘ਤੇ ਬਣੇ ਫਲਾਈਓਵਰ ਦੇ ਹੇਠਾਂ ਵੱਡੀ ਪੱਧਰ ‘ਤੇ ਵੱਖ-ਵੱਖ ਕੰਪਨੀਆਂ, ਰਾਜਨੀਤਿਕ ਪਾਰਟੀਆਂ ਵੱਲੋਂ ਲਗਾਏ ਜਾ ਰਹੇ ਪੋਸਟਰ ਜਿੱਥੇ ਸੁੰਦਰਤਾ ਨੂੰ ਖਰਾਬ ਕਰ ਰਹੇ ਹਨ, ਉਥੇ ਲੋਕਾਂ ਦਾ ਧਿਆਨ ਇਨ੍ਹਾਂ ਪੋਸਟਰਾਂ ਵੱਲ ਜਾਣ ਕਾਰਨ ਸੜਕ ਹਦਸਿਆਂ ਨੂੰ ਵੀ ਸੱਦਾ ਦੇ ਰਹੇ ਹਨ ਪਿੱਲਰਾਂ ‘ਤੇ ਲੱਗੇ ਪੋਸਟਰ ਕੋਲੋਂ ਦੀ ਲੰਘਣ ਵਾਲੇ ਹਰ ਰਾਹਗੀਰ ਨੂੰ ਤਾਂ ਦਿਖਾਈ ਦੇ ਰਹੇ ਹਨ,

ਪ੍ਰੰਤੂ ਪ੍ਰਸ਼ਾਸਨ ਨੂੰ ਅਜੇ ਦਿਖਾਈ ਨਹੀਂ ਦਿੰਦੇ ਇਸ ਸਬੰਧੀ ਐਡਵੋਕੇਟ ਹਰੀਸ਼ ਕੁਮਾਰ ਛਾਬੜਾ ਵੱਲੋਂ ਮੋਹਾਲੀ ਦੇ ਡਿਪਟੀ ਕਮਿਸ਼ਨਰ, ਐਸ ਐਸ ਪੀ ਅਤੇ ਨਗਰ ਕੌਂਸਲ ਜ਼ੀਰਕਪੁਰ ਨੂੰ ਈਮੇਲ ਰਾਹੀਂ ਦਰਖਾਸਤ ਭੇਜ ਕੇ ਧਿਆਨ ਵਿੱਚ ਲਿਆਂਦਾ ਗਿਆ ਹੈ ਇਸ ਸਬੰਧੀ ਐਡਵੋਕੇਟ ਛਾਬੜਾ ਨੇ ਕਿਹਾ ਕਿ ਕਾਨੂੰਨ ਮੁਤਾਬਕ ਇੱਥੇ ਕਿਸੇ ਤਰ੍ਹਾਂ ਦੇ ਪੋਸਟਰ ਨਹੀਂ ਲਗਾਏ ਜਾ ਸਕਦੇ, ਕਾਨੂੰਨ ਅਨੁਸਾਰ ਹੀ ਉਨ੍ਹਾਂ ‘ਤੇ ਕੇਸ ਦਰਜ ਕੀਤਾ ਜਾਣਾ ਬਣਦਾ ਹੈ ਪ੍ਰੰਤੂ ਪ੍ਰਸ਼ਾਸਨ ਬੇਖਬਰ ਦਿਖਾਈ ਦੇ ਰਿਹਾ ਹੈ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕੀਤਿਆਂ ਨੂੰ ਕਾਫੀ ਦਿਨ ਬੀਤ ਜਾਣ ‘ਤੇ ਵੀ ਅਜੇ ਕੋਈ ਕਾਰਵਾਈ ਨਹੀਂ ਹੋਈ

ਜ਼ਿਕਰਯੋਗ ਹੈ ਕਿ ਜ਼ੀਰਕਪੁਰ ਅੰਦਰ ਅੰਬਾਲਾ ਚੰਡੀਗੜ੍ਹ ਰੋਡ ‘ਤੇ ਕਰੀਬ 3 ਕਿਲੋਮੀਟਰ ਲੰਬਾ ਫਲਾਈਓਵਰ ਬਣਿਆ ਹੋਇਆ ਹੈ ਜਿਸ ਦੇ ਪਿੱਲਰਾਂ ਨੂੰ ਪੋਸਟਰ ਲਗਾ ਕੇ ਗੰਦਾ ਕੀਤਾ ਜਾ ਰਿਹਾ ਹੈ ਇਸ ‘ਤੇ ਭਾਵੇਂ ਪੋਸਟਰ ਨਾ ਲਗਾਉਣ ਦੀ ਚੇਤਾਵਨੀ ਤਾਂ ਲਿਖੀ ਗਈ ਹੈ, ਪਰ ਮਸ਼ਹੂਰੀ ਕਰਨ ਵਾਲਿਆਂ ਨੂੰ ਦਿਖਾਈ ਨਹੀਂ ਦਿੰਦੀ ਇਸ ਫਲਾਈਓਵਰ ਦੇ ਹੇਠਾਂ ਸਫਾਈ ਕਰਨ ਅਤੇ ਸੁੰਦਰ ਬਣਾਉਣ ਸਬੰਧੀ ਕਈ ਵਾਰ ਰਾਜਨੀਤੀ ਵੀ ਖੇਡੀ ਜਾ ਚੁੱਕੀ ਹੈ ਅਤੇ ਇਹ ਪਿੱਲਰ ਸਭ ਤੋਂ ਸਸਤੀ ਸੋਹਰਤ ਹਾਸਲ ਕਰਨ ਦਾ ਇੱਕ ਜਰੀਆ ਬਣ ਚੁੱਕਿਆ ਹੈ

ਇਸ ਸਬੰਧੀ ਜਦੋਂ ਰੋਡ ਦਾ ਰੱਖ ਰਖਾਵ ਕਰਨ ਵਾਲੀ ਜੀਐਮਆਰ ਕੰਪਨੀ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਈ ਵਾਰ ਪੋਸਟਰਾਂ ਨੂੰ ਹਟਾਇਆ ਗਿਆ ਪਰ ਫਿਰ ਦੁਬਾਰਾ ਤੋਂ ਪੋਸਟਰ ਪਿੱਲਰਾਂ ਉਤੇ ਲਗਾ ਦਿੱਤੇ ਜਾਂਦੇ ਹਨ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਤਾਂ ਨਗਰ ਕੌਂਸਲ ਨੇ ਕਰਨੀ ਹੁੰਦੀ ਹੈ ਇਸ ਸਬੰਧੀ ਜਦੋਂ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜ ਸਾਧਕ ਅਫਸਰ ਸੰਦੀਪ ਤਿਵਾੜੀ ਨਾਲ ਫੋਨ ਉਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.